ETV Bharat / state

ਕਰਫਿਊ ਦੌਰਾਨ ਲੋੜਵੰਦਾਂ ਤੱਕ ਖਾਣਾ ਪੁੱਜਦਾ ਕਰਨ ਲਈ ਸਰਕਾਰ ਵਚਨਬੱਧ: ਨਾਗਰਾ

author img

By

Published : Mar 29, 2020, 11:21 PM IST

ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਰਕਾਰ ਲੋੜਵੰਦਾਂ ਨੂੰ ਤਿਆਰ ਕੀਤਾ ਖਾਣਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਕਾਂਗਰਸ ਵਿਧਾਇਕ ਕੁਲਜੀਤ ਨਾਗਰਾ
ਕਾਂਗਰਸ ਵਿਧਾਇਕ ਕੁਲਜੀਤ ਨਾਗਰਾ

ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਰਕਾਰ ਲੋੜਵੰਦਾਂ ਨੂੰ ਤਿਆਰ ਕੀਤਾ ਖਾਣਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਦਿਸ਼ਾ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਵਿਚਾਰ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪ੍ਰਗਟਾਏ।

ਉਨ੍ਹਾਂ ਨੇ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਸਾਰਾ ਲੋੜੀਂਦਾ ਸਾਮਾਨ ਪੁੱਜਦਾ ਕਰਨ ਤੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਚੁੱਕੇ ਕਦਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।

ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਆਮਦਨ ਵਾਲੀਆਂ ਪੰਚਾਇਤਾਂ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਫੰਡਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ ਤੇ ਲੋੜਵੰਦਾਂ ਤੱਕ ਤਿਆਰ ਖਾਣਾ ਪੁੱਜਦਾ ਕਰਨ ਲਈ ਪਿੰਡ ਵਾਈਜ਼ ਲੰਗਰ ਲਾਏ ਜਾਣਗੇ ਤੇ ਜਿਹੜੀਆਂ ਪੰਚਾਇਤਾਂ ਕੋਲ ਆਮਦਨ ਦਾ ਸਾਧਨ ਨਹੀਂ ਹੈ, ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ।

ਨਾਗਰਾ ਨੇ ਰਾਸ਼ਨ ਜਾਂ ਤਿਆਰ ਖਾਣਾ ਵੰਡਣ ਦੀ ਸੇਵਾ ਕਰਨ ਦੇ ਚਾਹਵਾਨ ਵਿਅਕਤੀਆਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਲਏ ਬਿਨ੍ਹਾਂ ਅਜਿਹਾ ਨਾ ਕੀਤਾ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਕਿਤੇ ਵੀ ਤਿਆਰ ਖਾਣਾ ਜਾਂ ਹੋਰ ਲੋੜੀਂਦਾ ਸਾਮਾਨ ਵੰਡਿਆ ਜਾਂਦਾ ਹੈ, ਉੱਥੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਵਿਧਾਇਕ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹਾਲੇ ਤੱਕ ਕੋਰੋਨਾ ਵਾਇਰਸ ਸਬੰਧੀ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਲੋਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਨਾਉਣ ਤੇ ਘਰਾਂ ਵਿੱਚ ਰਹਿ ਕੇ ਹੀ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਸਾਮਾਨ ਘਰਾਂ ਤੱਕ ਪੁੱਜਦਾ ਕਰਨ ਲਈ ਪ੍ਰਸ਼ਾਸਨ ਨੂੰ ਹਰ ਇੱਕ ਪਿੰਡ ਤੇ ਹਰ ਇਕ ਵਾਰਡ ਲਈ 03-03 ਵਾਲੰਟੀਅਰ ਵੀ ਦਿੱਤੇ ਜਾਣਗੇ ਤਾਂ ਜੋ ਸਾਰਾ ਜ਼ਰੂਰੀ ਸਾਮਾਨ, ਖਾਸ ਕਰ ਕੇ ਦਵਾਈਆਂ ਘੱਟ ਤੋਂ ਘੱਟ ਸਮੇਂ ਵਿੱਚ ਲੋਕਾਂ ਤੱਕ ਪੁੱਜ ਸਕਣ।

ਇਹ ਵੀ ਪੜੋ: ਕੇਂਦਰ ਦੀ ਸੂਬਾ ਸਰਕਾਰਾਂ ਨੂੰ ਤਾੜਨਾ, ਹੱਦਾਂ ਸੀਲ ਕਰਨ ਦੇ ਦਿੱਤੇ ਆਦੇਸ਼

ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਿਨ ਰਾਤ ਕੰਮ ਰਿਹਾ ਹੈ ਤੇ ਲੋਕਾਂ ਨੂੰ ਸਾਰਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.