ETV Bharat / state

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ 'ਚ ਸੋਲਰ ਸਿਸਟਮ ਦੇ ਉਦਘਾਟਨ ਮੌਕੇ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ

author img

By ETV Bharat Punjabi Team

Published : Aug 31, 2023, 7:41 AM IST

inauguration of the solar system
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ 'ਚ ਗੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੌਕੇ 'ਤੇ ਪਹੁੰਚੇ। ਜਿਸ 'ਚ ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਸੋਲਰ ਸਿਸਟਮ ਦੇ ਉਦਘਾਟਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ

ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸੋਲਰ ਸਿਸਟਮ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਸੰਧਵਾਂ ਨੇ ਕਿਹਾ ਕਿ ਪੁਰਾਤਨ ਵਿਰਾਸਤ ਨੂੰ ਸੰਭਾਲਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਉਣ ਵਾਲੀਆਂ ਕੌਮਾਂ ਕਦੇ ਵੀ ਤਰੱਕੀ ਨਹੀਂ ਕਰ ਸਕਦੀਆਂ।

ਲਾਸਾਨੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਯਾਦ: ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਦੁਨੀਆਂ ਭਰ ਵਿੱਚੋਂ ਸਭ ਤੋਂ ਮਹਿੰਗੀ ਧਰਤੀ ਹੈ। ਇਸ ਧਰਤੀ 'ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਆਪਸੀ ਭਾਈਚਾਰੇ ਦੇ ਦਿੱਤੇ ਸੰਦੇਸ਼: ਸੰਧਵਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦੀਵਾਨ ਟੋਡਰ ਮੱਲ ਦੀ ਹਵੇਲੀ ਦਾ ਜਾਇਜ਼ਾ ਲੈਣ ਵੀ ਪਹੁੰਚੇ। ਸ਼ਹੀਦਾਂ ਵੱਲੋਂ ਵਿਖਾਏ ਮਾਰਗ 'ਤੇ ਚੱਲਣ ਵਾਲੀਆਂ ਕੌਮਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦਾ ਜੋ ਸੰਦੇਸ਼ ਸਾਨੂੰ ਦਿੱਤਾ ਹੈ, ਉਸ 'ਤੇ ਚੱਲ ਕੇ ਹੀ ਦੁਨੀਆਂ ਦੀ ਭਲਾਈ ਹੋ ਸਕਦੀ ਹੈ ਅਤੇ ਸਾਨੂੰ ਆਪਣੇ ਗੁਰੂ ਸਾਹਿਬਾਨ ਵੱਲੋਂ ਆਪਸੀ ਭਾਈਚਾਰੇ ਦੇ ਦਿੱਤੇ ਸੰਦੇਸ਼ ਨੂੰ ਹਮੇਸ਼ਾਂ ਅੱਗੇ ਵਧਾਉਣਾ ਚਾਹੀਦਾ ਹੈ।

ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਪੁਰਾਤਨ ਦਿੱਖ: ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਮਾਂ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੀ ਕੁਰਬਾਨੀਆਂ ਤੋਂ ਜਾਣੂ ਕਰਵਾਈਏ ਕਿਉਂਕਿ ਇਸੇ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਜੋ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਉਸ ਬਾਰੇ ਵੀ ਸਰਕਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਵੇਗੀ।

ਸਿੱਖਾਂ ਦੀ ਬਹਾਦਰੀ ਨੂੰ ਪੂਰੀ ਦੁਨੀਆਂ ਵਿੱਚ ਇੱਜ਼ਤ ਦੀ ਨਜ਼ਰ: ਸਪੀਕਰ ਸੰਧਵਾਂ ਨੇ ਕਿਹਾ ਕਿ ਆਪਣੀਆਂ ਇਤਿਹਾਸਕ ਵਿਰਾਸਤਾਂ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਕਿਉਂਕਿ ਇਨ੍ਹਾਂ ਵਿਰਾਸਤਾਂ ਕਾਰਨ ਹੀ ਸਾਡੇ ਨੌਜਵਾਨ ਸਹੀ ਰਾਹ ਤੇ ਤੁਰ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਣਾਈ ਗਈ ਸਿੱਖਾਂ ਦੀ ਬਹਾਦਰੀ ਨੂੰ ਪੂਰੀ ਦੁਨੀਆਂ ਵਿੱਚ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਸਿੱਖ ਹਮੇਸ਼ਾ ਹੀ ਸਮਾਜ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਅੱਗੇ ਹੋ ਕੇ ਕੰਮ ਕਰਦੇ ਹਨ ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੀਵਾਨ ਟੋਡਰ ਮੱਲ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਵੀ ਕਰ ਰਹੀ ਕੰਮ: ਇਸ ਮੌਕੇ ਗੱਲਬਾਤ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਜਿਸ ਦਾ ਕੰਮ ਚਲ ਰਿਹਾ ਹੈ। ਉਥੇ ਹੀ ਪ੍ਰਧਾਨ ਧਾਮੀ ਨੇ ਕਿਹਾ ਕਿ ਜੋ ਬਾਲੀਵੁੱਡ ਦੀ ਫਿਲਮਾਂ ਵਿਚ ਕਕਾਰ ਪਾ ਕੇ ਬੇਅਦਬੀ ਕੀਤੀ ਹੈ, ਉਸ ਮਾਮਲੇ 'ਚ ਫਿਲਮ ਟੀਮ ਦੀ ਕਮੇਟੀ ਨਾਲ ਮੀਟਿੰਗ ਹੋਈ ਹੈ, ਪਰ ਉਹ ਚਾਹੁੰਦੇ ਹਨ ਕਿ ਇਸ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਹਰ ਕੋਈ ਬੇਅਦਬੀ ਕਰਕੇ ਫਿਰ ਮੁਆਫ਼ੀ ਮੰਗ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਜਦੋਂ ਕੋਈ ਵੀ ਅਜਿਹੀ ਫਿਲਮ ਜਾਂ ਨਾਟਕ ਬਣਾਉਣਾ ਹੈ ਤਾਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਚੈਕ ਕਰਵਾਉਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.