ETV Bharat / state

Heroin Recovered: ਪੁਲਿਸ ਨੇ 45 ਦਿਨਾਂ 'ਚ ਹੈਰੋਇਨ ਤਸਕਰੀ ਦੇ ਪੰਜ ਮਾਮਲੇ ਕੀਤੇ ਨਾਕਾਮ, ਹੁਣ ਇੱਕ ਸ਼ਖ਼ਸ ਕਾਬੂ ਤੇ ਇਹ ਕੁਝ ਹੋਇਆ ਬਰਾਮਦ

author img

By ETV Bharat Punjabi Team

Published : Sep 9, 2023, 7:54 PM IST

Heroin Recovered
Heroin Recovered

ਪੰਜਾਬ ਪੁਲਿਸ ਵਲੋਂ ਤੂੜੀ ਵਾਲੀ ਟਰਾਲੀ 'ਚ ਲੁਕਾ ਕੇ ਤਸਕਰੀ ਲਈ ਲਿਜਾ ਰਹੇ 15 ਕਿਲੋ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੀ ਇਹ ਪਿਛਲੇ ਕੁਝ ਦਿਨਾਂ 'ਚ ਪੰਜਵੀਂ ਵੱਡੀ ਬਰਾਮਦਗੀ ਹੈ। (Heroin Recovered) (SSOC Fazilka)

ਚੰਡੀਗੜ੍ਹ/ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫਾਜ਼ਿਲਕਾ ਨੇ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਤਸਕਰ ਨੂੰ 15 ਕਿਲੋ ਹੈਰੋਇਨ (10 ਪੈਕੇਟ), ਜੋ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਵਿੱਚ ਲੁਕਾ ਕੇ ਰੱਖੀ ਹੋਈ ਸੀ, ਸਮੇਤ ਗ੍ਰਿਫ਼ਤਾਰ ਕੀਤਾ ਹੈ।

ਨਸ਼ੇ ਸਮੇਤ ਵਿਅਕਤੀ ਕਾਬੂ: ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਪ੍ਰੀਤਮ ਸਿੰਘ ਵਾਸੀ ਪਿੰਡ ਮੋਹਾਰ ਜਮਸ਼ੇਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦਾ ਸੋਨਾਲੀਕਾ ਟਰੈਕਟਰ (ਪੀ.ਬੀ.-11-ਵਾਈ-6879) ਅਤੇ ਟਰਾਲੀ ਵੀ ਜ਼ਬਤ ਕਰ ਲਈ ਹੈ। ਜ਼ਿਕਰਯੋਗ ਹੈ ਕਿ ਐਸ.ਐਸ.ਓ.ਸੀ. ਫਾਜ਼ਿਲਕਾ ਵੱਲੋਂ ਪਿਛਲੇ 45 ਦਿਨਾਂ ਵਿੱਚ ਕੀਤੀ ਗਈ ਇਹ ਪੰਜਵੀਂ ਵੱਡੀ ਹੈਰੋਇਨ ਬਰਾਮਦਗੀ ਹੈ, ਜਿਸ ਨਾਲ ਹੁਣ ਤੱਕ ਦੀ ਕੁੱਲ ਰਿਕਵਰੀ 145 ਕਿਲੋਗ੍ਰਾਮ ਹੋ ਗਈ ਹੈ।

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਐਸਐਸਓਸੀ ਫਾਜ਼ਿਲਕਾ ਨੇ ਪਿੰਡ ਢਾਣੀ ਖਰਾਸ ਵਾਲੀ ਦੇ ਖੇਤਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਨੈਟਵਰਕ ਖਿਲਾਫ ਇੱਕ ਵਿਸ਼ੇਸ਼ ਗੁਪਤ ਆਪਰੇਸ਼ਨ ਚਲਾ ਕੇ ਨਸ਼ਾ ਤਸਕਰ ਪ੍ਰੀਤਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤੂੜੀ ਨਾਲ ਭਰੀ ਟਰਾਲੀ ਵਿੱਚ ਲੁਕਾ ਕੇ ਰੱਖੀ ਹੈਰੋਇਨ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨਸ਼ਾ ਤਸਕਰ ਆਪਣੀ ਪਤਨੀ ਕੁਸ਼ੱਲਿਆ ਬਾਈ ਅਤੇ ਜਵਾਈ ਗੁਰਮੀਤ ਸਿੰਘ ਜੋ ਪਿੰਡ ਢਾਣੀ ਖਰਾਸ ਵਾਲੀ, ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਨਾਲ ਜਾ ਰਿਹਾ ਸੀ। ਦੱਸਣਯੋਗ ਹੈ ਕਿ ਨਸ਼ਾ ਤਸਕਰ ਦੀ ਪਤਨੀ ਅਤੇ ਜਵਾਈ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।

