ETV Bharat / state

ਸੰਗਰੂਰ ਜ਼ਿਮਨੀ ਚੋਣ: ਕੀ ਚੋਣਾਂ ’ਚ ਹੋਵੇਗੀ ਆਪ ਦੀਆਂ ਗਰੰਟੀਆਂ ਦੀ ਗੱਲ ਜਾਂ ਗੈਂਗਸਟਰਵਾਦ ਦੁਆਲੇ ਘੁੰਮੇਗੀ ਸਿਆਸਤ ?

author img

By

Published : Jun 6, 2022, 9:17 PM IST

ਕੀ ਚੋਣਾਂ ’ਚ ਹੋਵੇਗੀ ਆਪ ਦੇ ਵਾਅਦਿਆਂ ਦੀ ਗੱਲ ਜਾਂ ਗੈਂਗਸਟਰਵਾਦ ਦੇ ਦੁਆਲੇ ਘੁੰਮੇਗੀ ਸਿਆਸਤ
ਕੀ ਚੋਣਾਂ ’ਚ ਹੋਵੇਗੀ ਆਪ ਦੇ ਵਾਅਦਿਆਂ ਦੀ ਗੱਲ ਜਾਂ ਗੈਂਗਸਟਰਵਾਦ ਦੇ ਦੁਆਲੇ ਘੁੰਮੇਗੀ ਸਿਆਸਤ

ਪੰਜਾਬ ਵਿੱਚ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ ਜੋ ਕੋਈ ਵੀ ਅਜੇ ਪੂਰੀ ਹੁੰਦੀ ਵਿਖਾਈ ਨਹੀਂ ਦੇ ਰਹੀ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਗੈਂਗਸਟਰਵਾਦ ਮੁੱਦੇ ਥੱਲੇ ਚੋਣਾਂ ਵਿੱਚ ਬਚਣਾ ਚਾਹੁੰਦੀ ਹੈ ਪਰ ਉਹ ਸਰਕਾਰ ਨੂੰ ਵਾਅਦਿਆਂ ਤੋਂ ਭੱਜਣ ਨਹੀਂ ਦੇਣਗੇ ਤੇ ਚੋਣਾਂ ਵਿੱਚ ਸਰਕਾਰ ਨੂੰ ਘੇਰਨਗੇ।

ਜਲੰਧਰ: ਮਾਨਸਾ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਵੇਲੇ ਕ੍ਰਾਈਮ ਅਤੇ ਗੈਂਗਸਟਰਵਾਦ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਅੱਜ ਪੰਜਾਬ ਦੀ ਰਾਜਨੀਤੀ ਵਿੱਚ ਸਿਵਾਏ ਇੰਨ੍ਹਾਂ ਗੱਲਾਂ ਦੇ ਹੋਰ ਕੋਈ ਗੱਲ ਨਹੀਂ ਹੋ ਰਹੀ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਇਸ ਸਭ ਵਿੱਚ ਪੰਜਾਬ ਦੇ ਸੰਗਰੂਰ ਵਿਖੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਵੱਡਾ ਸਵਾਲ ਇਹ ਹੈ ਕਿ ਕੀ ਇੰਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੇ ਬਾਕੀ ਮੁੱਦਿਆਂ ਬਾਰੇ ਲੋਕਾਂ ਨਾਲ ਗੱਲ ਕਰੇਗੀ ਜਾਂ ਫਿਰ ਸਿਰਫ਼ ਪੰਜਾਬ ਵਿੱਚ ਕਰਾਈਮ ਅਤੇ ਗੈਂਗਸਟਰਵਾਦ ਹੀ ਇੰਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਰਹੇਗਾ ?

ਆਪ ਦੀਆਂ ਗਾਰੰਟੀਆਂ: ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿੰਨ੍ਹਾਂ ਵਿੱਚੋਂ ਦਸ ਮੁੱਖ ਵਾਅਦੇ ਕੀਤੇ ਗਏ ਸੀ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਇੰਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਗਾਰੰਟੀਆਂ ਵੀ ਦਿੱਤੀਆਂ ਸੀ ਜਿਸ ਨੂੰ ਆਮ ਆਦਮੀ ਪਾਰਟੀ ਦੀਆਂ ਦਸ ਗਰੰਟੀਆਂ ਕਿਹਾ ਜਾਂਦਾ ਹੈ। ਇੰਨ੍ਹਾਂ ਗਰੰਟੀਆਂ ਵਿੱਚ ਮੁੱਖ ਪੰਜਾਬ ਵਿੱਚ ਬਿਜਲੀ, ਪਾਣੀ, ਸਫ਼ਾਈ, ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਪ੍ਰਮੁੱਖ ਸਨ।

