ETV Bharat / state

ਪੰਜਾਬ 'ਚ ਹੜ੍ਹਾਂ ਨਾਲ ਤਬਾਹੀ ਦੇ ਹੋਸ਼ ਉਡਾਉਣ ਵਾਲੇ ਅੰਕੜੇ ਆਏ ਸਾਹਮਣੇ ! ਮੁੱਖ ਸਕੱਤਰ ਨੇ ਕੇਂਦਰ ਤੋਂ ਮੁਆਵਜ਼ੇ ਦੇ ਨਿਯਮਾਂ 'ਚ ਤਬਦੀਲੀ ਦੀ ਕੀਤੀ ਮੰਗ

author img

By

Published : Aug 11, 2023, 2:11 PM IST

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੇਂਦਰੀ ਟੀਮ ਅੱਗੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਪੀੜਤਾਂ ਦੀ ਕੀਤੀ ਜਾਣ ਵਾਲੀ ਮੱਦਦ ਦੇ ਨਿਯਮਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਹੈ।

The Punjab Chief Secretary demanded a change in the compensation rules for the victims from the Centre
ਪੰਜਾਬ 'ਚ ਹੜ੍ਹਾਂ ਨਾਲ ਤਬਾਹੀ ਦੇ ਹੋਸ਼ ਉਡਾਉਣ ਵਾਲੇ ਅੰਕੜੇ ਆਏ ਸਾਹਮਣੇ ! ਮੁੱਖ ਸਕੱਤਰ ਨੇ ਕੇਂਦਰ ਤੋਂ ਮੁਆਵਜ਼ੇ ਦੇ ਨਿਯਮਾਂ 'ਚ ਤਬਦੀਲੀ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ’ਚ ਹੜ੍ਹਾਂ ਕਾਰਨ ਤਬਾਹੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਸੂਬੇ ਵਿੱਚ ਕਰੀਬ ਸਵਾ ਛੇ ਲੱਖ ਏਕੜ ਫ਼ਸਲ ਤਬਾਹ ਹੋਈ ਹੈ। ਇਸ ਦੌਰਾਨ 54 ਲੋਕਾਂ ਦੀ ਜਾਨ ਚਲੀ ਗਈ ਤੇ 27 ਹਜ਼ਾਰ ਪਸ਼ੂ ਮਰ ਗਏ। ਇਹ ਖੁਲਾਸਾ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਅੰਤਰ ਮੰਤਰਾਲਾ ਟੀਮ ਨੂੰ ਰਿਪੋਰਟ ਸੌਂਪੀ ਹੈ।

ਉਧਰ,ਪੰਜਾਬ ਸਰਕਾਰ ਨੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਉਂਝ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਕ 1210 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਕੇਂਦਰੀ ਨਿਯਮਾਂ ਅਨੁਸਾਰ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਹੈ ਜਦੋਂਕਿ ਝੋਨੇ ਦੀ ਫ਼ਸਲ ਦੀ ਹਾਲੇ ਲੁਆਈ ਹੀ ਹੋਈ ਸੀ। ਕੇਂਦਰੀ ਨਿਯਮ ਮੁੱਢਲੇ ਪੜਾਅ ਦੇ ਪੌਦਿਆਂ ਨੂੰ ਫ਼ਸਲ ਨਹੀਂ ਮੰਨਦੇ।

ਨਿਯਮਾਂ ਅਨੁਸਾਰ 4 ਲੱਖ ਰੁਪਏ ਦੀ ਵਿੱਤੀ ਮਦਦ : ਰਿਪੋਰਟ ਅਨੁਸਾਰ ਸੂਬੇ ਵਿੱਚ ਕੁੱਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਜਦਕਿ 2645 ਮਕਾਨ ਅੱਧੇ ਡਿੱਗੇ ਹਨ। ਪੰਜਾਬ ਨੇ ਕੇਂਦਰ ਤੋਂ ਘਰਾਂ ਵਾਸਤੇ ਪ੍ਰਤੀ ਘਰ 2.40 ਲੱਖ ਰੁਪਏ ਦੀ ਮੰਗ ਕੀਤੀ ਹੈ। ਪੰਜਾਬ ਵਿਚ ਹੜ੍ਹਾਂ ਦੌਰਾਨ ਜੋ 54 ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ 4 ਲੱਖ ਰੁਪਏ ਦੀ ਵਿੱਤੀ ਮਦਦ ਮਿਲਣੀ ਹੈ ਜਦੋਂਕਿ ਨਿਯਮਾਂ ਵਿਚ ਛੋਟ ਮਿਲਣ ’ਤੇ ਅੱਠ ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਸੂਬੇ ਵਿਚ ਹੜ੍ਹਾਂ ਵਿੱਚ 27,640 ਪਸ਼ੂਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਰਾਸ਼ੀ ਆਫ਼ਤ ਰਾਹਤ ਫ਼ੰਡਾਂ ਵਿੱਚੋਂ ਮਿਲੇਗੀ। ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ।