ਦਰਿਆਈ ਰਸਤੇ ਰਾਹੀਂ ਖੇਪ ਦੀ ਤਸਕਰੀ: ਇਸ ਦੇ ਨਾਲ ਹੀ ਦਰਿਆਈ ਰਸਤੇ ਰਾਹੀਂ ਖੇਪ ਦੀ ਤਸਕਰੀ ਹੋਣ ਦੀ ਸੰਭਾਵਨਾ ਨੂੰ ਜਤਾਉਂਦਿਆਂ ਡੀਜੀਪੀ ਨੇ ਕਿਹਾ ਕਿ ਇਹ ਪਰਿਵਾਰ ਸਰਹੱਦੀ ਪਿੰਡ ਮੋਹਾਰ ਜਮਸ਼ੇਰ ਦੇ ਉਨ੍ਹਾਂ ਕੁਝ ਪਰਿਵਾਰਾਂ ਵਿੱਚੋਂ ਸੀ, ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਅਤ ਥਾਵਾਂ 'ਤੇ ਜਾਣ ਸਬੰਧੀ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਆਪਣੇ ਹੜ੍ਹ ਪ੍ਰਭਾਵਿਤ ਸਥਾਨਾਂ ‘ਤੇ ਹੀ ਰਹੇ।

ਹੋਰ ਬਰਾਮਦਗੀ ਹੋਣ ਦੀ ਉਮੀਦ: ਇਸ ਦੇ ਨਾਲ ਹੀ ਹੋਰ ਵੇਰਵੇ ਸਾਂਝਾ ਕਰਦਿਆਂ ਏਆਈਜੀ ਐਸਐਸਓਸੀ ਫਾਜ਼ਿਲਕਾ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ ਅਤੇ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਗੌੜੇ ਮੁਲਜ਼ਮ ਕੌਸ਼ਲਿਆ ਬਾਈ ਅਤੇ ਗੁਰਮੀਤ ਸਿੰਘ ਵਿਰੁੱਧ ਵੀ ਕੇਸ ਦਰਜ ਕੀਤਾ ਹੈ, ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧੀ ਐਫ.ਆਈ.ਆਰ. ਨੰ. 31 ਮਿਤੀ 08-09-2023 ਨੂੰ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21(ਸੀ), 29 ਅਤੇ 30 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਵੀਂ ਵੱਡੀਆਂ ਬਰਾਮਦਗੀ: ਦੱਸਿਆ ਜਾ ਰਿਹਾ ਕਿ ਐਸਐਸਓਸੀ ਫਾਜ਼ਿਲਕਾ ਵੱਲੋਂ ਪਿਛਲੇ 45 ਦਿਨਾਂ ਵਿੱਚ ਹੈਰੋਇਨ ਦੀ ਪੰਜਵੀਂ ਵੱਡੀ ਬਰਾਮਦਗੀ ਹੈ। ਜਿਸ 'ਚ 23 ਜੁਲਾਈ ਨੂੰ ਜੋਰਾ ਸਿੰਘ ਨਗਰ ਫਿਰੋਜ਼ਪੁਰ ਦੇ ਗ੍ਰੰਥੀ ਨਿਸ਼ਾਨ ਸਿੰਘ ਕੋਲੋਂ 20 ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ 6 ਅਗਸਤ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 77.8 ਕਿਲੋ ਹੈਰੋਇਨ (41.8 ਕਿਲੋ+36 ਕਿਲੋ) ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਸਨ, ਜੋ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਸੀ। ਇਸ ਤੋਂ ਇਲਾਵਾ 16 ਅਗਸਤ ਨੂੰ ਫਿਰੋਜ਼ਪੁਰ ਤੋਂ 3 ਕਿਲੋ ਹੈਰੋਇਨ ਬਰਾਮਦ ਹੋਈ ਅਤੇ 21 ਅਗਸਤ ਨੂੰ ਫਿਰੋਜ਼ਪੁਰ ਦੇ ਪਿੰਡ ਗਜ਼ਨੀ ਵਾਲਾ ਦੇ ਇਲਾਕੇ ਵਿੱਚੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ 29.2 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ 15 ਕਿਲੋ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ ਕੀਤਾ ਹੈ। (ਪ੍ਰੈਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.