ETV Bharat / state

Women Athlete Veerpal Kaur : 56 ਸਾਲ ਦੀ ਵੀਰਪਾਲ ਕੌਰ ਨੇ ਐਥਲੀਟ 'ਚ ਗੱਡੇ ਝੰਡੇ, ਹੁਣ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਸੋਨ ਤਗ਼ਮਾ ਜਿੱਤਣ ਦੀ ਜ਼ਿੱਦ !

author img

By

Published : Jul 31, 2023, 9:26 PM IST

ਜਦੋਂ ਅੱਧੀ ਉਮਰ ਲੰਘ ਜਾਂਦੀ ਹੈ, ਤਾਂ ਤੁਸੀ ਕਿਸੇ ਵੀ ਵਿਅਕਤੀ ਨੂੰ ਆਮ ਤੌਰ ਉੱਤੇ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਮੇਰੇ ਗੋਡੇ ਨਹੀਂ ਚੱਲਦੇ, ਕਮਜ਼ੋਰੀ ਹੋ ਗਈ ਹੈ। ਅਜਿਹੇ ਵਿੱਚ 50 ਸਾਲ ਤੋਂ ਉਪਰ ਦੀ ਉਮਰ ਵਿੱਚ ਆਉਂਦੇ ਵਿਅਕਤੀ ਨੂੰ ਅਧੇੜ ਜਾਂ ਬਜ਼ੁਰਗਾਂ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਪਰ, ਅੱਜ ਅਸੀਂ ਤੁਹਾਨੂੰ ਅਜਿਹੀ ਔਰਤ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਦੀ ਉਮਰ 56 ਸਾਲ ਹੈ, ਪਰ ਹੌਂਸਲੇ ਤੇ ਦੌੜ ਵਿੱਚ ਵਿੱਚ 20-22 ਸਾਲਾਂ ਦੇ ਨੌਜਵਾਨਾਂ ਨੂੰ ਵੀ ਮਾਤ ਪਾਉਂਦੀ ਹੈ। ਕੌਣ ਹੈ ਅਜਿਹੀ ਤਾਕਤਵਰ ਔਰਤ, ਜਾਣਨ ਲਈ ਪੜ੍ਹੋ ਪੂਰੀ ਖ਼ਬਰ।

56 Years Old Women Athlete Veerpal Kaur, Faridkot
Veerpal Kaur

56 ਸਾਲ ਦੀ ਵੀਰਪਾਲ ਕੌਰ ਦੀ ਅੰਤਰ ਰਾਸ਼ਟਰੀ ਪੱਧਰ 'ਤੇ ਸੋਨ ਤਗ਼ਮਾ ਜਿੱਤਣ ਦੀ ਜ਼ਿੱਦ !

