ETV Bharat / state

Swing Fell Down: ਅਬੋਹਰ 'ਚ 30 ਫੁੱਟ ਉਚਾਈ ਤੋਂ ਹੇਠਾਂ ਡਿੱਗਿਆ ਝੂਲਾ, 20 ਤੋਂ ਵੱਧ ਔਰਤਾਂ ਤੇ ਬੱਚੇ ਸਨ ਸਵਾਰ

author img

By

Published : Jun 26, 2023, 11:23 AM IST

ਅਬੋਹਰ ਵਿੱਚ ਲੱਗੇ ਮਨੋਰੰਜਨ ਮੇਲੇ ਵਿਚ ਵੱਡਾ ਹਾਦਸਾ ਵਾਪਰਿਆ, ਜਿੱਥੇ 30 ਫੁੱਟ ਉਚਾਈ ਤੋਂ ਝੂਲਾ ਡਿੱਗ ਗਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਅਣਹੋਣੀ ਵਾਪਰਨ ਤੋਂ ਬਚਾਅ ਰਿਹਾ, ਪਰ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ।

Manoranjan Fair Swing Fell Down, Abohar
ਅਬੋਹਰ 'ਚ 30 ਫੁੱਟ ਉਚਾਈ ਤੋਂ ਹੇਠਾਂ ਡਿੱਗਿਆ ਝੂਲਾ

ਅਬੋਹਰ ਵਿੱਚ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਝੂਲਾ

ਫਾਜ਼ਿਲਕਾ: ਅਬੋਹਰ ਸ਼ਹਿਰ 'ਚ ਐਤਵਾਰ ਨੂੰ ਚੰਡੀਗੜ੍ਹ ਵਰਗਾ ਹੀ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ ਸਵਾਰ ਲੋਕ ਸੁਰੱਖਿਅਤ ਹਨ, ਪਰ ਇੱਕ ਵਾਰ ਝੂਲੇ ਕਾਰਨ ਮੇਲੇ ਵਿੱਚ ਹਫੜਾ-ਦਫੜੀ ਮਚ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਝੂਲਾ ਚਲਾ ਰਹੇ ਇੱਕ ਮਜ਼ਦੂਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਲੋਕਾਂ ਦੇ ਪੈਸੇ ਵਾਪਸ ਕਰਕੇ ਪਿੱਛਾ ਛੁਡਵਾਇਆ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ।

20-25 ਜਣੇ ਸਨ ਝੂਲੇ 'ਚ ਸਵਾਰ: ਅਬੋਹਰ ਵਿੱਚ ਇਹ ਮੇਲਾ ਬੀਤੇ ਇੱਕ ਹਫ਼ਤੇ ਤੋਂ ਲੱਗਾ ਹੋਇਆ ਹੈ। ਹਾਦਸੇ ਤੋ ਬਾਅਦ ਲੋਕਾਂ ਦਾ ਰੋਸ ਵੇਖਣ ਨੂੰ ਮਿਲਿਆ ਤੇ ਲੋਕਾਂ ਨੇ ਝੂਲਾ ਪ੍ਰਬੰਧਕ ਦੇ ਇੱਕ ਕਰਿੰਦੇ ਨੂੰ ਘੇਰ ਲਿਆ ਜਿਸ ਵਲੋਂ ਇਸ ਝੂਲੇ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਸਨ। ਇਸ ਝੂਲੇ ਵਿੱਚ ਕਰੀਬ 20 ਤੋਂ 25 ਲੋਕ ਬੈਠੇ ਸਨ, ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ। ਰੋਸ ਵੇਖਦਿਆਂ ਲੋਕਾਂ ਨੂੰ ਟਿਕਟਾਂ ਦੇ ਪੈਸੇ ਵੀ ਮੋੜੇ ਗਏ ਤੇ ਵੇਖਦੇ ਹੀ ਵੇਖਦੇ ਮੇਲਾ ਖਾਲੀ ਹੋ ਗਿਆ।

ਝੂਲੇ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ : ਇਹ ਘਟਨਾ ਆਭਾ ਸਿਟੀ ਸਕੁਏਅਰ ਵਿੱਚ ਚੱਲ ਰਹੇ ਮਨੋਰੰਜਨ ਮੇਲੇ ਵਿੱਚ ਵਾਪਰੀ। 30 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਹਾਦਸੇ ਦੇ ਸਮੇਂ ਝੂਲੇ ਵਿੱਚ 20 ਤੋਂ ਵੱਧ ਬੱਚੇ, ਔਰਤਾਂ ਅਤੇ ਮਰਦ ਸਵਾਰ ਸਨ। ਲੋਕਾਂ ਨੇ ਕਿਹਾ ਕਿ ਮੇਲੇ ਵਿੱਚ ਲੱਗੇ ਝੂਲੇ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੇਲੇ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ।

ਅਚਾਨਕ ਝੂਲਾ ਹੇਠਾਂ ਆ ਗਿਆ ਅਤੇ ਝਟਕਾ ਲੱਗਾ: ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਗਿਆ ਹੈ ਕਿ ਐਤਵਾਰ ਨੂੰ ਮੇਲੇ ਵਿੱਚ ਲੋਕਾਂ ਦੀ ਭਾਰੀ ਭੀੜ ਰਹੀ। ਇਸ ਦੌਰਾਨ ਲੋਕ ਝੂਲੇ 'ਤੇ ਸਵਾਰ ਹੋ ਕੇ ਖੰਭੇ ਦੀ ਮਦਦ ਨਾਲ ਉੱਪਰ ਵੱਲ ਜਾ ਰਹੇ ਸਨ ਕਿ ਅਚਾਨਕ ਝੂਲੇ 'ਚ ਕੋਈ ਨੁਕਸ ਪੈ ਗਿਆ ਅਤੇ ਝੂਲਾ ਸਿੱਧਾ ਹੇਠਾਂ ਆ ਗਿਆ। ਇਸ ਕਾਰਨ ਸਵਾਰੀਆਂ ਨੂੰ ਵੱਡਾ ਝਟਕਾ ਲੱਗਾ ਅਤੇ ਹੜਕੰਪ ਮਚ ਗਿਆ। ਇਸ ਨੂੰ ਦੇਖ ਕੇ ਮੇਲੇ 'ਚ ਆਏ ਲੋਕਾਂ 'ਚ ਦਹਿਸ਼ਤ ਫੈਲ ਗਈ।

ਚਸ਼ਮਦੀਦਾਂ ਅਨੁਸਾਰ ਝੂਲੇ ਵਿੱਚ ਕੋਈ ਤੇਲ ਵਰਗਾ ਪਦਾਰਥ ਸੀ, ਜੋ ਬਾਹਰ ਆ ਕੇ ਇਧਰ-ਉਧਰ ਖਿੱਲਰ ਗਿਆ, ਜਿਸ ਕਾਰਨ ਅੱਗ ਲੱਗਣ ਵਰਗੀ ਘਟਨਾ ਵੀ ਵਾਪਰ ਸਕਦੀ ਹੈ। ਝੂਲੇ ਦੇ ਟੁੱਟਣ ਦਾ ਇੱਕ ਕਾਰਨ ਸਮਰੱਥਾ ਤੋਂ ਵੱਧ ਲੋਕਾਂ ਦਾ ਸਵਾਰੀ ਹੋਣਾ ਵੀ ਹੋ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਦੀ ਜਾਂਚ ਕਰਕੇ ਮੇਲਾ ਚਲਾਉਣ ਵਾਲੇ ਅਤੇ ਝੂਲਾ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.