ETV Bharat / state

Kitchen Garden In House: ਪਿੰਡ ਜਮਸ਼ੇਰ ਦੇ ਤਰਨਜੀਤ ਕੌਰ ਤੋਂ ਉਸ ਦੇ ਸ਼ੌਂਕ ਨੇ ਕਰਾਇਆ ਅਜਿਹਾ ਕੰਮ ਕਿ NRI ਵੀ ਹੋਏ ਦੀਵਾਨੇ, ਦੇਖੋ ਇਹ ਖਾਸ ਵੀਡੀਓ

author img

By

Published : Aug 16, 2023, 5:19 PM IST

Updated : Aug 16, 2023, 8:16 PM IST

ਜਲੰਧਰ ਦੇ ਜਮਸ਼ੇਰ ਪਿੰਡ ਦੀ ਰਹਿਣ ਵਾਲੀ ਤਰਨਜੀਤ ਕੌਰ ਦੇ ਘਰ ਨੂੰ ਵੇਖ ਕੇ ਪਿੰਡ ਦੇ ਲੋਕ ਤਾਂ "ਵਾਹ" ਕਹਿ ਉੱਠਦੇ ਹਨ, ਪਰ ਇਸ ਤੋਂ ਇਲਾਵਾ ਐਨਆਰਆਈ ਵੀ ਇਸ ਘਰ ਦੇ ਦੀਵਾਨੇ ਹਨ। ਜਾਣੋ ਆਖਰ ਕੀ ਖਾਸ ਹੈ ਇਸ ਘਰ ਵਿੱਚ, ਵੇਖੋ ਸਪੈਸ਼ਲ ਰਿਪਰੋਟ।

Kitchen Garden In House, homemade pots, use of waste material, Jalandhar
ਪਿੰਡ ਜਮਸ਼ੇਰ ਦੇ ਤਰਨਜੀਤ ਕੌਰ ਨੇ ਤਿਆਰ ਕੀਤਾ ਸੁੰਦਰ ਬਗੀਚਾ

ਪਿੰਡ ਜਮਸ਼ੇਰ ਦੇ ਤਰਨਜੀਤ ਕੌਰ ਨੇ ਤਿਆਰ ਕੀਤਾ ਸੁੰਦਰ ਬਗੀਚਾ, ਪਰ ਕਿਵੇਂ, ਦੇਖੋ ਇਸ ਵੀਡੀਓ 'ਚ

ਜਲੰਧਰ: ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਦੂਜੇ ਪਾਸੇ ਜੇ ਸ਼ੌਂਕ ਪੂਰਾ ਕਰਨ ਲਈ ਕੋਲ ਪੈਸੇ ਨਾ ਹੁੰਦੇ ਹੋਏ ਇਨਸਾਨ ਕੋਈ ਨਾ ਕੋਈ ਰਸਤਾ ਲੱਭ ਲਵੇ ਅਤੇ ਆਪਣੇ ਸ਼ੌਕ ਨੂੰ ਇੱਕ ਮੁਕਾਮ ਤਕ ਪਹੁੰਚਾ ਦਵੇ, ਤਾਂ ਅਜਿਹਾ ਇਨਸਾਨ ਹੋਰਨਾਂ ਲਈ ਇੱਕ ਮਿਸਾਲ ਬਣ ਜਾਂਦਾ ਹੈ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਜਲੰਧਰ ਦੇ ਪਿੰਡ ਜਮਸ਼ੇਰ ਦੀ ਤਰਨਜੀਤ ਕੌਰ ਨੇ। ਤਰਨਜੀਤ ਕੌਰ ਇੱਕ ਅਜਿਹੀ ਮਹਿਲਾ ਹੈ ਜਿਸ ਨੂੰ ਆਪਣੇ ਘਰ ਗਮਲਿਆਂ ਵਿੱਚ ਫੁੱਲ ਬੂਟੇ ਲਗਾਉਣ ਅਤੇ ਸਬਜ਼ੀਆਂ ਉਗਾਉਣ ਦਾ ਸ਼ੌਕ ਵਿਆਹ ਤੋਂ ਪਹਿਲਾਂ ਹੀ ਸੀ, ਪਰ ਹਾਲਾਤ ਕੁੱਝ ਅਜਿਹੇ ਸੀ ਕਿ ਉਸ ਕੋਲ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਇੰਨੇ ਪੈਸੇ ਨਹੀਂ ਸੀ। ਬਾਵਜੂਦ ਇਸ ਦੇ ਤਰਨਜੀਤ ਕੌਰ ਨੇ ਆਪਣੇ ਇਸ ਸ਼ੌਕ ਨੂੰ ਪੂਰਾ ਕੀਤਾ। ਤਰਨਜੀਤ ਕੌਰ ਨੇ ਆਪਣਾ ਇਹ ਸ਼ੌਕ ਕਿਸ ਤਰ੍ਹਾਂ ਪੂਰਾ ਕੀਤਾ ਅਤੇ ਕਿਵੇਂ ਅੱਜ ਇਲਾਕੇ ਵਿੱਚ ਮਿਸਾਲ ਬਣ ਗਈ। ਇਸ 'ਤੇ ਵੇਖੋ ਤੇ ਪੜ੍ਹੋ ਸਾਡੀ ਇਹ ਖਾਸ ਰਿਪੋਰਟ।