ਫ਼ਰੀਦਕੋਟ: ਜ਼ਿਲ੍ਹੇ ਦੀ 56 ਸਾਲ ਦੀ ਔਰਤ ਵੀਰਪਾਲ ਕੌਰ ਨੇ ਇੱਕ ਸਾਲ ਵਿੱਚ 100 ਮੀਟਰ ਦੀ ਦੌੜ ਮੁਕਾਬਲੇ ਵਿੱਚ 22 ਮੈਡਲ ਜਿੱਤੇ ਹਨ। ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ਉੱਤੇ ਵੀ ਗੋਲਡ ਮੈਡਲ ਹਾਸਿਲ ਕਰ ਪੰਜਾਬ ਤੇ ਭਾਰਤ ਦਾ ਦੁਨੀਆਂ ਵਿੱਚ ਆਪਣਾ ਨਾਮ ਚਮਕਾਇਆ ਹੈ। ਇੱਥੇ ਹੀ ਬਸ ਨਹੀਂ, ਹੁਣ ਵੀਰਪਾਲ ਕੌਰ ਨੇ ਅੰਤਰਾਸ਼ਟਰੀ ਪੱਧਰ ਉੱਤੇ ਨੇਪਾਲ ਅਤੇ ਮਲੇਸ਼ੀਆ ਵਿੱਚ ਹੋ ਰਹੇ ਅਥਲੀਟ ਮੁਕਾਬਲੇ ਵਿੱਚ ਵੀ ਹਿੱਸਾ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਹੁਣ ਅੰਤਰ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਦੀ ਤਿਆਰੀ: ਫਰੀਦਕੋਟ ਦੀ 56 ਸਾਲਾ ਔਰਤ ਵੀਰਪਾਲ ਕੌਰ ਤੋਂ ਜਿਸ ਨੇ 100 ਮੀਟਰ ਦੌੜ 'ਚ ਇਕ ਸਾਲ ਵਿੱਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਕੇ ਵੱਡਾ ਰਿਕਾਰਡ ਬਣਾਉਣ ਦੀ ਕੋਸ਼ਿਸ ਕੀਤੀ ਹੈ। ਹਾਲ ਹੀ ਵਿੱਚ ਦੇਹਰਾਦੂਨ ਵਿੱਚ ਹੋਈਆਂ ਖੇਡਾਂ ਵਿੱਚ ਵੀ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ਉੱਤੇ 100 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਬਧੀ ਹਾਸਿਲ ਕਰ ਕੀਤੀ ਹੈ। ਹੁਣ ਇੰਟਰਨੈਸ਼ਨਲ ਪੱਧਰ ਉੱਤੇ ਨੇਪਾਲ ਅਤੇ ਮਲੇਸ਼ੀਆ ਵਿੱਚ ਹੋਣ ਜਾ ਰਹੀਆਂ ਗੇਮਜ਼ ਵਿੱਚ ਵੀ ਹਿੱਸਾ ਲੈ ਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ।

56 Years Old Women Athlete Veerpal Kaur, Faridkot
ਕੀ ਕਹਿਣਾ ਵੀਰਪਾਲ ਕੌਰ ਦਾ

ਇੱਕ ਸਾਲ ਵਿੱਚ ਜਿੱਤੇ 22 ਮੈਡਲ: ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਆਪਣੀਆਂ ਅਗਲੀਆਂ ਤਿਆਰੀਆਂ ਲਈ ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ ਜਿਸ ਦੇ ਚੱਲਦੇ ਉਸ ਨੇ ਆਪਣਾ ਨਾਮ ਦਰਜ ਕਰਵਾ ਕੇ ਦੌੜਾਂ ਵਿੱਚ ਹਿਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਅਤੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਹੋਏ ਖੇਡ ਮੁਕਾਬਲੇ ਵਿੱਚ ਪਹਿਲਾ ਨੰਬਰ ਹਾਸਿਲ ਕਰ ਚੁੱਕੀ ਹੈ। ਵੀਰਪਾਲ ਨੇ ਦੱਸਿਆ ਕਿ ਉਹ ਇੱਕ ਸਾਲ ਅੰਦਰ 22 ਦੇ ਕਰੀਬ ਮੈਡਲ ਹਾਸਿਲ ਕਰ ਚੁੱਕੀ ਹੈ। ਹੁਣ ਨੈਸ਼ਨਲ ਪੱਧਰ ਉੱਤੇ ਦੇਹਰਾਦੂਨ ਵਿੱਚ ਵੀ 100 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਫਰੀਦਕੋਟ, ਪੰਜਾਬ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ।

