ETV Bharat / state

ਆਪ ਵਿਧਾਇਕ ਵਲੋਂ ਆਪੇ ਹੀ ਛਾਪਾ ਤੇ ਐਕਸ਼ਨ ! ਨਸ਼ਾ ਕਰਦੇ ਨੌਜਵਾਨ ਦੇ ਜੜਿਆ ਥੱਪੜ, ਭਾਜਪਾ ਨੇਤਾ ਨੇ ਕੀਤੀ ਨਿੰਦਾ

author img

By ETV Bharat Punjabi Team

Published : Dec 14, 2023, 11:01 AM IST

Updated : Dec 14, 2023, 12:25 PM IST

ਲੁਧਿਆਣਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਨਸ਼ਾ ਕਰ ਰਹੇ ਨੌਜਵਾਨ ਦੇ ਥੱਪੜ ਜੜ ਦਿੱਤਾ। ਵਿਧਾਇਕ ਕੁਲਵੰਤ ਸਿੱਧੂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਨਜ਼ਰ ਆਏ, ਜਦਕਿ ਸੀਐਮ ਭਗਵੰਤ ਮਾਨ ਕਹਿ ਰਹੇ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁੜ ਵਸੇਬੇ ਦੀ ਲੋੜ ਹੈ। ਉੱਥੇ ਹੀ, ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਇਸ ਮਾਮਲੇ ਉੱਤੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਸ ਤੋਂ ਉਲਟਾ ਕਰਦੀ ਹੈ।

AAP MLA Kulwant SIngh Sidhu Slap To Boy
AAP MLA Kulwant SIngh Sidhu Slap To Boy

ਆਪ ਵਿਧਾਇਕ ਨੇ ਨਸ਼ਾ ਕਰਦੇ ਨੌਜਵਾਨ ਦੇ ਜੜਿਆ ਥੱਪੜ, ਵੀਡੀਓ ਵਾਇਰਲ

ਲੁਧਿਆਣਾ: ਆਮ ਆਦਮੀ ਪਾਰਟੀ ਦੇ ਆਤਮ ਨਗਰ ਤੋਂ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਕ ਨੌਜਵਾਨ ਨੂੰ ਥੱਪੜ ਜੜ ਰਹੇ ਹਨ। ਕਥਿਤ ਤੌਰ ਉੱਤੇ ਨੌਜਵਾਨ 'ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਦੀ ਟੀਮ ਵੀ ਐਮਐਲਏ ਦੇ ਨਾਲ ਮੌਜੂਦ ਸੀ, ਪਰ ਨੌਜਵਾਨ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਕੈਮਰੇ ਅੱਗੇ ਤੈਸ਼ 'ਚ ਆਏ ਵਿਧਾਇਕ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ, ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਤੱਕ ਨਹੀਂ ਮਿਲਿਆ।

ਹਾਲਾਂਕਿ, ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਸਟੇਜਾਂ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਹਨ ਅਤੇ ਨੌਜਵਾਨਾਂ ਦੇ ਮੁੜ ਵਸੇਵੇ ਦੀਆਂ ਗੱਲਾਂ ਕਰ ਰਹੇ ਹਨ, ਪਰ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਨੌਜਵਾਨਾਂ ਦੇ ਥੱਪੜ ਮਾਰਦੇ ਹੋਏ ਵਿਖਾਈ ਦੇ ਰਹੇ ਹਨ।