ਵੈਸਟ ਮੈਟੀਰੀਅਲ ਤੋਂ ਬਣਾਏ ਗਮਲੇ, ਫਿਰ ਉਗਾਏ ਬੂਟੇ: ਪਿੰਡ ਵਿਚ ਵੇਸਟ ਮੈਟੀਰੀਅਲ ਨਾਲ ਬਣਾਏ ਗਮਲਿਆਂ ਵਿੱਚ ਲੱਗੇ ਬੂਟਿਆਂ ਕਰਕੇ ਘਰ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਜਮਸ਼ੇਰ ਪਿੰਡ ਦੇ ਵਿਚੋਂ ਵਿੱਚ ਇੱਕ ਛੋਟੀ ਗਲੀ ਦੇ ਅੰਦਰ ਮੁੜਦਿਆਂ ਹੀ ਦਿਖਾਈ ਦਿੰਦਾ ਹੈ ਇੱਕ ਅਜਿਹਾ ਹੀ ਮਕਾਨ ਜਿਸ ਦੇ ਬਾਹਰ ਲੱਗੇ ਫੁੱਲ ਬੂਟੇ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਫੁੱਲ ਬੂਟੇ ਨਾ ਤਾਂ ਗਮਲਿਆਂ ਵਿੱਚ ਲੱਗੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਉਗਾਉਣ ਲਈ ਕੋਈ ਮਹਿੰਗਾ ਖ਼ਰਚ ਕੀਤਾ ਹੈ। ਇਹ ਸਾਰੇ ਬੂਟੇ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੀਜਾਂ ਜਿਵੇਂ ਲਿਫਾਫੇ, ਡੱਬੇ, ਬੋਰੀਆਂ, ਪੈਂਟ ਵਾਲੇ ਡੱਬੇ ਅਤੇ ਹੋਰ ਵੈਸਟ ਮੈਟੀਰੀਅਲ ਦੀ ਵਰਤੋਂ ਨਾਲ ਬਣੇ ਗਮਲਿਆਂ ਵਿੱਚ ਲਗਾਏ ਗਏ ਹਨ।




Kitchen Garden In House, homemade pots, use of waste material, Jalandhar
ਤਰਨਜੀਤ ਕੌਰ

