ETV Bharat / state

ਕਿਸਾਨ ਦਾ ਅੰਤਰਰਾਸ਼ਟਰੀ ਫਲਾਂ ਦਾ ਬਾਗ ਜੰਮੂ ਕਟੜਾ ਹਾਈਵੇ ’ਚ ਆਇਆ, ਮੁਆਵਜ਼ਾ ਨਾ ਮਿਲਣ ਕਾਰਨ ਪਰੇਸ਼ਾਨ

author img

By

Published : May 12, 2022, 5:20 PM IST

ਕਿਸਾਨ ਦਾ ਅੰਤਰਰਾਸ਼ਟਰੀ ਫਲਾਂ ਦਾ ਬਾਗ ਜੰਮੂ ਕਟੜਾ ਹਾਈਵੇ ’ਚ ਆਇਆ
ਕਿਸਾਨ ਦਾ ਅੰਤਰਰਾਸ਼ਟਰੀ ਫਲਾਂ ਦਾ ਬਾਗ ਜੰਮੂ ਕਟੜਾ ਹਾਈਵੇ ’ਚ ਆਇਆ

ਜਲੰਧਰ ਦੇ ਇੱਕ ਕਿਸਾਨ ਵੱਲੋਂ ਆਪਣੀ ਜ਼ਮੀਨ ਵਿੱਚ ਦੇਸੀ ਅਤੇ ਵਿਦੇਸ਼ੀ ਫਲਾਂ ਦਾ ਇੱਕ ਅਨੋਖਾ ਬਾਗ ਬਣਾਇਆ ਗਿਆ ਹੈ। ਕਰੋੜ ਰੁਪਏ ਖਰਚ ਕਰ ਕਿਸਾਨ ਨਿਰਾਸ਼ ਵਿਖਾਈ ਦੇ ਰਿਹਾ ਹੈ। ਕਿਸਾਨ ਨੇ ਸਰਕਾਰਾਂ ਨੂੰ ਫਟਕਾਰ ਲਗਾਉਂਦੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣਾ ਚਾਹੁੰਦੀਆਂ ਹਨ ਓਥੇ ਹੀ ਦੂਜੇ ਪਾਸੇ ਉਹ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ। ਪੇਸ਼ ਹੈ ਇਸ ਪੂਰੇ ਬਾਗ ਉੱਪਰ ਇੱਕ ਖਾਸ ਰਿਪੋਰਟ...

ਜਲੰਧਰ: ਪੰਜਾਬ ਵਿੱਚ ਆਮ ਤੌਰ ’ਤੇ ਕਿਸਾਨਾਂ ਨੂੰ ਲੋਕ ਕਣਕ ,ਝੋਨੇ , ਮੱਕੀ ਅਤੇ ਹੋਰ ਕੁਝ ਫ਼ਸਲਾਂ ਦੀ ਖੇਤੀ ਕਰਦੇ ਆਮ ਦੇਖਦੇ ਹਾਂ ਪਰ ਕੁਝ ਕਿਸਾਨ ਅਜਿਹੇ ਵੀ ਹਨ ਜਿੰਨ੍ਹਾਂ ਨੇ ਆਪਣੇ ਖੇਤਾਂ ਵਿੱਚ-ਵੱਖ ਵੱਖ ਫਲਾਂ ਦੇ ਬਾਗ ਬਣਾਏ ਹੋਏ ਹਨ। ਜਲੰਧਰ ਦੇ ਦਿਆਲਪੁਰ ਪਿੰਡ ਨੇੜੇ ਇੱਕ ਅਜਿਹੇ ਕਿਸਾਨ ਹਨ ਜਿੰਨ੍ਹਾਂ ਨੇ ਆਪਣੀ ਢਾਈ ਏਕੜ ਜ਼ਮੀਨ ਸਿਰਫ ਵਿਦੇਸ਼ੀ ਫਲ ਅਤੇ ਹਿਮਾਚਲੀ ਗੋਲਡਨ ਸੇਬ ਦਾ ਬਾਗ਼ ਲਗਾਇਆ ਹੋਇਆ ਹੈ। ਸੁਖਵਿੰਦਰ ਸਿੰਘ ਖੱਖ ਨਾਮ ਦੇ ਇਸ ਕਿਸਾਨ ਦੇ ਖੇਤਾਂ ਵਿੱਚ ਅਮਰੀਕਾ ਤੋਂ ਲੈ ਕੇ ਮਲੇਸ਼ੀਆ, ਵੀਅਤਨਾਮ, ਥਾਈਲੈਂਡ ਦੇ ਫਲ ਲੱਗੇ ਹੋਏ ਹਨ।