ਅੰਤਰ ਰਾਸ਼ਟਰੀ ਪੱਧਰ 'ਤੇ ਜਿੱਤ ਹਾਸਿਲ ਕਰਨ ਦੀ ਤਿਆਰੀ: ਵੀਰਪਾਲ ਨੇ ਦੱਸਿਆ ਕਿ ਉਹ ਨੇਪਾਲ ਅਤੇ ਮਲੇਸ਼ੀਆ ਵਿੱਚ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਹਿਸਾ ਲੈਣ ਲਈ ਅਭਿਆਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਪ੍ਰਸਿੱਧ ਦੌੜਾਕ ਫੌਜਾ ਸਿੰਘ ਨੂੰ ਆਪਣਾ ਚਾਨਣ ਮੁਨਾਰਾ ਮੰਨਦੀ ਹੈ। ਉਸ ਦਾ ਅਗਲਾ ਸੁਫਨਾ ਵਿਦੇਸ਼ਾਂ ਦੀ ਧਰਤੀ ਉੱਤੇ ਗੋਲਡ ਹਾਸਿਲ ਕਰਕੇ ਜ਼ਿਲ੍ਹਾ ਫ਼ਰੀਦਕੋਟ ਸਣੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰਨਾ ਹੈ।

ਪੰਜਾਬ ਪੁਲਿਸ 'ਚ ਹੋਈ ਸੀ ਭਰਤੀ, ਪਰ ਛੱਡੀ ਨੌਕਰੀ: ਵੀਰਪਾਲ ਨੇ ਦੱਸਿਆ ਕਿ ਉਹ ਪੁਲਿਸ ਵਿੱਚ ਬਤੌਰ ਸਪੋਰਟਸ ਕੋਟੇ ਵਿੱਚ ਭਰਤੀ ਹੋਈ ਸੀ, ਪਰ ਕੁਝ ਪਰਿਵਾਰਕ ਮਜਬੂਰੀਆਂ ਕਾਰਨ ਨੌਕਰੀ ਛੱਡ ਦਿੱਤੀ ਅਤੇ ਘਰ ਦਾ ਕੰਮ ਕਰਦੀ ਰਹੀ। ਹੁਣ ਉਸ ਨੂੰ ਇਹ ਮੌਕਾ ਮਿਲਿਆ ਹੈ। ਉਸ ਦਾ ਸਾਰਾ ਪਰਿਵਾਰ ਇਸ ਉਪਲਬਧੀ ਲਈ ਵਧਾਈ ਦਾ ਪਾਤਰ ਹੈ। ਪਰਿਵਾਰ ਦੇ ਸਾਥ ਕਰਕੇ ਇਥੋਂ ਤਕ ਉਹ ਪਹੁੰਚੀ ਹੈ ਅਤੇ ਅੱਗੇ ਕਾਮਯਾਬੀ ਹਾਸਿਲ ਕਰੇਗੀ।

ਵੀਰਪਾਲ ਕੌਰ ਦਾ ਪਤੀ ਵੀ ਰਹਿ ਚੁੱਕਾ ਪੁਲਿਸ ਮੁਲਾਜ਼ਮ: ਇਸ ਮੌਕੇ ਸਾਬਕਾ ਥਾਣੇਦਾਰ ਤੇ ਵੀਰਪਾਲ ਕੌਰ ਦੇ ਪਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ। ਇਕ ਵਿਦੇਸ਼ ਵਿੱਚ ਸੈੱਟ ਹੈ ਅਤੇ ਦੂਜਾ ਪੰਜਾਬ ਪੁਲਿਸ ਵਿੱਚ ਹੈ। ਉਨ੍ਹਾਂ ਦਾ ਅਤੇ ਪੂਰੇ ਪਰਿਵਾਰ ਦਾ ਵੀਰਪਾਲ ਕੌਰ ਨੂੰ ਪੂਰਾ ਸਹਿਯੋਗ ਹੈ। ਉਹ ਖੁਦ ਵੀ ਵੀਰਪਾਲ ਦੀ ਹਰ ਸਮੇਂ ਹਰ ਪੱਧਰ ਉੱਤੇ ਹੌਸਲਾ ਅਫ਼ਜਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਪਰ ਸਰਕਾਰ ਨੂੰ ਅਜਿਹੇ ਵਿੱਚ ਵੀਰਪਾਲ ਕੌਰ ਨੂੰ ਸਨਮਾਨਿਤ ਕਰਕੇ ਹੌਂਸਲਾ ਅਫ਼ਜਾਈ ਜਰੂਰ ਕਰਨੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.