ਵਿਆਹ ਤੋਂ ਪਹਿਲੇ ਹੀ ਸੀ ਬੂਟੇ ਲਗਾਉਣ ਦਾ ਸ਼ੌਂਕ: ਤਰਨਜੀਤ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਸ ਨੂੰ ਵਿਆਹ ਤੋਂ ਪਹਿਲਾਂ ਹੀ ਬੂਟੇ ਲਾਉਣ ਦਾ ਸ਼ੌਂਕ ਸੀ, ਪਰ ਪਤੀ ਦੀ ਸੀਮਤ ਆਮਦਨ ਅਤੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਕਾਰਨ ਪੂਰਾ ਨਹੀਂ ਸਕਿਆ। ਪਰ, ਕਿਹਾ ਜਾਂਦਾ ਹੈ ਕਿ ਜਿੱਥੇ ਚਾਹ, ਉੱਥੇ ਰਾਹ। ਫਿਰ ਉਸ ਨੂੰ ਇਹ ਤਰੀਕਾ ਸੂਝਿਆ। ਤਰਨਜੀਤ ਕੌਰ ਦੱਸਦੀ ਹੈ ਕਿ ਜਦੋਂ ਉਹ ਦੂਜੇ ਲੋਕਾਂ ਦੇ ਘਰ ਵੱਡੇ ਵੱਡੇ ਗਮਲਿਆਂ ਵਿੱਚ ਲੱਗੇ ਫੁੱਲ ਦੇਖਦੀ ਸੀ, ਤਾਂ ਉਸ ਦਾ ਦਿਲ ਵੀ ਕਰਦਾ ਕਿ ਉਹ ਵੀ ਆਪਣੇ ਘਰ ਦੇ ਬਾਹਰ ਇੱਕ ਬਗੀਚਾ ਬਣਾਏ ਜਿਸ ਤੋਂ ਬਾਅਦ ਉਸ ਨੇ ਇਹ ਬੂਟੇ ਲਗਾਉਣ ਲਈ ਘਰ ਵਿੱਚ ਹੀ ਬੇਕਾਰ ਪਈਆਂ ਚੀਜ਼ਾਂ ਅਤੇ ਉਸ ਸਮਾਨ ਦੀ ਵਰਤੋਂ ਕਰਕੇ ਇਹ ਬਗੀਚਾ ਬਣਾਉਣਾ ਸ਼ੁਰੂ ਕੀਤਾ।

ਵੈਸਟ ਚੀਜ਼ਾਂ ਤੋਂ ਬਣਾਇਆ ਸੁੰਦਰ ਬਗੀਚਾਂ: ਜਿਨ੍ਹਾਂ ਸਮਾਨ ਨੂੰ ਅਕਸਰ ਅਸੀਂ ਵਰਤੋਂ ਕਰਨ ਤੋਂ ਬਾਅਦ ਸੁੱਟ ਦਿੰਦੇ ਹਾਂ, ਤਰਨਜੀਤ ਨੇ ਉਸ ਵੈਸਟ ਮੈਟੀਰੀਅਲ ਦੀ ਪਹਿਲਾਂ ਕਟਿੰਗ ਕਰਦੀ ਹੈ। ਫਿਰ ਪੈਂਟ ਨਾਲ ਸੁੰਦਰ ਡਿਜ਼ਾਇਨ ਬਣਾ ਕੇ ਗਮਲੇ ਤਿਆਰ ਕਰਦੀ ਹੈ। ਤਰਨਜੀਤ ਕੌਰ ਨੇ ਦੱਸਿਆ ਕਿ ਉਹ ਹੁਣ ਪਾਣੀ ਦੀਆਂ ਬੋਤਲਾਂ, ਤੇਲ ਦੇ ਵੱਡੇ ਕੇਨ, ਪੈਂਟ ਵਾਲੇ ਡੱਬੇ, ਪੁਰਾਣੀਆਂ ਬੋਰੀਆਂ, ਚਿਪਸ ਦੇ ਪੈਕੇਟ, ਪਲਾਸਟਿਕ ਦੀ ਟੈਂਕੀ, ਸਰਫ਼ ਦੇ ਪੈਕਟ ਆਦਿ ਇੱਥੋ ਤੱਕ ਕਿ ਕੋਲਡ ਡਰਿੰਕ ਵਾਲੇ ਡਿਸਪੋਸਲ ਗਲਾਸਾਂ ਵਿੱਚ ਵੀ ਫੁੱਲ ਬੂਟੇ ਲਗਾ ਆਪਣੇ ਘਰ ਦੇ ਵਿਹੜੇ ਨੂੰ ਸੁੰਦਰ ਬਣਾ ਕੇ ਰੱਖਿਆ ਹੈ। ਤਰਨਜੀਤ ਕੌਰ ਮੁਤਾਬਕ ਇਸ ਨਾਲ ਉਸ ਦਾ ਜਿਆਦਾ ਖ਼ਰਚ ਵੀ ਨਹੀਂ ਹੁੰਦਾ ਅਤੇ ਉਸ ਦਾ ਸ਼ੌਕ ਵੀ ਪੂਰਾ ਹੋ ਜਾਂਦਾ ਹੈ।


