ETV Bharat / state

World Suicide Prevention Day : ਜੇ ਇੰਝ ਹੁੰਦਾ ਤਾਂ ਪੰਜਾਬ ਵਿਚ ਵੀ ਰੁੱਕ ਜਾਂਦੀਆਂ ਕਿਸਾਨ ਖੁਦਕੁਸ਼ੀਆਂ, ਦੇਖੋ ਖਾਸ ਰਿਪੋਰਟ

author img

By ETV Bharat Punjabi Team

Published : Sep 10, 2023, 5:59 AM IST

World Suicide Prevention Day
World Suicide Prevention Day

ਅਕਸਰ ਸੁਣਨ 'ਚ ਆਉਂਦਾ ਹੈ ਕਿ ਬੈਂਕ ਦੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਵਲੋਂ ਖੁਦਕੁਸ਼ੀ ਕਰ ਲਈ ਗਈ ਪਰ ਇਹ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਇਸ ਦੇ ਚੱਲਦੇ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਜਿਸ 'ਚ ਖੁਦਕੁਸ਼ੀ ਨਾ ਕਰਨ ਲਈ ਪ੍ਰੇਰਿਆ ਜਾਂਦਾ ਹੈ। (World Suicide Prevention Day )

ਕਿਸਾਨ ਆਗੂ ਜਾਣਕਾਰੀ ਦਿੰਦਾ ਹੋਇਆ

ਚੰਡੀਗੜ੍ਹ: ਖੁਦਕੁਸ਼ੀ ਆਪਣੇ ਆਪ ਨੂੰ ਖ਼ਤਮ ਕਰਨਾ, ਆਪਣੀ ਜੀਵਨ ਲੀਲਾ ਖੁਦ ਆਪਣੇ ਹੀ ਆਪ ਸਮਾਪਤ ਕਰ ਲੈਣਾ। ਮਰਨਾ ਅਸਾਨ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਇਨਸਾਨ ਦਾ ਮਰਨ ਨੂੰ ਦਿਲ ਕਰਦਾ ਹੈ ਪਰ ਇਸ ਦੇ ਬਾਵਜੂਦ ਖੁਦਕੁਸ਼ੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਰਿਪੋਰਟ ਮੁਤਾਬਿਕ ਪਿਛਲੇ ਕੁਝ ਸਾਲਾਂ 'ਚ ਹੁਣ ਤੱਕ 1400 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਹਨਾਂ ਵਿਚੋਂ 403 ਖੇਤ ਮਜ਼ਦੂਰਾਂ ਨੇ ਵੀ ਖੁਦਕੁਸ਼ੀ ਕੀਤੀ। ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਪਿੱਛੇ ਵੱਡਾ ਕਾਰਨ ਕਰਜ਼ੇ ਹੇਠ ਦੱਬੀ ਕਿਰਸਾਨੀ ਦੱਸਿਆ ਜਾਂਦਾ ਹੈ ਪਰ ਜ਼ਿੰਦਗੀ ਇਕ ਵਾਰ ਮਿਲਦੀ ਹੈ ਅਤੇ ਮੌਤ ਕਿਸੇ ਮਸਲੇ ਦਾ ਹੱਲ ਨਹੀਂ। ਜੇਕਰ ਕਿਸਾਨਾਂ ਨੂੰ ਐਮਐਸਪੀ ਮਿਲ ਜਾਵੇ ਤਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਇਸ ਲਈ ਕੋਈ ਖੁਦਕੁਸ਼ੀ ਨਾ ਕਰੇ ਤਾਂ ਇਸੇ ਲਈ 10 ਸਤੰਬਰ ਨੂੰ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। (World Suicide Prevention Day )

ਕੇਂਦਰੀ ਮੰਤਰੀ ਦੀ ਰਿਪੋਰਟ ਦਾ ਖੁਲਾਸਾ: ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸੰਸਦ ਵਿੱਚ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਕੁੱਲ 1,056 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਰਜ਼ੇ ਦਾ ਬੋਝ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਕਾਰਨ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਖੁਦਕੁਸ਼ੀਆਂ ਦੇ ਅੰਕੜਿਆਂ ਮੁਤਾਬਿਕ ਸਾਲ 2020 ਦੌਰਾਨ ਦੇਸ਼ ਭਰ ਵਿਚ 10,677 ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ। ਇਸੇ ਸਾਲ ਪੰਜਾਬ ਵਿੱਚ ਹੋਈਆਂ 2,616 ਖੁਦਕੁਸ਼ੀਆਂ ਵਿੱਚੋਂ 10% ਬਣਦੀਆਂ ਹਨ।

