ETV Bharat / state

SAD leader accuses CM Bhagwant Mann: ਮੁੱਖ ਮੰਤਰੀ ਮਾਨ ਦੇ ਰਾਜਪਾਲ ਨੂੰ ਜਵਾਬ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ ਪੰਜਾਬੀਆਂ ਨਾਲ ਧੋਖਾ ਕਰਕੇ ਕੂੜ ਪ੍ਰਚਾਰ ਕਰ ਰਹੀ ਸਰਕਾਰ

author img

By ETV Bharat Punjabi Team

Published : Oct 3, 2023, 6:17 PM IST

Shiromani akali dal ਸ਼੍ਰੋਮਣੀ ਅਕਾਲੀ ਦਲ
Shiromani akali dal ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਜ਼ੇ ਨੂੰ ਲੈਕੇ ਰਾਜਪਾਲ ਨੂੰ ਲਿਖੀ ਚਿੱਠੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਅਕਾਲੀ ਆਗੂ ਨੇ ਕਈ ਖੁਲਾਸੇ ਕਰਦਿਆਂ ਸਰਕਾਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਅਪ੍ਰੈਲ ਤੋਂ ਅਗਸਤ ਤੱਕ ਹੋਈ ਕੁੱਲ ਆਮਦਨ ਦੇ ਅੰਕੜੇ ਨੂੰ ਲਏ ਕਰਜ਼ੇ ਨਾਲ ਜੋੜ ਕੇ ਕੁੱਲ ਆਮਦਨ 47923 ਕਰੋੜ ਰੁਪਏ ਹੋਣ ਦੇ ਝੂਠੇ ਦਾਅਵੇ ਕਰ ਰਹੇ ਹਨ ਤੇ ਇਹ ਵੀ ਗਲਤ ਦਾਅਵਾ ਕਰ ਰਹੇ ਹਨ ਕਿ ਸੂਬੇ ਦੀ ਮਾਲੀਆ ਪ੍ਰਾਪਤੀਆਂ ਹਰਿਆਣਾ ਨਾਲੋਂ ਵੱਧ ਗਈਆਂ ਹਨ।

ਝੂਠੇ ਦਾਅਵੇ ਕਰ ਕੇ ਪੰਜਾਬੀਆਂ ਨਾਲ ਵੱਡਾ ਧੋਖਾ: ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੋਈਆਂ ਮਾਲੀਆ ਪ੍ਰਾਪਤੀਆਂ 31839 ਕਰੋੜ ਰੁਪਏ ਨੂੰ ਲਏ 16075 ਕਰੋੜ ਰੁਪਏ ਦੇ ਕਰਜ਼ੇ ਨਾਲ ਮਿਲ ਕੇ ਕੁੱਲ ਪ੍ਰਾਪਤੀਆਂ 47923 ਕਰੋੜ ਰੁਪਏ ਹੋਣ ਦੇ ਝੂਠੇ ਦਾਅਵੇ ਕਰ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਇਹ ਜਾਅਲੀ ਅੰਕੜੇ ਵਰਤ ਕੇ ਆਪਣੇ ਅਧਿਕਾਰਤ ਹੈਂਡਲ ’ਤੇ ਕੂੜ ਪ੍ਰਚਾਰ ਮੁਹਿੰਮ ਆਰੰਭੀ ਹੋਈ ਹੈ।

  • Perturbed by news items showing the true picture of Punjab’s finances the Pb Govt and AAP have launched a massive misinformation campaign to mislead the people.

    In a P.C. at Chandigarh today I laid the facts before the people of Punjab.@AAPPunjab @BhagwantMann pic.twitter.com/Dflzt1cyCA

    — Parambans Singh Romana (@ParambansRomana) October 3, 2023 " class="align-text-top noRightClick twitterSection" data=" ">

