ETV Bharat / state

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਰੀਵਿਊ ਮੀਟਿੰਗ

author img

By

Published : Jul 13, 2023, 5:23 PM IST

Cabinet Minister Kuldeep Singh Dhaliwal held a review meeting on flood prevention arrangements in district Gurdaspur
Cabinet Minister Kuldeep Singh Dhaliwal held a review meeting on flood prevention arrangements in district Gurdaspur

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਰੀਵਿਊ ਮੀਟਿੰਗ ਕੀਤੀ। ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਤ੍ਰਾਸਦੀ ਤੋਂ ਬਚਾਅ ਲਈ ਮੈਡੀਕਲ ਟੀਮਾਂ ਅਤੇ ਦਵਾਈਆਂ ਆਦਿ ਦੇ ਅਗੇਤੇ ਪ੍ਰਬੰਧ ਕਰਕੇ ਰੱਖਣ।

ਚੰਡੀਗੜ੍ਹ: ਪੰਜਾਬ ਦੇ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਹੜ੍ਹਾਂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਰੀਵਿਊ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮਾਂ ਰਹਿੰਦੇ ਹੋਏ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰ ਲੈਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਸ਼ ਕਾਰਨ ਸੰਭਾਵੀ ਹੜ੍ਹਾਂ ਦੀ ਭਿਆਨਕ ਤ੍ਰਾਸਦੀ ਨੂੰ ਰੋਕਿਆ ਜਾ ਸਕੇ।


ਧਾਲੀਵਾਲ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗਰਾਊਂਡ ਜ਼ੀਰੋ ’ਤੇ ਜਾ ਕੇ ਹੜ੍ਹ ਰੋਕੂ ਪ੍ਰਬੰਧਾਂ ਲਈ ਕੰਮ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਡਰੇਨਜ਼ ਵਿਭਾਗ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਪੰਚਾਇਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਐਕਸ਼ਨ ਟੀਮਾਂ ਬਣਾ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਇਹ ਟੀਮਾਂ ਆਪੋ-ਆਪਣੇ ਖੇਤਰਾਂ ਵਿੱਚ ਇਹ ਯਕੀਨੀ ਬਣਾਉਣਗੀਆਂ ਕਿ ਸੇਮ ਨਾਲਿਆਂ ਦੇ ਸਾਰੇ ਪੁੱਲ ਅਤੇ ਪੁੱਲੀਆਂ ਸਾਫ਼ ਹੋਣ ਅਤੇ ਕੋਈ ਵੀ ਨਾਲਾ ਬਲਾਕ ਨਾ ਰਹੇ। ਉਨ੍ਹਾਂ ਕਿਹਾ ਕਿ ਜਿਹੜੇ ਨਾਲੇ ਅਜੇ ਤੱਕ ਸਾਫ਼ ਨਹੀਂ ਹੋ ਸਕੇ, ਉਨ੍ਹਾਂ ਨੂੰ ਵੀ ਤੁਰੰਤ ਸਾਫ਼ ਕੀਤਾ ਜਾਵੇ। ਇਸਦੇ ਨਾਲ ਹੀ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀ ਜ਼ਿਲ੍ਹੇ ਵਿਚੋਂ ਲੰਘਦੇ ਜੀ.ਟੀ. ਰੋਡ ਅਤੇ ਹੋਰ ਸੰਪਰਕ ਸੜਕਾਂ ਦੇ ਥੱਲਿਓਂ ਪਾਣੀ ਦੀ ਨਿਕਾਸੀ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਰਿਪੋਰਟ ਵੀ ਤਿਆਰ ਕਰਨ ਲਈ ਕਿਹਾ।


ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਤ੍ਰਾਸਦੀ ਤੋਂ ਬਚਾਅ ਲਈ ਮੈਡੀਕਲ ਟੀਮਾਂ ਅਤੇ ਦਵਾਈਆਂ ਆਦਿ ਦੇ ਅਗੇਤੇ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀ ਗਿਣਤੀ ਵਿੱਚ ਕਿਸ਼ਤੀਆਂ, ਫੂਡ ਪੈਕ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ। ਸ਼ਹਿਰਾਂ ਦੇ ਨੀਵੇਂ ਇਲਾਕਿਆਂ ਨੂੰ ਬਰਸਾਤੀ ਪਾਣੀ ਭਰਨ ਤੋਂ ਬਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਸੀਵਰੇਜ ਸਿਸਟਮ ਨੂੰ ਸਾਫ਼ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਹਿਰਾਂ ਵਿੱਚੋਂ ਲੰਘਦੇ ਨਾਲੇ ਪੂਰੀ ਤਰਾਂ ਸਾਫ਼ ਹੋਣ ਤਾਂ ਜੋ ਉਨ੍ਹਾਂ ਦਾ ਪਾਣੀ ਸ਼ਹਿਰਾਂ ਵਿੱਚ ਹੜ੍ਹ ਦਾ ਕਾਰਨ ਨਾ ਬਣੇ।


ਧਾਲੀਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹ ਰੋਕੂ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੋ ਵੀ ਮਦਦ ਸਰਕਾਰ ਕੋਲੋਂ ਚਾਹੀਦੀ ਹੈ, ਉਸਦੀ ਡਿਮਾਂਡ ਦਿੱਤੀ ਜਾਵੇ ਤਾਂ ਜੋ ਉਸ ਨੂੰ ਬਿਨ੍ਹਾਂ ਸਮਾਂ ਗੁਵਾਏ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿਥੇ ਹੜ੍ਹਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਸਮਰੱਥ ਅਤੇ ਤਿਆਰ ਹੈ, ਉੱਥੇ ਜਿਹੜੇ ਵਿਅਕਤੀਆਂ ਦਾ ਹੜ੍ਹ ਕਾਰਨ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਸੂਬਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਂਦੇ ਨਿਰਦੇਸ਼ਾਂ ਦੀ ਲਾਜ਼ਮੀ ਤੌਰ ’ਤੇ ਪਾਲਣਾ ਕਰਨ।


ਮੀਟਿੰਗ ਦੌਰਾਨ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੇ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਸਬੰਧੀ ਪੂਰੀ ਚੌਕਸੀ ਵਰਤ ਰਿਹਾ ਹੈ ਅਤੇ ਦਰਿਆਵਾਂ ਵਿੱਚ ਪਾਣੀ ਛੱਡੇ ਜਾਣ ਦੀ ਅਗਾਊਂ ਸੂਚਨਾ ਜ਼ਿਲ੍ਹਾ ਵਾਸੀਆਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਦਿਨ ਰਾਤ ਕੰਮ ਕਰ ਰਿਹਾ ਹੈ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.