ETV Bharat / state

ਅਰਜਨ ਅਵਾਰਡੀ ਡੀਐੱਸਪੀ ਦਲਬੀਰ ਦਿਓਲ ਦੀ ਮਿਲੀ ਲਾਸ਼, ਨਵੇਂ ਸਾਲ ਮੌਕੇ ਦੋੋਸਤਾਂ ਨਾਲ ਗਏ ਸਨ ਬਗੈਰ ਗੰਨਮੈਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

author img

By ETV Bharat Punjabi Team

Published : Jan 1, 2024, 4:05 PM IST

The body of Arjan awardee DSP Dalbir Deol was found in the canal of Jalandhar
ਅਰਜਨ ਅਵਾਰਡੀ ਡੀਐੱਸਪੀ ਦਲਬੀਰ ਦਿਓਲ ਦੀ ਮਿਲੀ ਲਾਸ਼

DEAD Body of DSP Dalbir Deol was found: ਸਾਲ ਦੀ ਆਖਰੀ ਰਾਤ ਜਲੰਧਰ ਪੀਏਪੀ ਵਿੱਚ ਬਤੌਰ ਡੀਐੱਸਪੀ ਤਾਇਨਾਤ ਦਲਬੀਰ ਸਿੰਘ ਦਿਓਲ ਦੇ ਜੀਵਨ ਦੀ ਵੀ ਆਖਰੀ ਰਾਤ ਹੋ ਨਿੱਬੜੀ। ਦਰਅਸਲ ਖੂਨ ਨਾਲ ਲਥਪਥ ਪਈ ਅਰਜਨ ਐਵਾਰਡੀ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜੇ ਪੁਲਿਸ ਨੇ ਬਰਾਮਦ ਕੀਤੀ ਹੈ।

ਜਲੰਧਰ: ਪੰਜਾਬ ਪੁਲਿਸ ਦੇ ਡੀਐੱਸਪੀ ਅਤੇ ਅਰਜਨ ਐਵਾਰਡ ਨਾਲ ਸਨਮਾਨਿਤ ਦਲਬੀਰ ਸਿੰਘ ਦਿਓਲ ਦੀ ਲਾਸ਼ ਜਲੰਧਰ ਦੇ ਬਸਤੀ ਵਾਲਾ ਖੇਲ ਨਹਿਰ ਨੇੜੇ ਖੂਨ ਨਾਲ ਲਥਪਥ ਮਿਲੀ, ਤਾਂ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਡੀਐੱਸਪੀ ਦਲਬੀਰ ਸਿੰਘ ਜਲੰਧਰ ਪੀ.ਏ.ਪੀ ਵਿੱਚ ਤਾਇਨਾਤ ਸਨ ਅਤੇ ਉਹ ਨਵੇਂ ਸਾਲ ਮੌਕੇ ਗੰਨਮੈਨਾਂ ਤੋਂ ਬਿਨਾਂ ਤਿੰਨ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗਏ ਸਨ ਅਤੇ ਸਰਵਿਸ ਰਿਵਾਲਵਰ ਉਨ੍ਹਾਂ ਦੇ ਕੋਲ ਸੀ।

ਲਾਸ਼ ਮਿਲੀ ਨਹਿਰ ਕਿਨਾਰੇ : ਨਵੇਂ ਸਾਲ ਮੌਕੇ ਮ੍ਰਿਤਕ ਡੀਐੱਸਪੀ ਦਲਬੀਰ ਸਿੰਘ ਆਪਣੇ 3 ਦੋਸਤਾਂ ਨਾਲ ਘਰੋਂ ਨਿਕਲੇ ਸਨ। ਚਾਰਾਂ ਨੇ ਨਵੇਂ ਸਾਲ ਦੀ ਪਾਰਟੀ ਲਈ ਕਿਤੇ ਜਾਣਾ ਸੀ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਵੱਲੋਂ ਬੱਸ ਸਟੈਂਡ ਨੇੜੇ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਖੂਨ ਨਾਲ ਭਿੱਜੀ ਉਨ੍ਹਾਂ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜੇ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਡੀਐੱਸਪੀ ਦੀ ਸਰਵਿਸ ਰਿਵਾਲਵਰ ਗਾਇਬ ਹੈ ਅਤੇ ਉਹ ਘਰੋਂ ਆਪਣੀ ਸਰਕਾਰੀ ਰਿਵਾਲਵਰ ਨਾਲ ਲੈ ਕੇ ਨਿਕਲੇ ਸਨ।

ਕੁੱਝ ਦਿਨਾਂ ਪਹਿਲਾਂ ਹੋਇਆ ਸੀ ਵਿਵਾਦ: ਜਾਣਕਾਰੀ ਮੁਤਾਬਿਕ ਡੀਐੱਸਪੀ ਦਲਬੀਰ ਸਿੰਘ ਨੇ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਵਿੱਚ ਸਥਾਨਕ ਵਾਸੀਆਂ ’ਤੇ ਗੋਲੀਆਂ ਚਲਾਈਆਂ ਸਨ ਪਰ ਬਾਅਦ ਵਿੱਚ ਉਸ ਦਾ ਪਿੰਡ ਵਾਸੀਆਂ ਨਾਲ ਰਾਜੀਨਾਮਾ ਵੀ ਹੋ ਗਿਆ ਸੀ। ਮਾਮਲੇ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਦਲਬੀਰ ਸਿੰਘ ਨੂੰ ਐਤਵਾਰ ਰਾਤ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਨੂੰ ਐਤਵਾਰ ਰਾਤ ਨੂੰ ਉਸ ਦੇ ਜਾਣਕਾਰਾਂ ਨੇ ਬੱਸ ਸਟੈਂਡ ਨੇੜੇ ਉਤਾਰਿਆ ਸੀ ਪਰ ਲਾਸ਼ ਬਸਤੀ ਬਾਵਾ ਖੇਲ ਨੇੜੇ ਮਿਲੀ।

ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਆਖਰੀ ਵਾਰ ਡੀਐੱਸਪੀ ਨਾਲ ਦੇਖਿਆ ਗਿਆ ਸੀ, ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਡੀਐੱਸਪੀ ਵੇਟ ਲਿਫਟਿੰਗ ਵਿੱਚ ਅੰਤਰਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ ਅਤੇ ਇਸ ਖੇਡ ਵਿੱਚ ਉਪਲੱਬਧੀਆਂ ਹਾਸਿਲ ਕਰਨ ਲਈ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਪਰ ਉਸ ਨੂੰ ਇਸ ਤੋਂ ਬਾਅਦ ਸ਼ੂਗਰ ਹੋ ਗਈ, ਜਿਸ ਕਾਰਨ ਉਸ ਦੀ ਇੱਕ ਲੱਤ ਕੱਟਣੀ ਵੀ ਪਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.