ਪਿਛਲੇ ਸਾਲ ਦੇ ਮੁਕਾਬਲੇ ਕਰਜ਼ਾ ਤਿੰਨ ਗੁਣਾ ਵੱਧ: ਮੁੱਖ ਮੰਤਰੀ ਦੇ ਝੂਠ ਨੂੰ ਬੇਨਕਾਬ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਦੀ ਮਾਲੀਆ ਪ੍ਰਾਪਤੀ ਪਿਛਲੇ ਸਾਲ ਦੇ ਮੁਕਾਬਲੇ 2 ਹਜ਼ਾਰ ਕਰੋੜ ਰੁਪਏ ਘਟੀ ਹੈ ਤੇ ਕਰਜ਼ਾ ਤਿੰਨ ਗੁਣਾ ਵੱਧ ਗਿਆ ਹੈ। ਉਹਨਾਂ ਨੇ ਹੋਰ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਅਪ੍ਰੈਲ ਤੋਂ ਅਗਸਤ 2022 ਦਰਮਿਆਨ ਮਾਲੀਆ ਪ੍ਰਾਪਤੀਆਂ 33702 ਕਰੋੜ ਰੁਪਏ ਸਨ ਜਦੋਂ ਕਿ ਇਸ ਸਾਲ ਇਸੇ ਅਰਸੇ ਦੀਆਂ ਪ੍ਰਾਪਤੀਆਂ 31839 ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ ਅਪ੍ਰੈਲ ਤੋਂ ਅਗਸਤ 2022 ਦਰਮਿਆਨ 5589 ਕਰੋੜ ਰੁਪਏ ਕਰਜ਼ ਲਿਆ ਸੀ ਜਦੋਂ ਕਿ ਇਸ ਸਾਲ ਇਸੇ ਅਰਸੇ ਦਾ ਕੁੱਲ ਲਿਆ ਕਰਜ਼ਾ 16075 ਕਰੋੜ ਰੁਪਏ ਹੈ।

ਕੈਗ ਰਿਪੋਰਟ ਮੁਤਾਬਕ ਹੋਏ ਨਵੇਂ ਖੁਲਾਸੇ: ਪੰਜਾਬ ਦੀ ਮਾਲੀਆ ਪ੍ਰਾਪਤੀ ਇਸ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਹਰਿਆਣਾ ਨਾਲੋਂ ਵੱਧ ਹੋਣ ਦੇ ਮੁੱਖ ਮੰਤਰੀ ਦੇ ਦਾਅਵੇ ਦੀ ਗੱਲ ਕਰਦਿਆਂ ਰੋਮਾਣਾ ਨੇ ਕਿਹਾ ਕਿ ਇਹ ਦਾਅਵਾ ਝੂਠ ਦਾ ਪੁਲੰਦ ਹੈ। ਉਹਨਾਂ ਕਿਹਾ ਕਿ ਕੈਗ ਰਿਪੋਰਟ ਮੁਤਾਬਕ ਹਰਿਆਣਾ ਦੀਆਂ ਪ੍ਰਾਪਤੀਆਂ 40757 ਕਰੋੜ ਰੁਪਏ ਹੈ ਜਦੋਂ ਕਿ ਪੰਜਾਬ ਦੀਆਂ ਪ੍ਰਾਪਤੀਆਂ 31839 ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਇਸ ਅਰਸੇ ਦੌਰਾਨ ਹਰਿਆਣਾ ਦੀਆਂ ਪ੍ਰਾਪਤੀਆਂ ਪੰਜਾਬ ਨਾਲੋਂ 9 ਹਜ਼ਾਰ ਕਰੋੜ ਰੁਪਏ ਜ਼ਿਆਦਾ ਹੈ।

ਹਰਿਆਣਾ ਦਾ ਪੰਜਾਬ ਨਾਲੋਂ ਚੰਗਾ ਪ੍ਰਦਰਸ਼ਨ: ਰੋਮਾਣਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਹਰਿਆਣਾ ਨੇ ਅਪ੍ਰੈਲ ਤੋਂ ਅਗਸਤ ਮਹੀਨਿਆਂ ਹਰ ਪੈਮਾਨੇ ’ਤੇ ਪੰਜਾਬ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੀਆਂ ਜੀ ਐਸ ਟੀ ਪ੍ਰਾਪਤੀਆਂ 13462 ਕਰੋੜ ਰੁਪਏ ਹਨ ਜਦੋਂ ਕਿ ਪੰਜਾਬ ਦੀ ਕਲੈਕਸ਼ਨ 8473 ਕਰੋੜ ਰੁਪਏ ਹੈ। ਹਰਿਆਣਾ ਨੇ ਅਸ਼ਟਾਮ ਡਿਊਟੀ 'ਤੇ ਰਜਿਸਟਰੇਸ਼ਨ ਰਾਹੀਂ 3800 ਕਰੋੜ ਰੁਪਏ ਕਮਾਏ ਹਨ ਜਦੋਂ ਕਿ ਪੰਜਾਬ ਨੇ 1803 ਕਰੋੜ ਰੁਪਏ ਜੁਟਾਏ ਹਨ। ਰੋਮਾਣਾ ਨੇ ਕਿਹਾ ਕਿ ਹਰਿਆਣਾ ਨੇ ਸੇਲ ਟੈਕਸ ਤੋਂ ਹਰਿਆਣਾ ਨੇ 4687 ਕਰੋੜ ਰੁਪਏ ਕਮਾਏ ਜਦੋਂ ਕਿ ਪੰਜਾਬ ਨੇ 2691 ਕਰੋੜ ਰੁਪਏ ਕਮਾਏ। ਆਬਕਾਰੀ ਡਿਊਟੀ ਤੋਂ ਹਰਿਆਣਾ ਨੇ 4885 ਕਰੋੜ ਰੁਪਏ ਕਮਾਏ ਜਦੋਂ ਕਿ ਪੰਜਾਬ ਨੇ 1917 ਕਰੋੜ ਰੁਪਏ ਕਮਾਏ ਹਨ।

ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਕੋਈ ਵਿਕਾਸ ਕਾਰਜ ਨਹੀਂ: ਉਹਨਾਂ ਕਿਹਾ ਕਿ ਪੰਜਾਬ ਹਰਿਆਣਾ ਤੋਂ ਸਿਰਫ ਇਕ ਚੀਜ਼ ਵਿਚ ਅੱਗੇ ਹੈ, ਉਹ ਹੈ ਕਰਜ਼ਾ ਚੁੱਕਣ ਵਿਚ ਮੋਹਰੀ। ਉਹਨਾਂ ਕਿਹਾ ਕਿ ਪੰਜਾਬ ਨੇ ਆਪਣੀ ਕੁੱਲ ਕਮਾਈ ਦਾ ਸਿਰਫ 3.8 ਫੀਸਦੀ 1200 ਕਰੋੜ ਰੁਪਏ ਪੂੰਜੀਗਤ ਖਰਚਾ ਕੀਤਾ ਹੈ। ਇਸੇ ਕਾਰਨ ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਕੋਈ ਵਿਕਾਸ ਕਾਰਜ ਨਹੀਂ ਹੋਇਆ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਵੀ ਨਵਾਂ ਬੁਨਿਆਦੀ ਢਾਂਚਾ ਪ੍ਰੋਜੈਕਟ ਨਹੀਂ ਲਿਆਂਦਾ ਤੇ ਨਾ ਹੀ ਸਮਾਜ ਭਲਾਈ ਲਾਭ ਦਿੱਤਾ ਹੈ ਜਦੋਂ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਦਿੱਤੇ ਲਾਭ ਜਿਵੇਂ ਆਟਾ ਦਾਲ ਸਕੀਮ, ਸ਼ਗਨ, ਲੜਕੀਆਂ ਲਈ ਮੁਫਤ ਸਾਈਕਲਾਂ, ਐਸ ਸੀ ਸਕਾਲਰਸ਼ਿਪ ਸਕੀਮ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਸਰਕਾਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ: ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਪੈਸਾ ਅਖੀਰ ਗਿਆ ਕਿਥੇ ? ਉਹਨਾਂ ਕਿਹਾ ਕਿ ਮੈਂ ਵਿੱਤ ਮੰਤਰੀ ਹਰਪਾਲ ਚੀਮਾ ਜਾਂ ਆਪ ਦੇ ਕਿਸੇ ਵੀ ਪ੍ਰਤੀਨਿਧ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਉਹਨਾਂ ਦੀ ਪਸੰਦ ਦੇ ਸਮੇਂ ਅਤੇ ਸਥਾਨ ’ਤੇ ਕੈਗ ਅੰਕੜਿਆਂ ’ਤੇ ਬਹਿਸ ਕਰ ਕੇ ਵਿਖਾਉਣ। ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਉਹਨਾਂ ਦਾ ਪੈਸਾ ਕਿਥੇ ਗਿਆ? ਭਾਵੇਂ ਇਹ ਸੈਂਕੜੇ ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖਰਚਿਆ ਗਿਆ ਜਾਂ ਫਿਰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਾਸਤੇ ਵੱਡਾ ਜਹਾਜ਼ ਕਿਰਾਏ ’ਤੇ ਲੈਣ ਵਾਸਤੇ ਖਰਚਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.