ETV Bharat / state

ਧੁੰਦ ਦੇ ਨਾਲ ਸੀਤ ਲਹਿਰ ਦਾ ਕਹਿਰ ਜਾਰੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ

author img

By ETV Bharat Punjabi Team

Published : Jan 16, 2024, 7:19 AM IST

Weather Alert
Weather Alert

Weather Alert: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਸੋਮਵਾਰ ਨੂੰ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ।

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਮੰਗਲਵਾਰ ਸਵੇਰੇ ਯਾਨੀ ਅੱਜ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਕਾਰਨ ਵਿਜ਼ੀਬਿਲਟੀ 20 ਮੀਟਰ ਤੋਂ ਘੱਟ ਹੈ। ਦੋਵਾਂ ਸੂਬਿਆਂ ਵਿੱਚ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ। ਚੰਡੀਗੜ੍ਹ ਵਿੱਚ ਸਵੇਰੇ ਧੁੰਦ ਅਤੇ ਦੁਪਹਿਰ ਨੂੰ ਧੁੱਪ ਰਹਿਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਉੱਤਰ ਭਾਰਤ 'ਚ ਚੰਗੀ ਧੁੱਪ ਨਿਕਲੀ, ਪਰ ਇਸ ਦੇ ਬਾਵਜੂਦ ਕੜਾਕੇ ਦੀ ਠੰਡ 'ਚ ਕੋਈ ਕਮੀ ਨਹੀਂ ਆਈ। ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਹਿਲੀ ਵਾਰ ਰਾਤ ਦਾ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ ਹੈ। ਨਵਾਂਸ਼ਹਿਰ -0.2 ਡਿਗਰੀ ਦੇ ਨਾਲ ਸੂਬੇ ਦਾ ਸਭ ਤੋਂ ਠੰਡਾ ਰਿਹਾ। ਪੰਜਾਬ 'ਚ ਰਾਤ ਦੇ ਤਾਪਮਾਨ 'ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਹੁਣ ਇਹ ਆਮ ਨਾਲੋਂ 1.9 ਡਿਗਰੀ ਘੱਟ ਹੋ ਗਿਆ ਹੈ। ਪੰਜਾਬ 'ਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੰਦੇਸ਼ ਭੇਜੇ ਗਏ ਹਨ, ਜਿਸ 'ਚ ਮੰਗਲਵਾਰ ਦੁਪਹਿਰ 3.30 ਵਜੇ ਤੱਕ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।

ਹਰਿਆਣਾ ਦਾ ਮੌਸਮ: ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਅਤੇ ਜੀਂਦ ਸ਼ਾਮਲ ਹਨ। ਇੱਥੇ ਵਿਜ਼ੀਬਿਲਟੀ ਲਗਭਗ 25 ਮੀਟਰ ਹੈ। ਜੀਟੀ ਬੈਲਟ 'ਤੇ ਪੈਂਦੇ ਜ਼ਿਲਿਆਂ 'ਚ ਤਾਪਮਾਨ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ।

ਬੀਤੇ ਦਿਨ ਤਾਪਮਾਨ: ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼, ਰਾਜਸਥਾਨ ਦੇ ਕੁਝ ਇਲਾਕਿਆਂ ਅਤੇ ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਤੋਂ ਹੇਠਾਂ ਰਿਹਾ। ਹਰਿਆਣਾ ਦੇ ਨਾਰਨੌਲ, ਦਿੱਲੀ ਦੇ ਅਯਾਨਗਰ ਅਤੇ ਯੂਪੀ ਦੇ ਕਾਨਪੁਰ ਵਿੱਚ ਸਭ ਤੋਂ ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ ਇਹ ਮੌਸਮ ਦੀ ਸਭ ਤੋਂ ਠੰਢੀ ਸਵੇਰ ਸੀ ਅਤੇ ਸਫ਼ਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਤਾਪਮਾਨ 3.9 ਡਿਗਰੀ ਸੈਲਸੀਅਸ ਸੀ।

ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ: ਉੱਤਰੀ ਰੇਲਵੇ ਅਨੁਸਾਰ ਖ਼ਰਾਬ ਮੌਸਮ ਅਤੇ ਧੁੰਦ ਕਾਰਨ ਪੰਜਾਬ ਤੋਂ ਆਉਣ-ਜਾਣ ਵਾਲੀਆਂ 30 ਤੋਂ ਵੱਧ ਟਰੇਨਾਂ 2 ਤੋਂ 6 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਹਨ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ ਅਤੇ ਜੰਮੂਤਵੀ-ਅਜਮੇਰ ਪੂਜਾ ਐਕਸਪ੍ਰੈਸ।

ਮੀਂਹ ਪੈਣ ਦੀ ਸੰਭਵਨਾ ਘੱਟ: ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਹੌਲੀ ਹੋਣ ਕਾਰਨ ਉੱਤਰੀ ਭਾਰਤ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਦਸੰਬਰ ਅਤੇ ਜਨਵਰੀ ਦਾ ਮੌਸਮ ਖੁਸ਼ਕ ਹੋ ਰਿਹਾ ਹੈ। ਖੁਸ਼ਕ ਮੌਸਮ ਕਾਰਨ ਦਿਨ ਦਾ ਤਾਪਮਾਨ ਵੀ ਘੱਟ ਰਿਹਾ ਹੈ। ਇਸ ਦੇ ਨਾਲ ਹੀ ਸੂਰਜ ਨਾ ਨਿਕਲਣ ਕਾਰਨ ਸੀਤ ਲਹਿਰ ਨੇ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.