ETV Bharat / state

Khanna Death News: ਦੋਰਾਹਾ 'ਚ 2 ਮੌਤਾਂ ਮਗਰੋਂ ਹਰਕਤ 'ਚ ਆਇਆ ਪ੍ਰਸ਼ਾਸਨ ਤੇ SDM ਨੇ ਬਿਠਾਈ ਜਾਂਚ, ਅਸੁਰੱਖਿਅਤ ਇਲਾਕੇ ਨੂੰ ਕੀਤਾ ਸੀਲ

author img

By ETV Bharat Punjabi Team

Published : Oct 13, 2023, 8:56 AM IST

ਖੰਨਾ ਦੇ ਦੋਰਾਹੇ 'ਚ ਕਿਰਾਏ ਦੇ ਘਰ 'ਚ ਰਹਿ ਰਹੇ ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ ਤੇ ਭਤੀਜੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਤੇ ਘਟਨਾ ਦੀ ਜਾਂਚ ਦੇ ਨਾਲ-ਨਾਲ ਅਸੁਰੱਖਿਅਤ ਇਲਾਕੇ ਨੂੰ ਸੀਲ ਕੀਤਾ ਗਿਆ। (Khanna Death News)

Khanna Death News
Khanna Death News

SDM ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ

ਲੁਧਿਆਣਾ/ਖੰਨਾ: ਦੋਰਾਹਾ ਵਿਖੇ ਵਾਪਰੀ ਦੁਖਦਾਇਕ ਘਟਨਾ 'ਚ 2 ਮੌਤਾਂ ਮਗਰੋਂ ਪ੍ਰਸ਼ਾਸਨ ਹਰਕਤ 'ਚ ਆਇਆ। ਕਾਫੀ ਸਮੇਂ ਤੋਂ ਖਸਤਾ ਹਾਲਤ ਕੁਆਟਰਾਂ ਦੇ ਇਲਾਕੇ ਦਾ ਅੱਜ ਤੱਕ ਮੁਆਇਨਾ ਨਹੀਂ ਕੀਤਾ ਗਿਆ ਸੀ ਪਰ ਘਟਨਾ ਉਪਰੰਤ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤਾਂ ਹੁਣ ਇਸ ਘਟਨਾ ਦੀ ਜਾਂਚ ਦੇ ਨਾਲ-ਨਾਲ ਅਸੁਰੱਖਿਅਤ ਇਲਾਕੇ ਨੂੰ ਸੀਲ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ 'ਚ ਵੀ ਅਸੁਰੱਖਿਅਤ ਬਿਲਡਿੰਗਾਂ ਦੀ ਸੂਚੀ ਮੰਗ ਲਈ ਗਈ ਹੈ। (Khanna Death News)

ਹਾਦਸੇ 'ਚ ਦੋ ਜਣਿਆਂ ਦੀ ਗਈ ਜਾਨ: ਇਸ ਮੌਕੇ ਦਾ ਮੁਆਇਨਾ ਕਰਨ ਪੁੱਜੀ ਹਲਕਾ ਪਾਇਲ ਦੀ ਐੱਸਡੀਐੱਮ ਹਰਲੀਨ ਕੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੋਈ ਹੈ। ਇਸ ਵਿੱਚ ਇੱਕ ਨੌਜਵਾਨ ਅਤੇ ਉਸਦੀ ਭਤੀਜੀ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਤੇ ਪੁਲਿਸ ਪ੍ਰਸ਼ਾਸਨ ਦੋਵੇਂ ਜਾਂਚ ਕਰ ਰਹੇ ਹਨ। ਕੁਆਰਟਰ ਮਾਲਕਾਂ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਉਹਨਾਂ ਦੇ ਕੁਆਰਟਰ ਅਸੁਰੱਖਿਅਤ ਹਨ।

ਜਾਂਚ ਲਈ ਬਣਾ ਦਿੱਤੀ ਕਮੇਟੀ: ਇਸ ਮੌਕੇ ਐੱਸਡੀਐੱਮ ਹਰਲੀਨ ਕੌਰ ਨੇ ਕਿਹਾ ਕਿ ਉਹ ਮਹਿਕਮੇ ਵੱਲੋਂ ਵੀ ਰਿਪੋਰਟ ਮੰਗਵਾ ਰਹੇ ਹਨ। ਤਹਿਸੀਲਦਾਰ ਅਤੇ ਨਗਰ ਕੌਂਸਲ ਅਧਿਕਾਰੀ ਆਪਣੇ ਵੱਲੋਂ ਰਿਪੋਰਟ ਦੇਣਗੇ। ਜਿੱਥੋਂ ਤੱਕ ਕੁਆਰਟਰ ਮਾਲਕ ਦਾ ਸਵਾਲ ਹੈ, ਉਸ ਸਬੰਧੀ ਦੋਰਾਹਾ ਥਾਣਾ ਮੁਖੀ ਨੇ ਦੱਸਿਆ ਹੈ ਕਿ ਕੁਆਰਟਰ ਮਾਲਕ ਪੁਲਿਸ ਦੀ ਹਿਰਾਸਤ 'ਚ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਿਯਮਾਂ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ।

ਖਸਤਾ ਹਾਲਤ ਬਿਲਡਿੰਗਾਂ ਦੀ ਭਾਲ ਸ਼ੁਰੂ: ਇਸੇ ਤਰ੍ਹਾਂ ਜੋ ਨਗਰ ਕੌਂਸਲ ਦੀ ਹੱਦ ਦਾ ਸਵਾਲ ਹੈ, ਉਹਨਾਂ ਕੋਲੋਂ ਅੱਜ ਹੀ ਰਿਪੋਰਟ ਲਈ ਜਾਵੇਗੀ ਕਿ ਹੋਰ ਸ਼ਹਿਰ ਅੰਦਰ ਕਿੱਥੇ-ਕਿੱਥੇ ਅਸੁਰੱਖਿਅਤ ਬਿਲਡਿੰਗਾਂ ਹਨ। ਇਹਨਾਂ ਦਾ ਸਰਵੇ ਕਰਾਇਆ ਜਾਵੇਗਾ। ਜੇਕਰ ਕਿਸੇ ਬਿਲਡਿੰਗ ਅੰਦਰ ਕੋਈ ਰਹਿੰਦਾ ਹੋਵੇਗਾ ਤਾਂ ਉਸ ਨੂੰ ਕਿਤੇ ਹੋਰ ਠਹਿਰਨ ਲਈ ਕਿਹਾ ਜਾਵੇਗਾ। ਅਸੁਰੱਖਿਅਤ ਬਿਲਡਿੰਗਾਂ ਸੀਲ ਕੀਤੀਆਂ ਜਾਣਗੀਆਂ। ਪਰਿਵਾਰ ਨੂੰ ਮਦਦ ਦੇ ਸਵਾਲ ਉਪਰ ਐੱਸਡੀਐੱਮ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਦੇ ਮਾਮਲੇ 'ਚ ਸਰਕਾਰ ਦੀ ਪਾਲਿਸੀ ਹੈ। ਉਸ ਪਾਲਿਸੀ ਮੁਤਾਬਕ ਕੇਸ ਬਣਾਇਆ ਜਾਵੇਗਾ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਮਦਦ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਦੁਖਦਾਇਕ ਘਟਨਾ 'ਚ ਖਸਤਾ ਹਾਲਤ ਕੁਆਟਰ ਦੀ ਛੱਤ ਡਿੱਗਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਸੀ। ਜਿਸ 'ਚ ਜ਼ਖ਼ਮੀਆਂ ਦਾ ਇਲਾਜ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.