ਇਹੀ ਨਹੀਂ ਉਨ੍ਹਾਂ ਦੇ ਖੇਤਾਂ ਵਿੱਚ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਅਤੇ ਹਿਮਾਚਲ ਦੇ ਗੋਲਡਨ ਸੇਬ ਵੀ ਦੇਖੇ ਜਾ ਸਕਦੇ ਹਨ। ਇੱਕ ਪਾਸੇ ਜਿੱਥੇ ਇੰਨ੍ਹਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਇਸ ਬਾਗ ਨੂੰ ਤਿਆਰ ਕੀਤਾ ਗਿਆ ਹੈ ਓਧਰ ਦੂਸਰੇ ਪਾਸੇ ਹੁਣ ਸੁਖਵਿੰਦਰ ਸਿੰਘ ਖੱਖ ਨਾਮ ਦੇ ਇਸ ਕਿਸਾਨ ਨੂੰ ਇਸ ਗੱਲ ਦਾ ਮਲਾਲ ਹੈ ਕਿ ਇੰਨ੍ਹੇ ਪੈਸੇ ਲਗਾਉਣ ਦੇ ਬਾਅਦ ਜਦੋਂ ਇਸ ਸਾਲ ਤੋਂ ਫਸਲ ਉਗਾ ਕੇ ਉਨ੍ਹਾਂ ਨੇ ਸਾਰੀ ਉਮਰ ਕਮਾਈ ਕਰਨੀ ਸੀ ਉਸ ਵੇਲੇ ਇੰਨ੍ਹਾਂ ਦਾ ਇਹ ਬਾਗ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਅਧੀਨ ਆ ਗਿਆ ਹੈ ਅਤੇ ਹੁਣ ਸਰਕਾਰ ਉਨ੍ਹਾਂ ਨੂੰ ਇਸ ਦਾ ਸਹੀ ਮੁਆਵਜ਼ਾ ਨਹੀਂ ਦੇ ਰਹੀ।

ਕਿਸਾਨ ਦਾ ਅੰਤਰਰਾਸ਼ਟਰੀ ਫਲਾਂ ਦਾ ਬਾਗ ਜੰਮੂ ਕਟੜਾ ਹਾਈਵੇ ’ਚ ਆਇਆ

ਜੇਕਰ ਕੋਈ ਇਨਸਾਨ ਹਿਮਾਚਲ ਘੁੰਮਣ ਜਾਂਦਾ ਹੈ ਤੇ ਸੇਬਾਂ ਦਾ ਬਾਗ ਉਸ ਲਈ ਇੱਕ ਖਿੱਚ ਦਾ ਕੇਂਦਰ ਹੁੰਦਾ ਹੈ। ਇਸ ਦੇ ਨਾਲ ਜੇ ਕੋਈ ਇਨਸਾਨ ਵਿਦੇਸ਼ਾਂ ਵਿੱਚ ਘੁੰਮਣ ਜਾਂਦਾ ਹੈ ਤਾਂ ਉੱਥੋਂ ਦੇ ਫਲਾਂ ਦੇ ਬਗੀਚੇ ਅਤੇ ਬਾਗ਼ ਵੀ ਉਸ ਲਈ ਖਿੱਚ ਦਾ ਕੇਂਦਰ ਹੁੰਦੇ ਹਨ। ਲੋਕ ਅਕਸਰ ਇੰਨ੍ਹਾਂ ਬਾਗ਼ਾਂ ਵਿੱਚ ਜਾ ਕੇ ਆਪਣੀਆਂ ਤਸਵੀਰਾਂ ਖਿਚਵਾਉਂਦੇ ਹਨ ਪਰ ਜੇਕਰ ਤੁਹਾਨੂੰ ਇਹ ਸਾਰੇ ਵਿਦੇਸ਼ੀ ਫ਼ਲ ਅਤੇ ਹਿਮਾਚਲੀ ਸੇਬ ਜਲੰਧਰ ਵਿੱਚ ਹੀ ਮਿਲ ਜਾਣ ਤਾਂ ਸ਼ਾਇਦ ਇੱਕ ਵਾਰ ਹੈਰਾਨੀ ਜ਼ਰੂਰ ਹੋਵੇਗੀ।