ਖੁਦਕੁਸ਼ੀ ਮਸਲੇ ਦਾ ਹੱਲ ਨਹੀਂ: ਖੁਦਕੁਸ਼ੀ ਦਾ ਹੱਲ ਲੱਭਣ ਲਈ ਪਹਿਲਾਂ ਇਸ ਦੀ ਪ੍ਰਵਿਰਤੀ ਨੂੰ ਸਮਝਣਾ ਜ਼ਰੂਰੀ ਹੈ। ਖੁਦਕੁਸ਼ੀ ਕਿਸੇ ਦਾ ਵੀ ਨਿੱਜੀ ਮਸਲਾ ਨਹੀਂ ਹੁੰਦਾ। ਜੋ ਇਨਸਾਨ ਖੁਦਕੁਸ਼ੀ ਕਰਦਾ ਹੈ ਉਹ ਇਸੇ ਲਈ ਹੀ ਨਹੀਂ ਕਰਦਾ ਕਿ ਉਸਦੇ ਉਪਰ ਹੀ ਸਾਰਾ ਬੋਝ ਜਾਂ ਸਾਰੀਆਂ ਗਲਤੀਆਂ ਉਸੇ ਦੀਆਂ ਹਨ। ਸਮਾਜ ਵਿੱਚ ਇਕ ਅਜਿਹਾ ਸਿਸਟਮ ਪੈਦਾ ਹੋ ਜਾਂਦਾ ਹੈ ਜੋ ਕਿਸੇ ਵਿਅਕਤੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਦਾ ਹੈ। ਉੱਘੇ ਸਮਾਜ ਸ਼ਾਸਤਰੀ ਐਮਿਲ ਦੁਰਖੀਮ ਨੇ ਖੁਦਕੁਸ਼ੀ ਦੀ ਚਾਰ ਤਰੀਕਿਆਂ ਨਾਲ ਪਰਿਭਾਸ਼ਾ ਦਿੱਤੀ ਹੈ। ਈਗੋਇਸਟਿਕ ਸੁਸਾਈਡ, ਐਨੋਮਿਕ ਸੁਸਾਈਡ, ਅਲਟਸਟਿਕ ਸੁਸਾਈਡ ਅਤੇ ਫੈਟਾਲਿਸਟਿਕ ਸੁਸਾਈਡ। ਕਿਸਾਨਾਂ ਦੀਆਂ ਖੁਦਕੁਸ਼ੀਆਂ ਫੈਟਾਲਿਸਟਕ ਅਤੇ ਐਨੋਮਿਕ ਸੁਸਾਈਡ ਅਧੀਨ ਆਉਂਦੀਆਂ ਹਨ। ਜਿਸਦੇ ਵਿਚ ਸਮਾਜ ਜਾਂ ਸਮਾਜਿਕ ਸੰਸਥਾਵਾਂ ਕਿਸੇ ਵਿਅਕਤੀ 'ਤੇ ਖੁਦਕੁਸ਼ੀ ਦਾ ਦਬਾਅ ਬਣਾਉਂਦੀਆਂ ਹਨ, ਜਿਸਦੀ ਵਜ੍ਹਾ ਤੋਂ ਕਿਸੇ ਵਿਅਕਤੀ ਨੂੰ ਆਤਮ ਹੱਤਿਆ ਕਰਨੀ ਪਵੇ। ਜਿਵੇਂ ਕਿ ਕਿਸਾਨਾਂ ਦਾ ਬੈਂਕ ਤੋਂ ਲਿਆ ਕਰਜ਼ਾ ਜਿਸਨੂੰ ਮੋੜਨ ਦਾ ਦਬਾਅ ਉਸ 'ਤੇ ਰਹਿੰਦਾ ਹੈ। ਆਤਮਹੱਤਿਆ ਮਸਲੇ ਦਾ ਹੱਲ ਨਹੀਂ ਹੈ, ਕਿਸਾਨ ਖੁਦ ਤਾਂ ਮਰ ਜਾਂਦਾ ਹੈ ਪਰ ਉਸਦਾ ਕਰਜ਼ਾ ਬੱਚਿਆਂ ਨੂੰ ਚੁਕਾਉਣਾ ਪੈਂਦਾ ਹੈ।

