ETV Bharat / state

ਅਮਲੋਹ 'ਚ ਦੋ ਜਣਿਆਂ ਉੱਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ, ਮੁਲਜ਼ਮ ਵੱਲੋਂ ਮੌਕੇ 'ਤੇ ਹੀ ਆਤਮ ਸਮਰਪਣ

author img

By

Published : Jul 20, 2023, 6:11 PM IST

Updated : Jul 20, 2023, 7:59 PM IST

One person died during firing in Tehsil Amloh of Sri Fatehgarh Sahib
ਅਮਲੋਹ 'ਚ ਦੋ ਜਣਿਆਂ ਉੱਤੇ ਅੰਨ੍ਹੇਵਾਹ ਫਾਈਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ, ਮੁਲਜ਼ਮ ਵੱਲੋਂ ਮੌਕੇ 'ਤੇ ਹੀ ਆਤਮ ਸਮਰਪਣ

ਅਮਲੋਹ ਦੇ ਪਿੰਡ ਸਲਾਣਾ ਦੁੱਲਾ ਵਿੱਚ ਇੱਕ ਨਿੱਜੀ ਕੰਪਨੀ ਦੇ ਮਾਲਕਾਂ ਉੱਤੇ ਪੁਰਾਣੇ ਹਿੱਸੇਦਾਰ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਇੱਕ ਸ਼ਖ਼ਸ ਦੀ ਗੋਲੀ ਵੱਜਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਮੁਲਜ਼ਮ ਵੱਲੋਂ ਮੌਕੇ 'ਤੇ ਹੀ ਆਤਮ ਸਮਰਪਣ

ਸ੍ਰੀ ਫ਼ਤਹਿਗੜ੍ਹ ਸਾਹਿਬ: ਤਹਿਸੀਲ ਅਮਲੋਹ ਦੇ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਵਿਖੇ ਨਿੱਜੀ ਕੰਪਨੀ ਮਾਲਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਫਾਈਰਿੰਗ ਵਿੱਚ ਇੱਕ ਫਰਨੈਸ ਮਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸਦੇ ਦੂਜੇ ਸਾਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਵਾਰਦਾਤ ਨੂੰ ਇਹਨਾਂ ਦੋਵੇਂ ਦੇ ਪਾਰਟਨਰ ਰਹਿ ਚੁੱਕੇ ਵਿਅਕਤੀ ਨੇ ਅੰਜਾਮ ਦਿੱਤਾ। ਕਾਤਲ ਨੇ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ 'ਤੇ ਹੀ ਆਤਮ ਸਮਰਪਣ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਸਲਾਣਾ ਵਿਖੇ ਭੋਗ ਸਮਾਗਮ ਸੀ। ਇਸ ਭੋਗ ਸਮਾਗਮ ਵਿੱਚ ਫਰਨੈਸ ਮਾਲਕ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਆਏ ਹੋਏ ਸਨ।

ਕਿਸੇ ਸਮੇਂ ਕਾਰੋਬਾਰ 'ਚ ਇਹਨਾਂ ਦਾ ਪਾਰਟਨਰ ਰਿਹਾ ਕੁਲਦੀਪ ਸਿੰਘ ਵੀ ਭੋਗ ’ਤੇ ਆਇਆ ਸੀ। ਇਨ੍ਹਾਂ ਤਿੰਨਾਂ ਵਿਚਾਲੇ ਸਾਂਝੇਦਾਰੀ ਨੂੰ ਲੈ ਕੇ ਕਾਫੀ ਸਮੇਂ ਤੋਂ ਰੰਜਿਸ਼ ਚੱਲੀ ਆ ਰਹੀ ਹੈ। ਭੋਗ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਲੋਕ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਖੜ੍ਹੇ ਸਨ ਤਾਂ ਇਸ ਦੌਰਾਨ ਕੁਲਦੀਪ ਸਿੰਘ ਨੇ ਲਾਇਸੰਸੀ ਪਿਸਤੌਲ ਨਾਲ ਕਰਨੈਲ ਸਿੰਘ ਅਤੇ ਕਰਤਾਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਸਿਰ ਵਿੱਚ ਗੋਲੀ ਲੱਗਣ ਕਾਰਨ ਕਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਰਤਾਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਖੰਨਾ ਦੇ ਆਈ.ਵੀ.ਵਾਈ ਹਸਪਤਾਲ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਐਸਪੀ (ਆਈ) ਰਾਕੇਸ਼ ਕੁਮਾਰ ਯਾਦਵ ਜ਼ਖ਼ਮੀ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੇ। ਜਿਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ।



ਪਾਟਨਰਸ਼ਿੱਪ ਤੋਂ ਬਾਅਦ ਦੁਸ਼ਮਣੀ: ਪਿੰਡ ਰਾਮਗੜ੍ਹ ਦੇ ਵਸਨੀਕ ਕਰਨੈਲ ਸਿੰਘ, ਕਰਤਾਰ ਸਿੰਘ ਅਤੇ ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਫਰਨੈਸ ਇਕਾਈ ਲਾਈ ਸੀ। ਕੁਝ ਸਮੇਂ ਬਾਅਦ ਕਾਰੋਬਾਰ ਵਿੱਚ ਝਗੜਾ ਹੋ ਗਿਆ। ਕਰਨੈਲ ਸਿੰਘ ਅਤੇ ਕਰਤਾਰ ਸਿੰਘ ਨੇ ਕੁਲਦੀਪ ਸਿੰਘ ਦੀ ਸਾਂਝੇਦਾਰੀ ਕੱਢ ਦਿੱਤੀ ਸੀ। ਇਸੇ ਦੌਰਾਨ ਕੁਲਦੀਪ ਸਿੰਘ ਪਿੰਡ ਛੱਡ ਕੇ ਖੰਨਾ ਰਹਿਣ ਲੱਗਾ ਸੀ। ਹੁਣ ਕਰਨੈਲ ਤੇ ਕਰਤਾਰ ਇਕੱਠੇ ਫਰਨੈਸ ਚਲਾ ਰਹੇ ਸੀ। ਇਸੇ ਦੁਸ਼ਮਣੀ ਕਾਰਨ ਕੁਲਦੀਪ ਸਿੰਘ ਨੇ ਭੋਗ ਦੌਰਾਨ ਵਾਰਦਾਤ ਨੂੰ ਅੰਜਾਮ ਦਿੱਤਾ। ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਕੁਲਦੀਪ ਸਿੰਘ ਮੌਕੇ ’ਤੇ ਹੀ ਖੜ੍ਹਾ ਰਿਹਾ। ਉਸ ਨੇ ਖੁਦ ਲੋਕਾਂ ਨੂੰ ਪੁਲਿਸ ਨੂੰ ਬੁਲਾਉਣ ਲਈ ਕਿਹਾ। ਨਾਲ ਹੀ ਘਟਨਾ ਤੋਂ ਬਾਅਦ ਕੁਲਦੀਪ ਗੁੱਸੇ 'ਚ ਕਹਿ ਰਿਹਾ ਸੀ ਕਿ ਇਹਨਾਂ ਨੇ ਮੈਨੂੰ ਬਰਬਾਦ ਕੀਤਾ। ਮੈਂ ਆਪਣੀ ਬਰਬਾਦੀ ਦਾ ਬਦਲਾ ਲਿਆ।

Last Updated :Jul 20, 2023, 7:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.