ਇਲਾਕ ਵਿੱਚ ਪਹੁੰਚੇ ਸੀ ਵਿਧਾਇਕ: ਆਮ ਆਦਮੀ ਪਾਰਟੀ ਦੇ ਲੁਧਿਆਣਾ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਲਾਕੇ ਦੇ ਵਾਰਡ 40 ਦੇ ਖਾਲੀ ਪਲਾਟ 'ਚ ਤਿੰਨ ਨੌਜਵਾਨ ਕਥਿਤ ਤੌਰ ਤੇ ਨਸ਼ਾ ਕਰ ਰਹੇ ਸਨ। ਵਿਧਾਇਕ ਸਾਹਿਬ ਜਦੋਂ ਆਪਣੇ ਕਾਫਲੇ ਨਾਲ ਆਏ ਤਾਂ ਦੇਖ ਕੇ ਹੀ ਭੜਕ ਗਏ, ਪਰ ਇਨ੍ਹਾਂ 'ਚੋਂ ਇਕ ਨੌਜਵਾਨ ਮੌਕੇ 'ਤੇ ਹੀ ਫੜਿਆ ਗਿਆ, ਜਿਸ ਕਾਰਨ ਵਿਧਾਇਕ ਨੇ ਗੁੱਸੇ 'ਚ ਆ ਕੇ ਉਸ ਨੂੰ ਥੱਪੜ ਮਾਰ ਦਿੱਤਾ।

ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਦੀ ਪ੍ਰਤੀਕਿਰਿਆ

ਆਪ ਜੋ ਕਹਿੰਦੀ, ਉਸ ਤੋਂ ਉਲਟਾ ਹੀ ਕਰਦੀ: ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਨੌਜਵਾਨ ਨੂੰ ਥੱਪੜ ਮਾਰਨ ਉੱਤੇ ਸਖ਼ਤ ਨਿੰਦਾ ਕੀਤੀ ਹੈ। ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਸ ਤੋਂ ਉਲਟਾ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪ ਵਾਲਿਆਂ ਕੋਲੋਂ ਹੁਣ ਹਰ ਵਰਗ ਦੇ ਲੋਕ ਸਵਾਲ ਦੇ ਜਵਾਬ ਮੰਗ ਰਹੇ ਹਨ, ਪਰ ਇਨ੍ਹਾਂ ਕੋਲ ਜਵਾਬ ਨਹੀਂ ਤਾਂ ਐਗ੍ਰੇਸਿਵ ਹੋ ਕੇ ਇਹੋ ਜਿਹਾ ਵਿਵਹਾਰ ਕਰ ਰਹੇ ਹਨ।

ਕੀ ਹੈ ਪੂਰਾ ਮਾਮਲਾ: ਇਸ ਦੌਰਾਨ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਨਸ਼ਾਖੋਰੀ ਨੂੰ ਬਰਦਾਸ਼ਤ ਨਹੀਂ ਕਰਨਗੇ। ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਵਿਧਾਇਕ ਨੇ ਪੁਲਿਸ ਨੂੰ ਇਲਾਕੇ 'ਚ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਪਰ ਪੁਲਿਸ ਵਿਧਾਇਕ ਦੇ ਹੁਕਮਾਂ ਦੀ ਪਾਲਣਾ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ। ਪਰ, ਇੱਥੇ ਕਾਬਿਲੇ ਗੌਰ ਹੈ ਕਿ ਵਿਧਾਇਕ ਸਾਹਿਬ ਖੁਦ ਹੀ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਹੋਏ ਵਿਖਾਈ ਦੇ ਰਹੇ ਹਨ। ਹਾਲਾਂਕਿ ਨੌਜਵਾਨ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਵਿਧਾਇਕ ਸਾਹਿਬ ਨੇ ਉਸ ਦੇ ਥੱਪੜ ਜੜ ਦਿੱਤਾ। ਉਨ੍ਹਾਂ ਦੀ ਟੀਮ ਦੀ ਉਸ ਨੂੰ ਨਸ਼ੇ ਕਰਨ ਦਾ ਆਦੀ ਦੱਸ ਰਹੀ ਹੈ। ਨੌਜਵਾਨ ਨੂੰ ਬਾਅਦ ਵਿੱਚ ਪੁਲਿਸ ਆਪਣੇ ਨਾਲ ਲੈ ਗਈ।

Last Updated : Dec 14, 2023, 12:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.