ਕਿਚਨ ਗਾਰਡਨ ਦਾ ਸੁਪਨਾ ਵੀ ਕੀਤਾ ਪੂਰਾ: ਇਸ ਦੇ ਨਾਲ-ਨਾਲ ਆਪਣੇ ਪਰਿਵਾਰ ਲਈ ਸਬਜ਼ੀਆਂ ਵੀ ਘਰ ਵਿੱਚ ਹੀ ਉਗਾਉਂਦੀ ਹੈ, ਤਾਂ ਕਿ ਬਜ਼ਾਰ ਚੋਂ ਸਬਜ਼ੀ ਨਾ ਲੈਣੀ ਪਵੇ। ਇੰਨਾਂ ਹੀ ਨਹੀਂ, ਤਰਨਜੀਤ ਕੌਰ ਨੂੰ ਬੀਜਾਂ ਨਾਲ ਪੌਦਾ ਤਿਆਰ ਕਰਨ ਅਤੇ ਬੂਟਿਆਂ ਦੀ ਕ੍ਰਾਫਟਿੰਗ ਕਰਕੇ ਬੂਟੇ ਬਣਾਉਣ ਦੀ ਵੀ ਪੂਰੀ ਜਾਣਕਾਰੀ ਹੈ, ਜੋ ਉਹ ਸੋਸ਼ਲ ਮੀਡੀਆ ਤੋਂ ਹਾਸਿਲ ਕਰਦੀ ਹੈ। ਇਸ ਨਾਲ ਹੁਣ ਤੱਕ ਤਰਨਜੀਤ ਨੇ ਆਪਣਾ ਇੱਕ ਕਿਚਨ ਗਾਰਡਨ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਤੋਰੀਆਂ, ਕੱਦੂ, ਬੈਂਗਣ, ਪਾਲਕ, ਕਰੇਲੇ, ਮਿਰਚਾਂ ਤੇ ਪੁਦੀਨਾ ਆਦਿ, ਇੱਥੋਂ ਤੱਕ ਕਿ ਸੀਮਿੰਟ ਦੀਆਂ ਖਾਲੀ ਬੋਰੀਆਂ ਵਿੱਚ ਮੂਲੀਆਂ ਤੱਕ ਉਗਾਈਆਂ ਹੋਈਆਂ ਹਨ। ਤਰਨਜੀਤ ਕੌਰ ਨੂੰ ਅੱਜ ਇਹ ਸਬਜ਼ੀਆਂ ਬਜ਼ਾਰ ਚੋਂ ਨਹੀਂ ਲੈਣੀਆਂ ਪੈਂਦੀਆਂ, ਸਗੋਂ ਉਹ ਘਰ ਦੇ ਬਾਹਰ ਖਾਲੀ ਪਲਾਟ ਵਿੱਚ ਹੀ ਇਹ ਸਬਜ਼ੀਆਂ ਕੁਦਰਤੀ ਢੰਗ ਨਾਲ ਉਗਾਉਂਦੀ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੈਮੀਕਲ ਖਾਦ ਦੀ ਵਰਤੋਂ ਨਹੀਂ ਹੁੰਦੀ।