ਕੀ ਚੋਣਾਂ ’ਚ ਹੋਵੇਗੀ ਆਪ ਦੇ ਵਾਅਦਿਆਂ ਦੀ ਗੱਲ ਜਾਂ ਗੈਂਗਸਟਰਵਾਦ ਦੇ ਦੁਆਲੇ ਘੁੰਮੇਗੀ ਸਿਆਸਤ

ਪਹਿਲੀ ਗਾਰੰਟੀ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖਣਾ,ਸੀਵਰੇਜ ਅਤੇ ਗਾਰਬੇਜ ਡਿਸਪੋਜ਼ੇਬਲ ਦੇ ਨਾਲ ਸੌਲਿਡ ਵੇਸਟ ਮੈਨੇਜਮੈਂਟ ਸੀ ਜਿਸ ਨਾਲ ਪੰਜਾਬ ਦੇ ਹਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਅਤੇ ਆਮ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣਾ ਸ਼ਾਮਿਲ ਸੀ।

ਇਸ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਕਰੱਸ਼ਰ ਨੂੰ ਖਤਮ ਕਰਕੇ ਅਜਿਹਾ ਸਿਸਟਮ ਲਿਆਂਦਾ ਜਾਵੇਗਾ ਜੋ ਪਹਿਲਾਂ ਦਿੱਲੀ ਵਿਚ ਚੱਲ ਰਿਹਾ ਹੈ। ਇਸ ਸਿਸਟਮ ਵਿੱਚ ਆਮ ਆਦਮੀ ਨੂੰ ਘਰ ਬੈਠੇ ਸਰਕਾਰੀ ਸੁਵਿਧਾ ਮੁਹੱਈਆ ਕਰਾਈਆਂ ਜਾਣਗੀਆਂ। ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਜੇ ਕਿਸੇ ਵੀ ਨਾਗਰਿਕ ਨੂੰ ਕੋਈ ਸਰਕਾਰੀ ਕੰਮ ਹੈ ਤਾਂ ਉਹ ਸਿਰਫ਼ ਇੱਕ ਟੋਲ ਫਰੀ ਨੰਬਰ ’ਤੇ ਕਾਲ ਕਰੇਗਾ ਅਤੇ ਉਸ ਕੋਲ ਉਸ ਦੇ ਕੰਮ ਲਈ ਮੁਲਾਜ਼ਮ ਖ਼ੁਦ ਪਹੁੰਚਣਗੇ ਇਸ ਨੂੰ ਨਾਮ ਦਿੱਤਾ ਗਿਆ ਸੀ ਡੋਰ ਸਟੈਪ ਡਿਲੀਵਰੀ ਆਫ ਸਰਵਿਸਿਜ਼।

ਤੀਸਰੀ ਗਾਰੰਟੀ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸ਼ਹਿਰਾਂ ਵਿੱਚੋਂ ਤਾਰਾਂ ਦਾ ਜੰਜਾਲ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਤਾਰਾਂ ਨਾਲ ਇੱਕ ਪਾਸੇ ਜਿਥੇ ਸ਼ਹਿਰਾਂ ਵਿੱਚ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਉਸ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਵੀ ਖਰਾਬ ਹੁੰਦੀ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਆਪਣੀ ਇੱਕ ਗਾਰੰਟੀ ਵਿੱਚ ਕਿਹਾ ਗਿਆ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਵਧੀਆ ਅਤੇ ਸਸਤੇ ਹੋਸਟਲ ਬਣਾਏ ਜਾਣਗੇ ਅਤੇ ਸ਼ਹਿਰਾਂ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਆਉਣ ਤੋਂ ਬਾਅਦ ਬੱਚਿਆਂ ਨੂੰ ਵਧੀਆ ਸਿੱਖਿਆ ਦੀਆਂ ਸੁਵਿਧਾਵਾਂ ਦੇਣਾ ਵੀ ਇੱਕ ਅਹਿਮ ਵਾਅਦਾ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਸਟੈਂਡਰਡ ਇਸ ਤਰ੍ਹਾਂ ਬਣਾ ਦਿੱਤਾ ਜਾਵੇਗਾ ਜਿਸ ਤਰ੍ਹਾਂ ਸ਼ਹਿਰਾਂ ਦੇ ਵੱਡੇ ਪ੍ਰਾਈਵੇਟ ਸਕੂਲ ਹੁੰਦੇ ਹਨ। ਉਨ੍ਹਾਂ ਇਸ ਬਾਰੇ ਦਿੱਲੀ ਦੇ ਮਾਡਲ ਦਾ ਵੀ ਜ਼ਿਕਰ ਕੀਤਾ ਸੀ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਨੂੰ ਚੌਵੀ ਘੰਟੇ ਬਿਜਲੀ ਸੁਨਿਸ਼ਚਿਤ ਕੀਤੀ ਜਾਏਗੀ ਹਾਲਾਂਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਪੰਜਾਬ ਦੀ ਖੇਤੀਬਾੜੀ ਦੇ ਨਾਲ ਨਾਲ ਉਦਯੋਗ ਵੀ ਵਧੀਆ ਤਰੀਕੇ ਨਾਲ ਚੱਲ ਸਕਣ। ਇਸ ਤੋਂ ਇਲਾਵਾ ਪੰਜਾਬ ਦੇ ਨਾਗਰਿਕਾਂ ਨੂੰ ਚੌਵੀ ਘੰਟੇ ਪੀਣ ਵਾਲੇ ਪਾਣੀ ਦੀ ਸੁਵਿਧਾ ਦਾ ਵੀ ਆਮ ਆਦਮੀ ਪਾਰਟੀ ਨੇ ਆਪਣੀ ਗਰੰਟੀ ਵਿਚ ਜ਼ਿਕਰ ਕੀਤਾ ਸੀ।

