ETV Bharat / state

ਕੀ ਰੁੱਸਿਆਂ ਨੂੰ ਮਨਾ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਕਾਇਮ ਕਰ ਸਕੇਗਾ ਆਪਣੀ ਸਲਤਨਤ, ਖਾਸ ਰਿਪੋਰਟ

author img

By

Published : Aug 19, 2023, 5:58 PM IST

Updated : Aug 19, 2023, 8:11 PM IST

ਸ਼੍ਰੋਮਣੀ ਅਕਾਲੀ ਦਲ ਨੇ ਮੁੜ ਆਪਣੀ ਸਲਤਨਤ ਕਾਇਮ ਕਰਨ ਲਈ ਰੁੱਸ ਕੇ ਪਾਰਟੀ ਛੱਡ ਗਏ ਲੀਡਰਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦੇ ਪਿਛਲੇ ਦਿਨੀਂ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੇ ਤਲਵੀਰ ਗਿੱਲ ਨੂੰ ਪਾਰਟੀ ਲੀਡਰਸ਼ਿਪ ਵਲੋਂ ਉਸ ਦੇ ਘਰ ਪਹੁੰਚ ਕੇ ਮਨਾਇਆ ਗਿਆ।

ਕੀ ਰੁੱਸਿਆਂ ਨੂੰ ਮਨਾ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਕਾਇਮ ਕਰ ਸਕੇਗਾ ਆਪਣੀ ਸਲਤਨਤ
ਕੀ ਰੁੱਸਿਆਂ ਨੂੰ ਮਨਾ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਕਾਇਮ ਕਰ ਸਕੇਗਾ ਆਪਣੀ ਸਲਤਨਤ

ਅਕਾਲੀ ਦਲ ਨੂੰ ਆਪਣੇ ਅਤੀਤ ਤੋਂ ਪਿੱਛਾ ਛੁਡਾਉਣਾ ਪੈਣਾ

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਇਹ ਜ਼ਿੰਮੇਵਾਰੀ ਸੰਭਾਲੀ ਹੈ। ਅਕਾਲੀ ਦਲ ਨੂੰ ਕਈ ਵੱਡੇ ਚਿਹਰੇ ਅਲਵਿਦਾ ਆਖ ਗਏ ਹਨ ਅਤੇ ਇੰਨ੍ਹੀ ਦਿਨੀਂ ਪੰਜਾਬ ਦੀ ਸਿਆਸਤ ਵਿਚ ਪਾਰਟੀ ਹਾਸ਼ੀਏ 'ਤੇ ਚੱਲ ਰਹੀ ਹੈ। ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਦੀ ਸਥਿਤੀ ਡਾਂਵਾਂਡੋਲ ਰਹੀ ਹੈ।

ਸਿਆਸੀ ਅਧਾਰ ਮੁੜ ਤੋਂ ਕਾਇਮ ਕਰਨਾ ਚਾਹੁੰਦੀ: ਇਸ ਦੇ ਨਾਲ ਹੀ ਸੰਗਰੂਰ ਅਤੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਪਾਰਟੀ ਕੁਝ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹੁਣ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਕੇ ਪਾਰਟੀ ਪੰਜਾਬ 'ਚ ਆਪਣਾ ਸਿਆਸੀ ਅਧਾਰ ਮੁੜ ਤੋਂ ਕਾਇਮ ਕਰਨਾ ਚਾਹੁੰਦੀ ਹੈ। ਪਿਛਲੇ ਕਈ ਮਹੀਨਿਆਂ ਦੌਰਾਨ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਚਲੇ ਗਏ ਅਤੇ ਕਈਆਂ ਨੂੰ ਪਾਰਟੀ ਵਿਚੋਂ ਸਸਪੈਂਡ ਵੀ ਕੀਤਾ ਗਿਆ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪਾਰਟੀ ਛੱਡ ਕੇ ਗਏ ਕਈ ਲੀਡਰਾਂ ਨੂੰ ਮੁੜ ਤੋਂ ਆਪਣੀ ਮਾਂ ਪਾਰਟੀ 'ਚ ਆਉਣ ਦੀ ਅਪੀਲ ਵੀ ਕੀਤੀ ਸੀ।

ਕਈ ਸੀਨੀਅਰ ਆਗੂ ਪਾਰਟੀ ਤੋਂ ਕਰ ਗਏ ਕਿਨਾਰਾ: ਪਾਰਟੀ ਵਿਚ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਬੂਥ ਪੱਧਰ ਤੱਕ ਲੀਡਰਸ਼ਿਪ ਵਿਚ ਨਿਰਾਸ਼ਾ ਹੱਥ ਲੱਗੀ। ਪਾਰਟੀ ਵਿਚੋਂ ਸੁਖਦੇਵ ਸਿੰਘ ਢੀਂਡਸਾ, ਮਰਹੂਮ ਸੇਵਾ ਸਿੰਘ ਸੇਖਵਾਂ ਵਰਗੇ ਕਈ ਸੀਨੀਅਰ ਲੀਡਰਾਂ ਨੇ ਬਹੁਤ ਪਹਿਲਾਂ ਹੀ ਕਿਨਾਰਾ ਕਰ ਲਿਆ। ਬੀਬੀ ਜਗੀਰ ਅਤੇ ਜਗਮੀਤ ਬਰਾੜ ਨੂੰ ਖੁਦ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬਾਹਰ ਦਾ ਰਸਤਾ ਵਿਖਾਇਆ।