ਹੜ੍ਹਾਂ ਕਰਕੇ ਪੰਜਾਬ ਦੇ ਦਰਿਆਵਾਂ/ਚੋਆਂ ਤੇ ਨਹਿਰਾਂ ਵਿਚ ਕੁੱਲ 488 ਪਾੜ ਪਏ ਹਨ। ਇਨ੍ਹਾਂ ਵਿੱਚੋਂ 254 ਪਾੜ ਇਕੱਲੇ ਨਹਿਰਾਂ ਵਿਚ ਪਏ ਹਨ, ਇਨ੍ਹਾਂ ਲਈ 159 ਕਰੋੜ ਦੀ ਲੋੜ ਹੈ। ਪੰਜਾਬ ਵਿਚ ਸੜਕਾਂ ਦੀ ਮੁਰੰਮਤ ਪਹਿਲਾਂ ਹੀ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡਾਂ ਨੂੰ ਰੋਕੇ ਜਾਣ ਕਰਕੇ ਲਟਕੀ ਹੋਈ ਹੈ ਪਰ ਹੜ੍ਹਾਂ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹੜ੍ਹਾਂ ਨਾਲ 2251 ਕਿੱਲੋਮੀਟਰ ਸੜਕਾਂ ਟੁੱਟੀਆਂ ਹਨ ਜਿਨ੍ਹਾਂ ਵਿਚੋਂ 1733 ਕਿੱਲੋਮੀਟਰ ਲਿੰਕ ਸੜਕਾਂ ਹਨ।


ਮੀਂਹ ਨੇ ਪੰਜਾਬ ਵਿੱਚ ਕਾਫੀ ਨੁਕਸਾਨ ਕੀਤਾ: ਮੀਟਿੰਗ ਦੌਰਾਨ ਕੇਂਦਰੀ ਟੀਮ ਦੇ ਮੁਖੀ ਕੌਮੀ ਆਫ਼ਤਨ ਪ੍ਰਬੰਧਨ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਕਈ ਸੂਬਿਆਂ ਦਾ ਦੌਰਾ ਕੀਤਾ ਗਿਆ ਅਤੇ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਨੁਕਸਾਨ ਪੰਜਾਬ ਵਿੱਚ ਨੁਕਸਾਨ ਹੋਇਆ ਹੈ। ਟੀਮ ਦੇ ਇਕ ਹੋਰ ਮੈਂਬਰ ਇਸਰੋ ਤੋਂ ਆਏ ਫਲੱਡ ਮੈਪਿੰਗ ਤੇ ਸਾਇੰਟਿਸਟ/ਇੰਜਨੀਅਰ ਦੇ ਮੁਖੀ ਡਾ.ਏ.ਵੀ. ਸੁਰੇਸ਼ ਬਾਬੂ ਨੇ ਕਿਹਾ ਕਿ ਸੈਟੇਲਾਈਟ ਤਸਵੀਰਾਂ ਰਾਹੀਂ ਵੀ ਸਪੱਸ਼ਟ ਹੋਇਆ ਹੈ ਕਿ ਭਾਰੀ ਮੀਂਹ ਨੇ ਪੰਜਾਬ ਵਿੱਚ ਕਾਫੀ ਨੁਕਸਾਨ ਕੀਤਾ ਹੈ ਅਤੇ ਬਹੁਤ ਖੇਤਰ ਭਾਰੀ ਹੜ੍ਹਾਂ ਦੀ ਮਾਰ ਹੇਠ ਆਏ ਹਨ।