ਆਮ ਆਦਮੀ ਪਾਰਟੀ ਵੱਲੋਂ ਆਪਣੀ ਇੱਕ ਗਾਰੰਟੀ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਵਪਾਰੀਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਔਰਤ ਉਨ੍ਹਾਂ ਨੂੰ ਪੰਜਾਬ ਵਿੱਚ ਆਪਣਾ ਉਦਯੋਗ ਚਲਾਉਣ ਲਈ ਇੱਕ ਵਧੀਆ ਮਾਹੌਲ ਪੈਦਾ ਕਰਕੇ ਦਿੱਤਾ ਜਾਏਗਾ। ਇਸ ਦੇ ਨਾਲ ਹੀ ਇੱਕ ਅਹਿਮ ਗਾਰੰਟੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਵੀ ਕਹੀ ਗਈ ਸੀ ਜੋ ਅਜੇ ਪੂਰੀ ਨਹੀਂ ਹੋਈ।

ਕਿਹੜੀਆਂ ਗਾਰੰਟੀਆਂ ਹੋਈਆਂ ਪੂਰੀਆਂ ? : ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਇੰਨ੍ਹਾਂ ਗਰੰਟੀਆਂ ਵਿੱਚੋਂ ਅੱਜ ਜੋ ਵੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਉਹ ਸਿਰਫ਼ ਕਾਗਜ਼ਾਂ ਵਿੱਚ ਹੈ ਜਾਂ ਫਿਰ ਸਰਕਾਰ ਵੱਲੋਂ ਉਸ ਦਾ ਐਲਾਨ ਕੀਤਾ ਗਿਆ ਹੈ ਜਦਕਿ ਸਰਕਾਰ ਵੱਲੋਂ ਅਜਿਹੀ ਕਿਸੇ ਵੀ ਗਾਰੰਟੀ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਜਿੱਥੋਂ ਤੱਕ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ ਤਿੰਨ ਸੌ ਯੂਨਿਟ ਫ੍ਰੀ ਦੀ ਗੱਲ ਹੈ ਤਾਂ ਉਹ ਵੀ ਇੱਕ ਜੁਲਾਈ ਤੋਂ ਸ਼ੁਰੂ ਹੋਵੇਗੀ ਜਦਕਿ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਖੁਦ ਐਨ ਆਰ ਆਈ ਭਰਾਵਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅੱਪਡੇਟ ਕਰਨ ਤਾਂ ਕਿ ਸਰਕਾਰ ਉਨ੍ਹਾਂ ਸਕੂਲਾਂ ਨੂੰ ਹੋਰ ਵਧੀਆ ਬਣਾ ਸਕੇ। ਜ਼ਾਹਿਰ ਹੈ ਪੈਸਾ ਐੱਨ ਆਰ ਆਈ ਲਾਉਣ ਅਤੇ ਵਾਹ-ਵਾਹ ਸਰਕਾਰ ਦੀ ਹੋਵੇ। ਇਸ ਤੋਂ ਇਲਾਵਾ ਬਾਕੀ ਬਹੁਤ ਸਾਰੀਆਂ ਗਰੰਟੀਆਂ ਨੂੰ ਪੂਰਾ ਹੋਣ ਦੀ ਉਡੀਕ ਹਾਲੇ ਵੀ ਪੰਜਾਬ ਦੇ ਲੋਕ ਕਰ ਰਹੀ ਹਨ।

