ETV Bharat / state

ਬੱਸ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ, 2 ਨੌਜਵਾਨਾਂ ਦੀ ਦਰਦਨਾਕ ਮੌਤ

author img

By

Published : Jul 21, 2023, 7:14 PM IST

Two youths died in a road accident in Amritsar
ਬੱਸ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ, 2 ਨੌਜਵਾਨਾਂ ਦੀ ਦਰਦਨਾਕ ਮੌਤ

ਅੰਮ੍ਰਿਤਸਰ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਰ ਦਿੱਤੀ। ਇਸ ਭਿਆਨਕ ਟੱਕਰ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ : ਬੀਤੀ ਦੇਰ ਰਾਤ ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਉੱਤੇ ਸਥਿਤ ਕਸਬਾ ਰਈਆ ਵਿਖੇ ਇੱਕ ਤੇਜ਼ ਰਫਤਾਰ ਬੱਸ ਵੱਲੋਂ ਕਥਿਤ ਤੌਰ ਉੱਤੇ ਟੱਕਰ ਮਾਰ ਦੇਣ ਕਾਰਣ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਦ ਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।


ਬੱਸ ਅਤੇ ਮੋਟਰਸਾਈਕਲ ਵਿਚਕਾਰ ਟੱਕਰ: ਉਕਤ ਹਾਦਸੇ ਸਬੰਧੀ ਪੁਲਿਸ ਨੂੰ ਲਿਖਾਈ ਰਿਪੋਰਟ ਵਿੱਚ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰਬਰ 13 ਰਈਆ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਸਦਾ ਭਤੀਜਾ ਹਰਮਨਦੀਪ ਸਿੰਘ, ਸਮਸ਼ੇਰ ਸਿੰਘ ਦੋਨੋ ਵਾਸੀ ਪੱਤੀ ਛੀਨੇਮਾਨ ਰਈਆ ਅਤੇ ਭੁਪਿੰਦਰ ਸਿੰਘ ਉਰਫ ਬੰਟੀ ਵਾਸੀ ਗਲੀ ਨੰਬਰ 13 ਕੋਟ ਖਾਲਸਾ (ਅੰਮ੍ਰਿਤਸਰ) ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਸਬਾ ਨਿੱਕਾ ਰਈਆ ਦੀ ਤਰਫੋਂ ਘਰ ਨੂੰ ਆ ਰਹੇ ਸਨ। ਜਦੋਂ ਉਹ ਸਰਵਿਸ ਰੋਡ ਤੋਂ ਹਾਈਵੇ ਉੱਤੇ ਚੜਨ ਲੱਗੇ ਤਾਂ ਇਸ ਦੌਰਾਨ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਟੂਰਿਸਟ ਬੱਸ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਉਸ ਉਪਰ ਸਵਾਰ ਤਿੰਨੇ ਨੌਜਵਾਨ ਸੜਕ ਉਪਰ ਡਿੱਗ ਗਏ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ।

ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੌਕੇ ਉੱਤੇ ਇਕੱਤਰ ਰਾਹਗੀਰਾਂ ਦੀ ਮਦਦ ਨਾਲ ਸਵਾਰੀ ਦਾ ਪ੍ਰਬੰਧ ਕਰਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਬਿਆਸ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਰਮਨਦੀਪ ਸਿੰਘ ਅਤੇ ਸਮਸ਼ੇਰ ਸਿੰਘ ਨੇ ਦਮ ਤੋੜ ਦਿੱਤਾ। ਜਦਕਿ ਹਸਪਤਾਲ ਪੁੱਜਣ ਉੱਤੇ ਡਾਕਟਰਾਂ ਵੱਲੋਂ ਤੀਸਰੇ ਨੌਜਵਾਨ ਭੁਪਿੰਦਰ ਸਿੰਘ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਣ ਉਸ ਨੂੰ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।

ਗ੍ਰਿਫਤਾਰ ਕਰਨ ਲਈ ਛਾਪੇਮਾਰੀ: ਉਕਤ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪੋਸਟਮਾਰਟਮ ਤੋਂ ਬਾਅਦ ਅੱਜ ਮ੍ਰਿਤਕਾਂ ਦਾ ਰਈਆ ਦੇ ਪੱਤੀ ਛੀਨੇਮਾਨ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ। ਪੁਲਿਸ ਵੱਲੋਂ ਹਾਦਸਾਗ੍ਰਸਤ ਬੱਸ ਨੂੰ ਕਬਜ਼ੇ ਵਿੱਚ ਲੈ ਕੇ,ਮੌਕੇ ਤੋਂ ਫਰਾਰ ਹੋਏ ਬੱਸ ਡਰਾਈਵਰ ਦੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਬਿਆਸ ਵਿਖੇ ਜੁਰਮ 304 ਏ,337,338,427 ਆਈ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਦਿਆਂ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.