ਆਪਣੇ ਇਸ ਸ਼ੌਕ ਨਾਲ ਹੋਰਨਾਂ ਮਹਿਲਾਵਾਂ ਲਈ ਬਣੀ ਇੱਕ ਪ੍ਰੇਰਨਾਦਾਇਕ : ਅੱਜ ਤਰਨਜੀਤ ਕੌਰ ਦੇ ਇਸ ਸ਼ੌਕ ਕਰਕੇ ਉਹ ਆਪਣੇ ਇਲਾਕੇ ਵਿੱਚ ਇਸ ਕੰਮ ਕਰਕੇ ਆਪਣੀ ਖ਼ਾਸ ਪਛਾਣ ਬਣਾ ਚੁੱਕੀ ਹੈ। ਇਥੋਂ ਤੱਕ ਕਿ ਪਿੰਡ ਤੋਂ ਵਿਦੇਸ਼ਾਂ ਵਿੱਚ ਵਸੇ ਲੋਕ ਵੀ ਜੱਦ ਪਿੰਡ ਆਉਂਦੇ ਹਨ, ਤਾਂ ਉਹ ਉਸ ਵੱਲੋਂ ਬਣਾਏ ਗਏ ਇਸ ਬਗੀਚੇ ਨੂੰ ਦੇਖਣ ਆਉਂਦੇ ਹਨ। ਤਰਨਜੀਤ ਕੌਰ ਦੱਸਦੀ ਹੈ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਤੋਂ ਸਿਰਫ਼ ਆਪਣੇ ਬਗੀਚੇ ਲਈ ਸ਼ਾਮ ਨੂੰ ਇੱਕ ਘੰਟਾ ਕੰਮ ਕਰਦੀ ਹੈ ਅਤੇ ਜਿਸ ਵੇਲ੍ਹੇ ਬੱਚੇ ਸਕੂਲ ਚਲੇ ਜਾਂਦੇ ਹਨ, ਤਾਂ ਉਹ ਆਪਣੇ ਘਰ ਦਾ ਕੰਮ ਕਰ ਕੇ ਟੀਵੀ ਜਾਂ ਮੋਬਾਈਲ ਦੇਖਣ ਦੀ ਬਜਾਏ ਆਪਣੇ ਬਗੀਚੇ ਲਈ ਵੱਖ-ਵੱਖ ਚੀਜ਼ਾਂ ਉੱਤੇ ਡਿਜ਼ਾਈਨ ਬਣਾ ਕੇ, ਉਨ੍ਹਾਂ ਵਿੱਚ ਬੂਟੇ ਉਗਾਉਣ ਲਈ ਤਿਆਰ ਕਰਦੀ ਹੈ। ਤਰਨਜੀਤ ਦਾ ਕਹਿਣਾ ਹੈ ਕਿ ਜੇ ਇਨਸਾਨ ਨੂੰ ਸ਼ੌਕ ਹੋਵੇ ਅਤੇ ਉਸ ਸ਼ੌਕ ਨੂੰ ਪੂਰਾ ਕਰਨ ਦੀ ਲਗਨ ਹੋਵੇ, ਤਾਂ ਕੋਈ ਐਸਾ ਕੰਮ ਨਹੀਂ ਜਿਸ ਵਿੱਚ ਕਾਮਯਾਬੀ ਹਾਸਿਲ ਨਾ ਕੀਤੀ ਜਾ ਸਕੇ।

Last Updated : Aug 16, 2023, 8:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.