ਪੰਜਾਬ ਵਿੱਚ ਵਧਦਾ ਅਪਰਾਧ: ਪੰਜਾਬ ਵਿੱਚ ਆਏ ਦਿਨ ਅਪਰਾਧਿਕ ਅੰਕੜਾ ਵਧਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਛੋਟੀਆਂ ਮੋਟੀਆਂ ਚੋਰੀਆਂ ਤੋਂ ਲੈ ਕੇ ਗੈਂਗਸਟਰਾਂ ਵੱਲੋਂ ਖਿਡਾਰੀਆਂ ਅਤੇ ਗਾਇਕਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਇਸੇ ਵਿੱਚ ਪੰਜਾਬ ਦੇ ਅੰਦਰ ਕੋਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੱਲ ਹੋਵੇ ਜਾਂ ਫਿਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਦੀ ਗੱਲ। ਹਾਲਾਂਕਿ ਪੰਜਾਬ ਪੁਲਿਸ ਇਨ੍ਹਾਂ ਦੋਵੇਂ ਕਤਲ ਦੀਆਂ ਵਾਰਦਾਤਾਂ ਦੇ ਅਸਲ ਘਾੜਿਆਂ ਤੱਕ ਅਜੇ ਤੱਕ ਨਹੀਂ ਪਹੁੰਚ ਪਾਈ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਖੁਦ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਰ ਮਹੀਨੇ ਔਸਤਨ ਪੰਜਾਹ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜ਼ਾਹਿਰ ਹੈ ਅਜਿਹੇ ਵਿਚ ਅੱਜ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਵੱਡਾ ਮਸਲਾ ਸੂਬੇ ਅੰਦਰ ਵਿਗੜੀ ਕਾਨੂੰਨ ਵਿਵਸਥਾ ਦਾ ਹੈ।

ਸੰਗਰੂਰ ਚੋਣਾਂ ਵਿੱਚ ਕੀ ਕਾਨੂੰਨ ਵਿਵਸਥਾ ਤੋਂ ਇਲਾਵਾ ਹੋਰ ਮੁੱਦਿਆਂ ’ਤੇ ਵੀ ਹੋਵੇਗੀ ਗੱਲ : ਇੱਕ ਪਾਸੇ ਜਿਥੇ ਆਮ ਆਦਮੀ ਪਾਰਟੀ ਦੇ ਆਗੂ ਸ਼ੀਤਲ ਅੰਗੂਰਾਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਸਖ਼ਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਮੁਤਾਬਕ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਜੇ ਵੀ ਕੁਝ ਅਜਿਹੀਆਂ ਕਮੀਆਂ ਨੇ ਜਿੰਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ।

ਸੰਗਰੂਰ ਚੋਣਾਂ ਵਿੱਚ ਬਾਕੀ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਨੇ ਕੀ ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇੱਕ ਜੁਲਾਈ ਤੋਂ ਬਿਜਲੀ ਦੀਆਂ ਹਰ ਮਹੀਨੇ ਤਿੰਨ ਸੌ ਯੂਨਿਟ ਸਰਕਾਰ ਵੱਲੋਂ ਪਹਿਲਾਂ ਹੀ ਮੁਫ਼ਤ ਕਰਨ ਲਈ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਸਕੂਲਾਂ ਦੇ ਸਟੈਂਡ ਨੂੰ ਸਹੀ ਕਰਨ ਅਤੇ ਸਿਹਤ ਸੁਵਿਧਾਵਾਂ ਵਧੀਆ ਬਣਾਉਣ ਦਾ ਕੰਮ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਚੋਣਾਂ ਵਿੱਚ ਵੀ ਮੁੱਦਾ ਸਿਰਫ਼ ਕ੍ਰਾਈਮ ਦਾ ਨਹੀਂ ਰਹੇਗਾ ਬਲਕਿ ਪਿਛਲੇ ਪਚੱਤਰ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਵੀ ਦਵਾਂਗੇ ਤਾਂ ਕਿ ਲੋਕ ਇਸ ਬਾਰੇ ਜਾਗਰੂਕ ਹੋ ਸਕਣ।