ਪੁਰਾਣੀ ਭਾਈਵਾਲ ਭਾਜਪਾ 'ਚ ਗਏ ਕਈ ਅਕਾਲੀ: ਅਮਰਪਾਲ ਸਿੰਘ ਬੋਨੀ ਅਜਨਾਲਾ, ਦੀਦਾਰ ਸਿੰਘ ਭੱਟੀ ਸਮੇਤ ਕਈ ਲੀਡਰ ਅਕਾਲੀ ਦਲ ਛੱਡ ਭਾਜਪਾ 'ਚ ਚਲੇ ਗਏ। ਇਸ ਦੇ ਨਾਲ ਹੀ ਅਕਾਲੀ ਦਲ ਦੇ ਇਸਤਰੀ ਵਿੰਗ ਵਿਚ ਵੱਡੀ ਬਗਾਵਤ ਵੇਖਣ ਨੂੰ ਮਿਲੀ, ਜਿਥੇ 35 ਅਸਤੀਫ਼ਿਆਂ ਦੀ ਝੜੀ ਇਕ ਦਮ ਲੱਗ ਗਈ। ਇਸ ਦੇ ਨਾਲ ਹੀ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਅਟਵਾਲ ਅਤੇ ਉਹਨਾਂ ਦੇ ਬੇਟੇ ਇੰਦਰ ਇਕਬਾਲ ਸਿੰਘ ਅਟਵਾਲ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਤੇ ਇੰਨ੍ਹਾਂ ਚੋਣਾਂ 'ਚ ਭਾਜਪਾ ਵਲੋਂ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਵੀ ਬਣਾ ਦਿੱਤਾ।

ਅਕਾਲੀ ਦਲ ਨੂੰ ਆਪਣੇ ਅਤੀਤ ਤੋਂ ਪਿੱਛਾ ਛੁਡਾਉਣਾ ਪੈਣਾ
ਅਕਾਲੀ ਦਲ ਨੂੰ ਆਪਣੇ ਅਤੀਤ ਤੋਂ ਪਿੱਛਾ ਛੁਡਾਉਣਾ ਪੈਣਾ

ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਤੇਜ਼: ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖੁਦ ਰੁੱਸਿਆਂ ਨੂੰ ਮਨਾਉਣ ਲਈ ਲੱਗੇ ਹੋ ਗਏ ਹਨ। ਬੀਤੇ ਦਿਨੀ ਜਲੰਧਰ 'ਚ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਨੂੰ ਮਨਾ ਕੇ ਅਕਾਲੀ ਦਲ 'ਚ ਵਾਪਸ ਲਿਆਂਦਾ ਗਿਆ। ਇਸ ਤੋਂ ਪਹਿਲਾਂ ਨਰਾਜ਼ ਹੋ ਕੇ ਅਕਾਲੀ ਦਲ ਛੱਡ ਗਏ ਤਲਬੀਰ ਸਿੰਘ ਗਿੱਲ ਨੂੰ ਮਨਾਉਣ ਲਈ ਅਕਾਲੀ ਲੀਡਰਸ਼ਿਪ ਰਾਤੋ ਰਾਤ ਅੰਮ੍ਰਿਤਸਰ ਉਸ ਦੀ ਰਿਹਾਇਸ਼ 'ਤੇ ਪਹੁੰਚ ਗਈ।

ਰੁੱਸਿਆਂ ਨੂੰ ਮਨਾਉਣ ਬਾਰੇ ਕੀ ਸੋਚਦੀ ਹੈ ਅਕਾਲੀ ਦਲ ?: ਉਧਰ ਸ਼੍ਰੋਮਣੀ ਅਕਾਲੀ ਦਲ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਕਹਿਣਾ ਹੈ ਕਿ ਰੁੱਸਣਾ ਮਨਾਉਣਾ ਹਰ ਪਾਰਟੀ ਦੀ ਪ੍ਰਕਿਰਿਆ ਹੈ। ਹਰ ਪਾਰਟੀ ਵਿਚ ਰੁੱਸਣਾ ਮਨਾਉਣਾ ਲੱਗਿਆ ਰਹਿੰਦਾ ਹੈ। ਅਕਾਲੀ ਦਲ ਵੀ ਆਪਣੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਥੋੜੀ ਬਹੁਤ ਨਰਾਜ਼ਗੀ ਚੱਲਦੀ ਰਹਿੰਦੀ ਹੈ, ਜਿਸ ਨੂੰ ਦੂਰ ਕਰ ਲਿਆ ਜਾਂਦਾ ਹੈ।

ਆਮ ਰੁਝਾਨ ਹੈ ਰੁੱਸਿਆਂ ਨੂੰ ਮਨਾਉਣਾ: ਇਸ ਦੇ ਨਾਲ ਹੀ ਇੱਕ ਹੋਰ ਸਿਆਸੀ ਮਾਹਿਰ ਨਵਜੋਤ ਕਹਿੰਦੇ ਹਨ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਰੁੱਸੇ ਲੀਡਰਾਂ ਨੂੰ ਮਨਾਉਣਾ ਆਮ ਰੁਝਾਨ ਬਣ ਜਾਂਦਾ ਹੈ। ਅਕਾਲੀ ਦਲ ਵੀ ਉਸੇ ਰੁਝਾਨ ਤਹਿਤ ਕੰਮ ਕਰ ਰਿਹਾ ਪਰ ਪੰਜਾਬ ਦੀ ਸਿਆਸਤ ਵਿਚ ਜੇਕਰ ਅਕਾਲੀ ਦਲ ਦੇ ਵੋਟ ਬੈਂਕ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਪੰਜਾਬ ਵਿਚ ਆਪਣਾ ਵੋਟ ਬੈਂਕ ਅਤੇ ਸਿਆਸੀ ਅਧਾਰ ਦੋਵੇਂ ਹੀ ਗੁਆ ਲਏ ਹਨ।

Last Updated : Aug 19, 2023, 8:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.