ਜਲ ਸਪਲਾਈ ਤੇ ਸੈਨੀਟੇਸ਼ਨ ਦਾ 5.66 ਕਰੋੜ ਰੁਪਏ: ਮੁੱਖ ਸਕੱਤਰ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਦਿੰਦੇ ਦੱਸਿਆ ਕਿ ਸੂਬੇ ਵਿੱਚ ਖੇਤੀਬਾੜੀ ਨਾਲ ਸਬੰਧਤ 605.38 ਕਰੋੜ ਰੁਪਏ, ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਇਮਾਰਤਾਂ) ਦਾ 173.10 ਕਰੋੜ ਰੁਪਏ, ਜਲ ਸਰੋਤ ਦਾ 159.36 ਕਰੋੜ ਰੁਪਏ, ਸ਼ਹਿਰੀ ਬੁਨਿਆਦੀ ਢਾਂਚਾ/ਸਥਾਨ ਸਰਕਾਰਾਂ ਦਾ 44.38 ਕਰੋੜ ਰੁਪਏ, ਪੇਂਡੂ ਵਿਕਾਸ ਤੇ ਪੰਚਾਇਤਾਂ ਦਾ 43.66 ਕਰੋੜ ਰੁਪਏ, ਸਕੂਲ ਸਿੱਖਿਆ ਦਾ 26.85 ਕਰੋੜ ਰੁਪਏ, ਬਿਜਲੀ ਦਾ 17.50 ਕਰੋੜ ਰੁਪਏ, ਮੱਛੀ ਪਾਲਣ ਦਾ 9.98 ਕਰੋੜ ਰੁਪਏ, ਜਲ ਸਪਲਾਈ ਤੇ ਸੈਨੀਟੇਸ਼ਨ ਦਾ 5.66 ਕਰੋੜ ਰੁਪਏ, ਸਿਹਤ ਦਾ 4.45 ਕਰੋੜ ਰੁਪਏ ਅਤੇ ਫੁਟਕਲ 230.26 ਕਰੋੜ ਰੁਪਏ ਹੋਇਆ। ਕੁੱਲ ਮਿਲਾ ਕੇ 1320.59 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਮੁੱਖ ਸਕੱਤਰ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਸੂਬੇ ਵਿੱਚ ਹੜਾਂ ਕਾਰਨ 19 ਜ਼ਿਲਿਆਂ ਦੇ 1500 ਦੇ ਕਰੀਬ ਪਿੰਡ ਪ੍ਰਭਾਵਿਤ ਹੋਈ ਹੈ। ਫਸਲਾਂ ਦੇ ਨੁਕਸਾਨ ਤੋਂ ਇਲਾਵਾ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਮੀਟਿੰਗ ਵਿੱਚ ਕੇਂਦਰੀ ਟੀਮ ਵਿੱਚ ਸ਼ਾਮਲ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਡਾਇਰੈਕਟਰ ਬੀ.ਕੇ.ਸ੍ਰੀਵਾਸਤਵਾ, ਪੇਂਡੂ ਵਿਕਾਸ ਮੰਤਰਾਲੇ ਦੇ ਅੰਡਰ ਸਕੱਤਰ ਕੈਲਾਸ਼ ਕੁਮਾਰ, ਕੇਂਦਰੀ ਜਲ ਕਮਿਸ਼ਨ ਦੇ ਡਾਇਰੈਕਟਰ ਅਸ਼ੋਕ ਕੁਮਾਰ, ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੀ ਸਹਾਇਕ ਡਾਇਰੈਕਟਰ ਅੰਜਲੀ ਮੌਰੀਆ ਤੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਤੋਂ ਨਵੀਨ ਕੁਮਾਰ ਚੌਰਸੀਆ ਤੋਂ ਇਲਾਵਾ ਪੰਜਾਬ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਨੀਲਕੰਠ ਅਵਧ ਵੀ ਹਾਜ਼ਰ ਸਨ।

Press Note ||

ETV Bharat Logo

Copyright © 2024 Ushodaya Enterprises Pvt. Ltd., All Rights Reserved.