ਫਾਜ਼ਿਲਕਾ: ਜ਼ਿਲ੍ਹਾ ਫ਼ਾਜ਼ਿਲਕਾ ਦੇ ਸਬ ਡਵੀਜ਼ਨ ਅਬੋਹਰ ਦੇ ਅਧੀਨ ਪੈਂਦੇ ਪਿੰਡ ਤੇਲੂਪੁਰਾ ਦਾ ਅੰਗਹੀਣ ਬੇਰੁਜ਼ਗਾਰ ਖਿਡਾਰੀ ਆਪਣੇ ਘਰ ਵਿਚ ਮੈਡਲਾਂ ਅਤੇ ਖੇਡ ਸਰਟੀਫਿਕੇਟਾਂ ਦੀ ਝੜੀ ਲਗਾਈ ਬੈਠਾ ਹੈ। ਅੰਗਹੀਣ ਖਿਡਾਰੀ ਨੇ ਪੰਜਾਬ ਸਰਕਾਰ ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ((Captain Amarinder Singh)) ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਬੀਤੇ ਕੱਲ੍ਹ ਉਨ੍ਹਾਂ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਘਰ ਘਰ ਨੌਕਰੀ ਦੇਣ ਦੀ ਸਕੀਮ ਸਿਰਫ਼ ਕਾਂਗਰਸੀ ਵਿਧਾਇਕਾਂ ਲਈ ਹੀ ਬਣਾਈ ਗਈ ਹੈ।
ਖਿਡਾਰੀ ਨੇ ਪੱਤਰਕਾਰਾਂ ਨੂੰ ਆਪਣੀਆਂ ਉਪਲੱਬਧੀਆਂ ਅਤੇ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਉਹ ਆਪਣੇ ਅਪਾਹਜ ਹੋਣ ਦੇ ਬਾਵਜੂਦ ਵੀ ਪੜ੍ਹਾਈ ਅਤੇ ਖੇਡਾਂ ਵਿਚ ਮਾਅਰਕੇ ਮਾਰ ਕੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ ਇਸਦੇ ਬਾਵਜੂਦ ਵੀ ਉਨ੍ਹਾਂ ਦੇ ਹੱਥ ਵਿੱਚ ਨਿਰਾਸ਼ਾ ਹੀ ਲੱਗੀ ਹੈ।
ਉਸਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਸਰਕਾਰ ਵੱਲੋਂ ਹੈਂਡੀਕੈਪਸ ਨੂੰ ਖੇਡ ਕੋਟੇ ਤਹਿਤ ਨੌਕਰੀਆਂ ਨਹੀਂ ਦਿੱਤੀਆਂ ਹਨ ਜਦੋਂ ਕਿ ਗੁਆਂਢੀ ਸੂਬੇ ਹਰਿਆਣੇ ਅਤੇ ਰਾਜਸਥਾਨ ਵਿੱਚ ਅੰਗਹੀਣਾਂ ਨੂੰ ਮੈਡਲਾਂ ਦੇ ਹਿਸਾਬ ਨਾਲ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਅੰਗਹੀਣ ਖਿਡਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਆਉਣ ਵਾਲੀ 24 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕੋਠੀ ਚੰਡੀਗੜ੍ਹ ਵਿੱਚ ਆਪਣੇ ਮੈਡਲ ਅਤੇ ਐਵਾਰਡ ਵਾਪਿਸ ਕਰਨ ਤੋਂ ਬਾਅਦ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ ਤੇ ਜਿੰਨ੍ਹੀ ਦੇਰ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਨੀ ਦੇਰ ਤੱਕ ਉਨ੍ਹਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਦਾ ਕੰਮ ’ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ’: ਭਗਵੰਤ ਮਾਨ