ਆਪ ਦੀਆਂ ਗਰੰਟੀਆਂ ’ਤੇ ਕਾਂਗਰਸ ਦੇ ਸਵਾਲ : ਉੱਧਰ ਕਾਂਗਰਸ ਦਾ ਵੀ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਅੰਦਰ ਇਸ ਵੇਲੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾਈ ਹੋਈ ਹੈ ਅਤੇ ਆਏ ਦਿਨ ਗੈਂਗਸਟਰਾਂ ਵੱਲੋਂ ਵੱਡੇ ਵੱਡੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇਹ ਮੁੱਦਾ ’ਤੇ ਅਹਿਮ ਰਹੇਗਾ ਪਰ ਆਮ ਆਦਮੀ ਪਾਰਟੀ ਇਹ ਨਾ ਸੋਚੇ ਕਿ ਪੰਜਾਬ ਦੇ ਲੋਕ ਅਤੇ ਅਸੀਂ ਲੋਕ ਉਨ੍ਹਾਂ ਵੱਲੋਂ ਕੀਤੇ ਗਏ ਬਾਕੀ ਵਾਅਦਿਆਂ ਨੂੰ ਭੁੱਲ ਗਏ ਹਾਂ। ਕਾਂਗਰਸ ਦੇ ਸੀਨੀਅਰ ਨੇਤਾ ਬਲਰਾਜ ਠਾਕੁਰ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਵੀ ਆਪਣੇ ਕੀਤੇ ਹੋਏ ਵਾਅਦਿਆਂ ਵਿੱਚੋਂ ਕਿੰਨੇ ਪੂਰੇ ਕੀਤੇ ਗਏ ਹਨ ਇਸ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਇਸ ਨੂੰ ਮੂਹਰੇ ਕਰਕੇ ਸਰਕਾਰ ਆਪਣੇ ਦੂਜੇ ਵਾਅਦਿਆਂ ਤੋਂ ਪਿੱਛੇ ਨਹੀਂ ਹਟ ਸਕਦੀ।

ਸੰਗਰੂਰ ਚੋਣ ਤੇ ਆਪ ਦੇ ਵਾਅਦਿਆਂ ’ਤੇ ਕੀ ਬੋਲੀ ਭਾਜਪਾ? : ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅੱਜ ਪੰਜਾਬ ਵਿੱਚ ਗੈਂਗਸਟਰ ਅਤੇ ਕ੍ਰਾਈਮ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਭੁੱਲ ਜਾਣਗੇ। ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸੰਗਰੂਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਰ ਵਿਰੋਧੀ ਪਾਰਟੀ ਦਾ ਇਹੀ ਰਹੇਗਾ ਕਿ ਕ੍ਰਾਈਮ ਦੇ ਮੁੱਦੇ ਨੂੰ ਲੈ ਕੇ ਬਾਕੀ ਮੁੱਦਿਆਂ ਤੋਂ ਭੱਜ ਨਹੀਂ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ।

ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਹ ਹਰ ਕਿਸੇ ਨੂੰ ਇੱਕ ਵਾਰ ਮੌਕਾ ਜ਼ਰੂਰ ਦਿੰਦੇ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਕ ਖ਼ੁਦ ਨਾਲ ਕੀਤੇ ਹੋਏ ਪਾਰਟੀਆਂ ਦੇ ਵਾਅਦਿਆਂ ਨੂੰ ਭੁੱਲ ਜਾਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਖ਼ਤਮ ਹੋ ਚੁੱਕੀ ਹੈ। ਆਏ ਦਿਨ ਕਤਲ ਦੀਆਂ ਵਾਰਦਾਤਾਂ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਨਾਕਾਮਯਾਬ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਅੱਜ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਸੰਗਰੂਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਾਰੇ ਵਾਅਦੇ ਗੈਂਗਸਟਰਵਾਦ ਅਤੇ ਪੰਜਾਬ ਵਿਚ ਹੋ ਰਹੇ ਕ੍ਰਾਈਮ ਦੇ ਥੱਲੇ ਦਬ ਕੇ ਰਹਿ ਜਾਨ ਪਰ ਅਸਲ ਵਿੱਚ ਵਿਰੋਧੀ ਪਾਰਟੀਆਂ ਇਸ ਤਰ੍ਹਾਂ ਨਹੀਂ ਹੋਣ ਦੇਣਗੀਆਂ।

ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਧਮਕੀਆਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.