ETV Bharat / state

ਸਰਕਾਰਾਂ ਤੋਂ ਨਾਖੁਸ਼ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨਾਲ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ

author img

By

Published : Aug 15, 2023, 4:29 PM IST

ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ ਸਰਕਾਰਾਂ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਗਦਰੀ ਬਾਬਿਆਂ ਨੂੰ ਭੁਲਾ ਦਿੱਤਾ ਗਿਆ ਹੈ ਤੇ ਹੁਣ ਤੱਕ ਕੋਈ ਵੀ ਸਾਰ ਨਹੀਂ ਲਈ ਗਈ।

ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ
ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ

ਸਰਕਾਰਾਂ ਤੋਂ ਨਾਖੁਸ਼ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨਾਲ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ

ਕਪੂਰਥਲਾ: ਦੇਸ਼ ਨੂੰ ਆਜ਼ਾਦ ਹੋਇਆ 76 ਸਾਲ ਬੀਤ ਚੁੱਕੇ ਹਨ। ਹਰ ਸਾਲ ਆਜ਼ਾਦੀ ਦਿਹਾੜੇ 'ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦੇ ਗਦਰੀ ਲਹਿਰ 'ਚ ਕਈ ਸ਼ਹੀਦ ਹੋਏ ਹਨ।

ਕਈ ਸਾਲਾਂ ਤੱਕ ਕੱਟੀ ਜੇਲ੍ਹ: ਗਦਰੀ ਲਹਿਰ ਵਿੱਚ ਜਿਨ੍ਹਾਂ ਨੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਹੈ। ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਨਾਲ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਦੀ ਅੰਗਰੇਜ਼ ਸਰਕਾਰ ਨੇ ਜਾਇਦਾਦ ਜ਼ਬਤ ਕਰ ਲਈ ਸੀ, ਜਿਸ ਦੀ ਬਹਾਲੀ ਲਈ ਪਰਿਵਾਰ ਅੱਜ ਵੀ ਸਰਕਾਰਾਂ ਤੋਂ ਉਡੀਕ ਕਰ ਰਿਹਾ ਹੈ। ਬਾਬਾ ਹਰਨਾਮ ਸਿੰਘ ਨੂੰ 20 ਸਾਲ, 8 ਮਹੀਨੇ ਅਤੇ 17 ਦਿਨ ਦੀ ਕੈਦ ਹੋਈ ਸੀ।

ਅੰਗਰੇਜਾਂ ਨੇ ਜ਼ਮੀਨ ਕੀਤੀ ਸੀ ਨਿਲਾਮ: ਗਦਰੀ ਬਾਬਾ ਹਰਨਾਮ ਸਿੰਘ ਦੇ ਪੋਤਰੇ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਨੂੰ ਬਰਤਾਨਵੀ ਸਰਕਾਰ ਨੇ ਨਿਲਾਮ ਕਰ ਦਿੱਤਾ ਸੀ ਪਰ ਆਜ਼ਾਦੀ ਦੇ 76 ਸਾਲ ਬਾਅਦ ਵੀ ਉਨ੍ਹਾਂ ਨੂੰ ਆਪਣੀ ਜ਼ਮੀਨ ਵਾਪਿਸ ਨਹੀਂ ਮਿਲ ਸਕੀ। ਉਨ੍ਹਾਂ ਨੇ ਕਾਫੀ ਸਮਾਂ ਅਦਾਲਤਾਂ ਦੇ ਚੱਕਰ ਕੱਟ ਕੇ ਜਾਇਦਾਦ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸਭੱਜ ਦੌੜ ਦਾ ਕੋਈ ਹੱਲ ਨਹੀਂ ਨਿਕਲਿਆ।

ਨਹੀਂ ਪਹੁੰਚਿਆ ਕੋਈ ਵੀ ਸਿਆਸੀ ਆਗੂ: ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਕੋਲ 10 ਏਕੜ ਤੋਂ ਵੱਧ ਜ਼ਮੀਨ ਸੀ। ਉਸ ਸਮੇਂ ਜਮੀਨ ਤੇ ਘਰ ਬਰਤਾਨਵੀ ਸਰਕਾਰ ਨੇ ਨਿਲਾਮ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਸਿਰਫ਼ 7 ਕਨਾਲ ਜ਼ਮੀਨ ਮੁਆਵਜ਼ੇ ਵਜੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਗਦਰੀ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਗਈ ਹੈ। ਉਹ ਹਰ ਸਾਲ ਆਪਣੇ ਪਿੰਡ ਕਾਲਾ ਸੰਘਿਆਂ ਵਿੱਚ ਗਦਰੀ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਉਂਦੇ ਹਨ ਪਰ ਉਸ ਸਮਾਗਮ ਵਿੱਚ ਕਦੇ ਵੀ ਕੋਈ ਸਰਕਾਰੀ ਆਗੂ ਸ਼ਾਮਲ ਨਹੀਂ ਹੋਇਆ, ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਆਇਆ।

ਨਿਲਾਮ ਕੀਤੀ ਜ਼ਮੀਨ ਦੀ ਵਾਪਸੀ ਦੀ ਮੰਗ: ਸੁਰਿੰਦਰ ਸਿੰਘ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਜਦੋਂ ਦਾਦਾ ਜੀ ਜਿਉਂਦੇ ਸਨ ਤਾਂ ਉਨ੍ਹਾਂ ਨੂੰ ਇੱਕ ਵਾਰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਸੀ। ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਇੱਕ ਵਾਰ ਪਿੰਡ ਕਾਲਾ ਸੰਘਿਆਂ ਵਿੱਚ ਜ਼ਰੂਰ ਆਏ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੰਗਰੇਜ਼ ਸਰਕਾਰ ਵੱਲੋਂ ਨਿਲਾਮ ਕੀਤੀ ਜ਼ਮੀਨ ਉਨ੍ਹਾਂ ਨੂੰ ਵਾਪਸ ਦਿੱਤੀ ਜਾਵੇ ਅਤੇ ਪਿੰਡ ਕਾਲਾ ਸੰਘਿਆਂ ਵਿਖੇ ਗਦਰੀ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਵੇ।

ਸਰਕਾਰਾਂ ਨੇ ਵਿਸਾਰੇ ਗਦਰੀ ਬਾਬੇ: ਪਿੰਡ ਕਾਲਾ ਸੰਘਿਆਂ ਦੇ ਸਾਬਕਾ ਸਰਪੰਚ ਲੁਭਾਇਆ ਸਿੰਘ ਅਤੇ ਇਤਿਹਾਸਕਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗਦਰੀ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਹੁਣ ਤੱਕ ਗਦਰੀ ਬਾਬਿਆਂ ਦੀ ਕੋਈ ਸਾਰ ਨਹੀਂ ਲਈ ਪਰ ਹੁਣ ਦੇਖਣਾ ਹੋਵੇਗਾ ਕਿ ਇਹ ਸਰਕਾਰ ਗਦਰੀ ਬਾਬਿਆਂ ਲਈ ਕੀ ਕੁਝ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.