ਕਿਹੜੇ-ਕਿਹੜੇ ਦੇਸ਼ਾਂ ਦੇ ਹਨ ਬੂਟੇ: ਜਲੰਧਰ ਵਿਖੇ ਬਾਗ ਵਿੱਚ ਲੱਗੇ ਇਹ ਸੇਬ , ਵੀਅਤਨਾਮ ਦਾ ਡ੍ਰੈਗਨ ਫਰੂਟ , ਥਾਈਲੈਂਡ ਅਤੇ ਮਲੇਸ਼ੀਆ ਦੇ ਅੰਬ, ਐਪਲ ਬੇਰੀ ਅਤੇ ਪੀਨਟ ਬਟਰ ਵਰਗੇ ਫਲ ਸਿਰਫ਼ ਢਾਈ ਏਕੜ ਜ਼ਮੀਨ ਦੇ ਅੰਦਰ ਦੇਖਣ ਨੂੰ ਮਿਲ ਜਾਂਦੇ। ਬਾਗ ਲਗਾਉਣ ਵਾਲੇ ਕਿਸਾਨ ਸੁਖਵਿੰਦਰ ਸਿੰਘ ਖੱਖ ਨੇ ਇਹ ਸਭ ਕੁਝ ਆਪਣੇ ਬਾਗ਼ ਵਿੱਚ ਲਗਾ ਕੇ ਇਕ ਅਨੋਖਾ ਬਾਗ਼ ਤਿਆਰ ਕੀਤਾ ਹੈ। ਸੁਖਵਿੰਦਰ ਸਿੰਘ ਖੱਖ ਜਲੰਧਰ ਦੇ ਦਿਆਲਪੁਰ ਪਿੰਡ ਨੇੜੇ ਦੇ ਰਹਿਣ ਵਾਲੇ ਹਨ। ਪੇਸ਼ੇ ਤੋਂ ਕਿਸਾਨ ਸੁਖਵਿੰਦਰ ਸਿੰਘ ਆਪਣੀ ਪਤਨੀ ਨਾਲ ਆਪਣੀ ਹੀ ਜ਼ਮੀਨ ਵਿਖੇ ਬਣੀ ਇੱਕ ਕੋਠੀ ਵਿੱਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਹਨ।

