ETV Bharat / state

ਵਿਜੀਲੈਂਸ ਦੀ ਇੱਕ ਹੋਰ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫ਼ਤਾਰ

author img

By

Published : Jul 9, 2023, 10:39 PM IST

Vigilance arrested former Deputy Chief Minister OP Soni
ਵਿਜੀਲੈਂਸ ਦੀ ਇੱਕ ਹੋਰ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਓਪੀ ਸੋਨੀ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ 7 ਕਰੋੜ 96 ਲੱਖ ਰੁਪਏ ਵੱਧ ਖ਼ਰਚ ਕੀਤੇ ਹਨ।

ਚੰਡੀਗੜ੍ਹ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਸਾਲ 2016 ਤੋਂ 2022 ਦੇ ਸਮੇਂ ਦੌਰਾਨ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਲਈ ਹੋਈ ਗ੍ਰਿਫਤਾਰੀ : ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ 2022 ਨੂੰ ਜਾਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਪੜਤਾਲ ਉਪਰੰਤ ਓ.ਪੀ. ਸੋਨੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤੀ ਗਿਆ ਸੀ। ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਦੇ ਚੈੱਕ ਪੀਰੀਅਡ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4,52,18,771 ਰੁਪਏ ਸੀ ਜਦੋਂਕਿ ਖਰਚਾ 12,48,42,692 ਰੁਪਏ ਸੀ, ਜੋਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲੋਂ 7,96,23,921 ਰੁਪਏ ਜਾਂ 176.08 ਫ਼ੀਸਦੀ ਵੱਧ ਬਣਦਾ ਹੈ। ਇਸ ਸਮੇਂ ਦੌਰਾਨ ਮੁਲਜ਼ਮ ਓ.ਪੀ. ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਯਾਦ ਰਹੇ ਕਿ ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸ ਦੇ ਐਮ ਐਲ ਏ ਕੁਲਦੀਪ ਵੈਦ ਉੱਤੇ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚਲਾਇਆ ਗਿਆ ਹੈ। ਕੁਲਦੀਪ ਵੈਦ ਸਾਬਕਾ ਮੋਗਾ ਦੇ ਡੀ ਸੀ ਅਤੇ ਵੇਅਰਹਾਊਸ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਵੈਦ ਦੀ ਜਾਇਦਾਦ ਨੂੰ ਲੈਕੇ ਸਵਾਲ ਖੜੇ ਹੋ ਰਹੇ ਨੇ। ਇਸ ਸਬੰਧੀ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਨੇ ਆਕੇ ਜਾਇਦਾਦ ਦਾ ਵੇਰਵਾ ਵੀ ਇਕੱਠਾ ਕੀਤਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਸਾਬਕਾ ਐਮ ਐਲ ਏ ਤੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਸੀ ਅਤੇ ਵੈਦ ਕਈ ਵਾਰ ਵਿਜੀਲੈਂਸ ਅੱਗੇ ਪੇਸ਼ ਹੋਏ ਹਨ।

ਲਟਕੀ ਗ੍ਰਿਫ਼ਤਾਰੀ ਦੀ ਤਲਵਾਰ: ਵਿਜੀਲੈਂਸ ਵੱਲੋਂ ਵੈਦ ਦੀ ਸਾਰੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ ਜਿਸ ਸਬੰਧੀ ਦਸਤਾਵੇਜ਼ ਦੇ ਰਹੇ ਹਨ ਪਰ ਵਿਜੀਲੈਂਸ ਦੇ ਐਸ ਐਸ ਪੀ ਮੁਤਾਬਕ ਹਾਲੇ ਵੀ ਇੱਕ ਰਜਿਸਟਰੀ ਦੇਣੀ ਬਾਕੀ ਹੈ। ਜਿਸ ਸਬੰਧੀ ਪੰਜ ਜੂਨ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਸੀ। ਹਾਂਲਾਕਿ ਇਸ ਸਬੰਧੀ ਵੀ ਲਗਾਤਾਰ ਖਬਰਾਂ ਚੱਲ ਰਹੀਆਂ ਹਨ ਕਿ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਫਿਲਹਾਲ ਵਿਜੀਲੈਂਸ ਦੇ ਐਸਐਸਪੀ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸਾਬਕਾ ਐਮ ਐਲ ਏ ਕੁਲਦੀਪ ਵੈਦ ਵਿਜੀਲੈਂਸ ਨੂੰ ਜਾਂਚ ਦੇ ਵਿੱਚ ਸਹਿਯੋਗ ਦੇ ਰਹੇ ਹਨ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.