ਹਰਜਿੰਦਰ ਸਿੰਘ ਥਾਂਦੇਵਾਲਾ, ਕਿਸਾਨ ਆਗੂ
ਹਰਜਿੰਦਰ ਸਿੰਘ ਥਾਂਦੇਵਾਲਾ, ਕਿਸਾਨ ਆਗੂ

ਕਿਸਾਨਾਂ ਉੱਤੇ ਸਿਸਟਮ ਦਾ ਦਬਾਅ ?: ਇਕ ਅਰਬਾਪਤੀ ਬਿਜ਼ਨਸਮੈਨ ਬੈਂਕ ਤੋਂ ਕਰੋੜਾਂ ਦਾ ਕਰਜ਼ਾ ਲੈਂਦਾ ਹੈ ਅਤੇ ਵਿਦੇਸ਼ ਭੱਜ ਜਾਂਦਾ ਹੈ। ਉਸ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਪਰ ਕਿਸਾਨ ਦੇ ਉੱਤੇ ਅਜਿਹਾ ਸਿਸਟਮ ਕੰਮ ਕਰਦਾ ਹੈ ਕਿ ਜੇਕਰ ਉਹ ਥੋੜਾ ਵੀ ਕਰਜ਼ਾ ਲੈਂਦਾ ਹੈ ਤਾਂ ਉਸਦੇ ਸਮਾਜਿਕ ਵੱਕਾਰ ਅਤੇ ਜ਼ਮੀਨ ਦੀ ਕੁਰਕੀ ਤੱਕ ਗੱਲ ਪਹੁੰਚ ਜਾਂਦੀ ਹੈ। ਕਿਸਾਨ ਨੂੰ ਸਰਕਾਰੇ ਦਰਬਾਰੇ ਮਦਦ ਦੀ ਕੋਈ ਆਸ ਨਹੀਂ ਹੁੰਦੀ, ਜਿਸ ਕਰਕੇ ਸਮਾਜਿਕ ਨਮੋਸ਼ੀ ਦਾ ਸਾਹਮਣਾ ਕਰਦਾ ਕਿਸਾਨ ਖੁਦਕੁਸ਼ੀ ਕਰਦਾ ਹੈ। ਵਿਜੇ ਮਾਲਿਆ ਦੇ ਸਿਰ 'ਤੇ ਅਰਬਾਂ ਦਾ ਕਰਜ਼ਾ ਹੈ ਜਿਸਦਾ ਉਸਨੂੰ ਕੋਈ ਦਬਾਅ ਨਹੀਂ ਅਤੇ ਉਹ ਵਿਦੇਸ਼ ਭੱਜ ਗਿਆ ਹੈ, ਜਦਕਿ ਕਿਸਾਨ ਦੇ ਸਿਰ 'ਤੇ 2 ਤੋਂ 4 ਲੱਖ ਦਾ ਕਰਜ਼ਾ ਹੋਣ ਦੇ ਬਾਵਜੂਦ ਵੀ ਉਹ ਖੁਦਕੁਸ਼ੀ ਲਈ ਮਜ਼ਬੂਰ ਹੋ ਜਾਂਦਾ ਹੈ ਕਿਉਂਕਿ ਬੈਂਕ ਦਾ ਦਬਾਅ ਲਗਾਤਾਰ ਉਸ 'ਤੇ ਬਣਿਆ ਰਹਿੰਦਾ ਹੈ।