ਬਾਗ ’ਚ ਲੱਗੇ ਨੇ ਕਿਹੜੇ-ਕਿਹੜੇ ਫਲ: ਕਿਸਾਨ ਸੁਖਵਿੰਦਰ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੂੰ ਇਹ ਬਾਗ਼ ਬਣਾਉਣ ਦਾ ਸ਼ੌਕ ਕੁਝ ਸਾਲ ਪਹਿਲਾਂ ਪੈਦਾ ਹੋਇਆ ਅਤੇ ਇਸ ਲਈ ਉਨ੍ਹਾਂ ਨੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਤੋਂ ਫਲਾਂ ਦੇ ਬੂਟੇ ਲਿਆ ਕੇ ਆਪਣੇ ਬਾਗ਼ ਵਿੱਚ ਉਗਾਏ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਇਹ ਬਾਗ਼ ਪੂਰੀ ਤਰ੍ਹਾਂ ਹਰਿਆ ਭਰਿਆ ਹੈ ਅਤੇ ਬਾਗ਼ ਅੰਦਰ ਹਰ ਸੀਜ਼ਨ ਵਿੱਚ ਲੱਗਣ ਵਾਲੇ ਇੰਨ੍ਹਾਂ ਫਲਾਂ ਦੀ ਕੀਮਤ ਕਰੋੜਾਂ ਰੁਪਇਆਂ ਵਿਚ ਪਹੁੰਚ ਜਾਂਦੀ ਹੈ। ਸੁਖਵਿੰਦਰ ਸਿੰਘ ਦੇ ਇਸ ਬਾਗ ਵਿੱਚ ਹਿਮਾਚਲ ਦੇ ਗੋਲਡਨ ਐਪਲ , ਡ੍ਰੈਗਨ ਫਰੂਟ , ਥਾਈਲੈਂਡ ਦੀ ਐਪਲ ਬੇਰੀ, ਸੀਡਲੈੱਸ ਨਿੰਬੂ , ਅਮਰੂਦ , ਸੀਡਲੈੱਸ ਜਾਮੁਨ , ਪੀਨਟ ਬਟਰ ਫਰੂਟ , ਦੁਨੀਆ ਦੇ ਅਲੱਗ ਅਲੱਗ ਕਿਸਮ ਦੇ ਅੰਬ , ਓਡੋਮੋਸ , ਪੈਸ਼ਨ ਫਰੂਟ ਵਰਗੀਆਂ ਕਈ ਕਿਸਮਾਂ ਦੇ ਫਲਾਂ ਦੇ ਹਜ਼ਾਰਾਂ ਬੂਟੇ ਮੌਜੂਦ ਹਨ। ਇੰਨ੍ਹਾਂ ਦੇਸੀ ਅਤੇ ਵਿਦੇਸ਼ੀ ਫਲਾਂ ਦੇ ਇੰਨ੍ਹਾਂ ਬੂਟਿਆਂ ਤੋਂ ਸੁਖਵਿੰਦਰ ਸਿੰਘ ਚੰਗੀ ਕਮਾਈ ਕਰ ਲੈਂਦੇ ਹਨ।

ਕੀੜੇ-ਮਕੌੜਿਆਂ ਤੋਂ ਬੂਟਿਆਂ ਨੂੰ ਬਚਾਉਣ ਲਈ ਰੱਖੀ ਕੁੱਕੜਾਂ ਦੀ ਫ਼ੌਜ: ਸੁਖਵਿੰਦਰ ਸਿੰਘ ਨੇ ਆਪਣੇ ਇਸ ਬਾਗ ਦੇ ਬੂਟਿਆਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਮੁਰਗਿਆਂ ਦੀ ਇੱਕ ਵੱਡੀ ਫ਼ੌਜ ਰੱਖੀ ਹੋਈ ਹੈ। ਉਨ੍ਹਾਂ ਕੋਲ ਦੇਸੀ ਅਤੇ ਕੜਕਨਾਥ ਕਿਸਮ ਦੇ ਸੈਂਕੜੇ ਮੁਰਗੇ ਮੁਰਗੀਆਂ ਵੀ ਹਨ ਜਿੰਨ੍ਹਾਂ ਨੂੰ ਇਸ ਕਰਕੇ ਰੱਖਿਆ ਗਿਆ ਹੈ ਕਿ ਉਹ ਬਾਗ ਵਿੱਚ ਲੱਗੇ ਬੂਟਿਆਂ ਨੂੰ ਕੀੜੇ-ਮਕੌੜਿਆਂ ਤੋਂ ਬਚਾ ਸਕਣ। ਸੁਖਵਿੰਦਰ ਸਿੰਘ ਦੱਸਦੇ ਨੇ ਕਿ ਇੱਕ ਪਾਸੇ ਜਿੱਥੇ ਮੁਰਗਿਆਂ ਦੀ ਇਸ ਫ਼ੌਜ ਕਰਕੇ ਬੂਟਿਆਂ ਨੂੰ ਕੀੜੇ ਮਕੌੜਿਆਂ ਤੋਂ ਬਚਾਇਆ ਜਾਂਦਾ ਹੈ ਉਧਰ ਦੂਸਰੇ ਪਾਸੇ ਇਸ ਨਾਲ ਮੁਰਗਿਆਂ ਦੀ ਵੀ ਇੱਕ ਖ਼ਾਸ ਕਿਸਮ ਤਿਆਰ ਹੁੰਦੀ ਹੈ। ਉਨ੍ਹਾਂ ਨੇ ਮੁਰਗਿਆਂ ਦੀ ਗਿਣਤੀ ਨੂੰ ਵਧਾਉਣ ਲਈ ਆਪਣੇ ਫਾਰਮ ਅੰਦਰ ਬਕਾਇਦਾ ਹੈਚਿੰਗ ਮਸ਼ੀਨ ਲਗਵਾਈ ਹੋਈ ਹੈ ਤਾਂ ਕਿ ਉਨ੍ਹਾਂ ਨੂੰ ਮੁਰਗਿਆਂ ਦੀ ਖਰੀਦ ਬਾਹਰੋਂ ਨਾ ਕਰਨੀ ਪਵੇ।