ਕਿੰਝ ਰੁਕਣ ਕਿਸਾਨ ਖੁਦਕੁਸ਼ੀਆਂ ?: ਕਿਸਾਨ ਆਗੂ ਹਰਜਿੰਦਰ ਸਿੰਘ ਥਾਂਦੇਵਾਲਾ ਦਾ ਕਹਿਣਾ ਹੈ ਕਿ ਕਿਸਾਨ ਖੁਦਕੁਸ਼ੀਆਂ ਰੋਕਣ ਦਾ ਇਕੋ ਇੱਕ ਹੱਲ ਹੈ ਐਮਐਸਪੀ। ਐਸਐਸਪੀ ਉੱਪਰ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਕਿਸਾਨ ਆਪਣੀ ਹੀ ਉਘਾਈ ਚੀਜ਼ ਦਾ ਰੇਟ ਆਪਣੀ ਮਰਜ਼ੀ ਮੁਤਾਬਿਕ ਤੈਅ ਨਹੀਂ ਕਰ ਸਕਦਾ। ਜੇਕਰ ਕੋਈ ਵੀ ਕੰਪਨੀ ਆਪਣਾ ਪ੍ਰੋਡਕਟ ਬਣਾਉਂਦੀ ਹੈ ਤਾਂ ਉਸ ਉਪਰ ਆਪਣਾ ਲਾਗਤ ਖ਼ਰਚਾ ਜੋੜਦੀ ਹੈ ਅਤੇ ਫਿਰ ਮੁਨਾਫ਼ ਰੱਖਿਆ ਜਾਂਦਾ ਹੈ। ਇਸ ਤੋਂ ਉਲਟ ਕਿਸਾਨਾਂ ਨੂੰ ਕੋਈ ਮੁਨਾਫ਼ਾ ਨਹੀਂ ਮਿਲਦਾ। ਕਈ ਫ਼ਸਲਾਂ ਦੀ ਐਮਐਸਪੀ ਤਾਂ ਲਾਗਤ ਮੁੱਲ ਤੋਂ ਵੀ ਘੱਟ ਹੈ, ਇਹੀ ਕਿਸਾਨਾਂ ਦੀ ਖੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਹੈ। ਜੇਕਰ ਕਿਸਾਨਾਂ ਦੀ ਖੁਦਕੁਸ਼ੀ ਨੂੰ ਰੋਕਣਾ ਹੈ ਤਾਂ ਲਾਗਤ ਖ਼ਰਚੇ ਨਾਲ ਕਿਸਾਨਾਂ ਨੂੰ ਮੁਨਾਫ਼ਾ ਵੀ ਦਿੱਤਾ ਜਾਵੇ। ਫ਼ਸਲਾਂ ਨੂੰ ਵਿਦੇਸ਼ਾਂ ਵਿਚ ਵੇਚਿਆ ਜਾਵੇ ਤਾਂ ਕਿ ਉਸਦੀ ਕੀਮਤ ਵਿੱਚ ਵਾਧਾ ਹੋਵੇ। ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਲਾਹੇਵੰਦ ਬਣਾਇਆ ਜਾਵੇ।

ਕਿਸਾਨ ਖੁਦਕੁਸ਼ੀਆਂ ਦਾ ਹੱਲ ਕੀ ?: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਸ਼ਾਸਤਰ ਵਿਭਾਗ ਦੇ ਚੇਅਰਮੈਨ ਡਾ. ਵਿਨੋਦ ਚੌਧਰੀ ਕਹਿੰਦੇ ਹਨ ਕਿ ਕਰਜ਼ਾ ਪੰਜਾਬ ਦੇ ਕਿਸਾਨਾਂ ਵਿਚ ਪੀੜੀ ਦਰ ਪੀੜੀ ਚੱਲਦਾ ਆਉਂਦਾ ਹੈ। ਇਕੋ ਹੀ ਪਰਿਵਾਰ ਵਿਚ ਪਹਿਲਾਂ ਪਿਤਾ ਤੇ ਫਿਰ ਪੁੱਤਰ ਖੁਦਕੁਸ਼ੀ ਦੇ ਰਾਹ ਪੈ ਰਹੇ ਹਨ। ਸਰਕਾਰ ਅਤੇ ਸਿਸਟਮ ਨੇ ਉਸਦੀਆਂ ਫ਼ਸਲਾਂ ਦਾ ਮੁੱਲ ਸਹੀ ਨਹੀਂ ਪਾਇਆ, ਜੇਕਰ ਫ਼ਸਲਾਂ ਦਾ ਮੁੱਲ ਸਹੀ ਪਾਇਆ ਜਾਂਦਾ ਤਾਂ ਉਸਨੂੰ ਖੁਦਕੁਸ਼ੀ ਕਰਨ ਦੀ ਲੋੜ ਨਾ ਪੈਂਦੀ। ਕਿਸਾਨ ਹਰੇਕ ਚੀਜ਼ ਨੂੰ ਥੋਕ ਦੇ ਭਾਅ ਵਿਚ ਵੇਚਦਾ ਹੈ, ਜਦਕਿ ਖਰੀਦਦਾ ਮਹਿੰਗੇ ਭਾਅ 'ਤੇ ਹੈ। ਵੱਡੇ ਵੱਡੇ ਧਨਾਢ ਕਰਜ਼ਾ ਲੈ ਕੇ ਵੀ ਸਿਸਟਮ ਦੀ ਨੱਕ ਥੱਲੇ ਰਹਿੰਦੇ ਹਨ ਜਦਕਿ ਕਿਸਾਨਾਂ ਨੂੰ ਸਿਸਟਮ ਵਿਚ ਫਸਾਇਆ ਜਾਂਦਾ ਹੈ। ਕਿਸਾਨ ਖੁਦਕੁਸ਼ੀਆਂ ਨੂੰ ਰੋਕਣਾ ਹੈ ਤਾਂ ਸਿਸਟਮ ਨੂੰ ਬਦਲਣਾ ਪੈਣਾ।

ਮਨੋਵਿਗਿਆਨਕ ਤਰੀਕਿਆਂ ਨਾਲ ਵੀ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ: ਮਨੋਰੋਗਾਂ ਦੇ ਮਾਹਿਰ ਡਾ. ਮਨੀਸ਼ ਅਗਰਵਾਲ ਦਾ ਕਹਿਣਾ ਕੋਈ ਵਿਅਕਤੀ ਉਸ ਵੇਲੇ ਖੁਦਕੁਸ਼ੀ ਕਰਦਾ ਹੈ ਜਦੋਂ ਉਸਦੇ ਕੋਲ ਕੋਈ ਉਮੀਦ ਨਾ ਬਚੀ ਹੋਵੇ ਅਤੇ ਕਿਸੇ ਪਾਸੇ ਤੋਂ ਵੀ ਮਦਦ ਦੀ ਕੋਈ ਆਸ ਨਾ ਵਿਖਾਈ ਦਿੰਦੀ ਹੋਵੇ। ਅਜਿਹਾ ਵਿਅਕਤੀ ਸ਼ਰਾਬ ਅਤੇ ਹੋਰ ਨਸ਼ੇ ਦੀਆਂ ਵਸਤਾਂ ਦੀ ਵਰਤੋਂ ਵੀ ਕਰਨ ਲੱਗ ਜਾਂਦਾ ਹੈ। ਉਸਦਾ ਰਵੱਈਆ ਵੀ ਬਦਲ ਜਾਂਦਾ ਹੈ। ਆਤਮ ਹੱਤਿਆ ਤੋਂ ਰੋਕਣ ਲਈ ਅਜਿਹੇ ਵਿਅਕਤੀਆਂ ਵਿੱਚ ਆਤਮ ਵਿਸ਼ਵਾਸ ਜਗਾਉਣਾ ਪੈਂਦਾ ਹੈ। ਉਸਦੇ ਵੱਲ ਤਵੱਜੋਂ ਦਿੱਤੀ ਜਾਵੇ ਅਤੇ ਇਕੱਲਿਆਂ ਖੁੱਲ ਕੇ ਗੱਲਬਾਤ ਕੀਤੀ ਜਾਵੇ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਅਜਿਹੇ ਵਿਅਕਤੀ ਕੋਲੋਂ ਹਾਨੀਕਾਰਕ ਚੀਜ਼ਾਂ ਪਾਸੇ ਰੱਖਣੀਆਂ ਚਾਹੀਦੀਆਂ ਹਨ। ਜਿਵੇਂ ਕਿ ਚਾਕੂ, ਰੱਸੀ ਅਤੇ ਜ਼ਹਿਰੀਲੀਆਂ ਦਵਾਈਆਂ। ਅਜਿਹੇ ਵਿਅਕਤੀ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ। ਉਸਨੂੰ ਚਿੰਤਾਵਾਂ ਬਾਰੇ ਪੁੱਛਦੇ ਰਹਿਣਾ ਚਾਹੀਦਾ ਹੈ, ਮਾਨਸਿਕ ਰੋਗਾਂ ਦੇ ਮਾਹਿਰਾਂ ਕੋਲੋਂ ਮਦਦ ਲੈਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.