ਕਿਸੇ ਵੀ ਸਮੇਂ ਉੱਜੜ ਸਕਦਾ ਹੈ ਸੁਖਵਿੰਦਰ ਸਿੰਘ ਦਾ ਇਹ ਬਾਗ: ਸੁਖਵਿੰਦਰ ਸਿੰਘ ਦਾ ਇਹ ਬਾਗ ਕੁਝ ਸਮੇਂ ਬਾਅਦ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੀ ਭੇਟ ਚੜ੍ਹ ਜਾਏਗਾ ਜਿਸ ਨੂੰ ਲੈ ਕੇ ਸੁਖਵਿੰਦਰ ਸਿੰਘ ਵਿੱਚ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਹੈ ਕਿ ਕਰੋੜਾਂ ਰੁਪਏ ਖਰਚ ਕੇ ਉਨ੍ਹਾਂ ਨੇ ਇਹ ਬਾਗ ਤਿਆਰ ਕੀਤਾ ਹੈ ਅਤੇ ਬਾਗ ਇੱਕ ਅਜਿਹਾ ਕਮਾਈ ਦਾ ਸਾਧਨ ਹੁੰਦਾ ਹੈ ਜਿਸ ਨੇ ਸਾਰੀ ਉਮਰ ਲਈ ਕਮਾਈ ਕਰਵਾਉਣੀ ਹੁੰਦੀ ਹੈ। ਸੁਖਵਿੰਦਰ ਦੱਸਦੇ ਨੇ ਕਿ ਉਨ੍ਹਾਂ ਦਾ ਇਹ ਬਾਗ ਅਤੇ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਉਪਰ ਬਣਾਈ ਗਈ ਸ਼ਾਨਦਾਰ ਕੋਠੀ ਦਿੱਲੀ ਜੰਮੂ ਐਕਸਪ੍ਰੈੱਸ ਹਾਈਵੇਅ ਦੇ ਅਧੀਨ ਆ ਗਈ ਹੈ ਅਤੇ ਹੁਣ ਕਿਸੇ ਵੀ ਸਮੇਂ ਉਨ੍ਹਾਂ ਦਾ ਇਹ ਬਾਗ ਉੱਜੜ ਸਕਦਾ ਹੈ।

ਸਰਕਾਰ ਵੱਲੋਂ ਨਿਸ਼ਚਿਤ ਕੀਤੇ ਗਏ ਮੁਆਵਜ਼ੇ ਤੋਂ ਸੁਖਵਿੰਦਰ ਸਿੰਘ ਨਿਰਾਸ਼: ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਮਿਹਨਤ ਅਤੇ ਕਰੋੜਾਂ ਰੁਪਇਆ ਨਾਲ ਬਾਗ ਲਗਾਇਆ ਹੈ ਪਰ ਹੁਣ ਜਦੋਂ ਇਸ ਬਾਗ਼ ਤੋਂ ਫਲ ਖਾਣ ਅਤੇ ਕਮਾਈ ਕਰਨ ਦੀ ਵਾਰੀ ਆਈ ਹੈ ਤਾਂ ਇਹ ਬਾਗ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਆਪਣੇ ਕਬਜ਼ੇ ਵਿੱਚ ਲੈਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਬਦਲੇ ਜੋ ਮੁਆਵਜ਼ਾ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਉਨ੍ਹਾਂ ਕਿਸਾਨਾਂ ਤੋਂ ਵੀ ਘੱਟ ਹੈ ਜੋ ਕਿਸਾਨ ਆਪਣੇ ਖੇਤਾਂ ਵਿੱਚ ਝੋਨਾ ਕਣਕ ਅਤੇ ਹੋਰ ਫਸਲਾਂ ਲਗਾਉਂਦੇ ਹਨ। ਉਨ੍ਹਾਂ ਮੁਤਾਬਕ ਝੋਨਾ ਕਣਕ ਗੰਨਾ ਵਰਗੀਆਂ ਫ਼ਸਲਾਂ ਲਗਾਉਣ ਵਾਲੇ ਕਿਸਾਨਾਂ ਲਈ ਜ਼ਮੀਨ ਦੇਣੀ ਸੌਖੀ ਹੈ ਕਿਉਂਕਿ ਇਹ ਇੱਕ ਫ਼ਸਲ ਤੋਂ ਬਾਅਦ ਖਾਲੀ ਹੁੰਦੀ ਹੈ ਪਰ ਉਨ੍ਹਾਂ ਵੱਲੋਂ ਲਗਾਇਆ ਗਿਆ ਇਹ ਵਿਦੇਸ਼ੀ ਫਲਾਂ ਦਾ ਬਾਗ ਜਿਸ ਨੂੰ ਉਨ੍ਹਾਂ ਨੇ ਇੰਨੀ ਮਿਹਨਤ ਨਾਲ ਲਗਾਇਆ ਹੈ ਦਾ ਮੁਆਵਜ਼ਾ ਕਿਤੇ ਜ਼ਿਆਦਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਜ਼ਮੀਨ ਵਿਚ ਲੱਗੇ ਇਸ ਬਾਗ ਨੇ ਉਨ੍ਹਾਂ ਨੂੰ ਸਾਰੀ ਉਮਰ ਕਮਾਈ ਕਰਵਾਉਣੀ ਹੈ।

ਕਿਸਾਨ ਮੁਤਾਬਕ ਇਸ ਲਈ ਉਹ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਮਹਿਕਮਿਆਂ ਦੇ ਚੱਕਰ ਕੱਟ ਰਹੇ ਪਰ ਕਿਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਹ ਆਪ ਵੀ ਬਜ਼ੁਰਗ ਹੋ ਚੁੱਕੇ ਹਨ ਇਸ ਕਰਕੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਪੰਜਾਬ ਦੇ ਬਹੁਤ ਸਾਰੇ ਲੋਕ ਪੰਜਾਬ ਦੇ ਸਿਸਟਮ ਤੋਂ ਤੰਗ ਆ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਪਰ ਹੁਣ ਹਾਲਾਤ ਇਹ ਹਨ ਕਿ ਉਹੀ ਬੱਚੇ ਆਪਣੇ ਮਾਂ ਬਾਪ ਨੂੰ ਵਿਦੇਸ਼ਾਂ ਵਿੱਚ ਬੁਲਾ ਰਹੇ ਨੇ ਕਿ ਪੰਜਾਬ ਦਾ ਸਿਸਟਮ ਨਾ ਸਿਰਫ਼ ਨੌਜਵਾਨਾਂ ਬਲਕਿ ਹੁਣ ਬਜ਼ੁਰਗਾਂ ਲਈ ਵੀ ਠੀਕ ਨਹੀਂ।

ਇਹ ਵੀ ਪੜ੍ਹੋ: ਨਸ਼ੇ ’ਤੇ ਸਖ਼ਤ ਮਾਨ ਸਰਕਾਰ, ਕਿਹਾ- 'ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ'

ETV Bharat Logo

Copyright © 2024 Ushodaya Enterprises Pvt. Ltd., All Rights Reserved.