ETV Bharat / state

Punjabi in Canada: ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪਰ ਕੈਨੇਡਾ ਪਹੁੰਚੇ ਪੰਜਾਬੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਖਾਸ ਰਿਪੋਰਟ

author img

By

Published : Jul 2, 2023, 2:06 PM IST

ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆ ਅਨੁਸਾਰ ਪਿਛਲੇ 3 ਸਾਲਾਂ 'ਚ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 300 ਪ੍ਰਤੀਸ਼ਤ ਤੱਕ ਵਧੀ। ਜਿਹਨਾਂ ਵਿਚ ਸਭ ਤੋਂ ਜ਼ਿਆਦਾ ਪੰਜਾਬੀ ਹਨ। ਕੈਨੇਡਾ ਵਿਚ ਜਾਣ ਵਾਲੇ ਕਈ ਪਰਿਵਾਰ ਅਤੇ ਜ਼ਿਆਦਾਤਰ ਵਿਿਦਆਰਥੀਆਂ ਨੂੰ ਰਹਿਣ ਲਈ ਘਰ ਦੀ ਸਮੱਸਿਆ ਵੀ ਇਸ ਸਮੇਂ ਜ਼ਿਆਦਾ ਪੇਸ਼ ਆ ਰਹੀ ਹੈ। ਪੜ੍ਹੋ ਖਾਸ ਰਿਪੋਰਟ...

Punjabis who arrived in Canada were deprived of basic facilities, Report
ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪਰ ਕੈਨੇਡਾ ਪਹੁੰਚੇ ਪੰਜਾਬੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਖਾਸ ਰਿਪੋਰਟ

ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ

ਚੰਡੀਗੜ੍ਹ: ਪੰਜਾਬੀਆਂ ਦੀ ਵਿਦੇਸ਼ਾਂ ਨੂੰ ਜਾਣ ਦੀ ਖਿੱਚ ਜੱਗ ਜ਼ਾਹਿਰ ਹੈ। ਦੁਆਬੇ ਖੇਤਰ ਵਿਚ ਜਾਈਏ ਤਾਂ ਘਰਾਂ ਦੀਆਂ ਛੱਤਾਂ 'ਤੇ ਬਣੀ ਜਹਾਜ਼ ਵਾਲੀ ਟੈਂਕੀ ਵਿਦੇਸ਼ ਦੇ ਮੋਹ ਦੀ ਹਾਮੀ ਭਰਦੀ ਹੈ। ਵੱਡੀਆਂ ਵੱਡੀਆਂ ਕੋਠੀਆਂ ਦੇ ਗੇਟਾਂ ਨੂੰ ਲੱਗੇ ਤਾਲੇ ਇਹ ਤਸਵੀਰ ਬਿਆਨ ਕਰਦੇ ਹਨ ਇੰਨੀਆਂ ਵੱਡੀਆਂ ਕੋਠੀਆਂ ਦੇ ਮਾਲਕ ਵਿਦੇਸ਼ਾਂ ਵਿਚ ਆਪਣੇ ਸੁਪਨਿਆਂ ਦਾ ਸੰਸਾਰ ਸਿਰਜ ਰਹੇ ਹਨ। ਇਹੀ ਰੁਝਾਨ ਹੁਣ ਪੰਜਾਬ ਦੇ ਸਾਰੇ ਖੇਤਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇਸ ਰੁਝਾਨ ਵਿਚਾਲੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆ ਅਨੁਸਾਰ ਪਿਛਲੇ 3 ਸਾਲਾਂ 'ਚ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 300 ਪ੍ਰਤੀਸ਼ਤ ਤੱਕ ਵਧੀ। ਜਿਹਨਾਂ ਵਿਚ ਸਭ ਤੋਂ ਜ਼ਿਆਦਾ ਪੰਜਾਬੀ ਹਨ।


ਦੁਨੀਆਂ 'ਚ 195 ਦੇਸ਼ ਹਨ ਜਿਹਨਾਂ ਵਿਚ ਯੂਰਪ, ਏਸ਼ੀਆ ਅਤੇ ਮਿਡਲ ਈਸਟ ਵਰਗੇ ਦੇਸ਼ਾਂ ਵਿਚ ਪੰਜਾਬੀਆਂ ਨੇ ਮੱਲ੍ਹਾਂ ਮਾਰੀਆਂ, ਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਜਿਥੇ ਪੀਆਰ, ਸਟੱਡੀ ਵੀਜ਼ਾ ਅਤੇ ਵਰਕਿਟ ਪਰਮਿਟ ਰਾਹੀਂ ਹਰ ਸਾਲ ਹਜ਼ਾਰਾਂ ਪੰਜਾਬ ਦੇ ਬਸ਼ਿੰਦੇ ਕੈਨੇਡਾ ਜਾ ਰਹੇ ਹਨ। ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੇਬਰਟ ਦਾ ਕਹਿਣਾ ਹੈ ਕਿ ਕੈਨੇਡਾ ਦਾ ਸਭ ਤੋਂ ਵੱਡਾ ਸਰੋਤ ਦੇਸ਼ ਹੈ, ਪਰਵਾਸੀਆਂ ਦੀਆਂ ਸਾਰੀਆਂ ਸ਼੍ਰੇਣੀਆਂ, ਸਥਾਈ ਨਿਵਾਸੀਆਂ ਤੋਂ ਲੈ ਕੇ ਵਪਾਰਕ ਯਾਤਰੀਆਂ ਤੱਕ, ਵਿਦਿਆਰਥੀਆਂ ਤੱਕ ਦਾ ਧਿਆਨ ਰੱਖਿਆ ਜਾਂਦਾ ਹੈ। ਭਾਵੇਂ ਇਹ ਸਿੱਖਿਆ, ਸੱਭਿਆਚਾਰ, ਵਪਾਰ, ਖੇਡਾਂ ਜਾਂ ਰਾਜਨੀਤੀ ਹੋਵੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ।


3 ਸਾਲਾਂ 'ਚ 300 ਪ੍ਰਤੀਸ਼ਤ ਤੱਕ ਭਾਰਤੀ ਪਹੁੰਚੇ ਕੈਨੇਡਾ : ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਵੈਬਸਾਈਟ ਅਨੁਸਾਰ ਸਾਲ 2020 'ਚ 1,71,618 ਤੋਂ ਵਧ ਕੇ 2022 ਤੱਕ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 6,94,620 ਹੋ ਗਈ ਹੈ। ਟੂਰਿਸਟ ਵੀਜ਼ਾ 'ਤੇ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿਚ ਕੁਝ ਘੱਟ ਨਹੀਂ। ਟੂਰਿਸਟ ਵਜੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ 2020 ਵਿੱਚ 55,404 ਤੋਂ ਵੱਧ ਕੇ 2022 ਵਿੱਚ 3,46,464 ਹੋ ਗਈ। 2020 'ਚ 80, 880 ਵਿਿਦਆਰਥੀ ਕੈਨੇਡਾ ਗਏ ਜਿਹਨਾਂ ਦੀ ਗਿਣਤੀ ਸਾਲ 2022 ਤੱਕ 2,26,095 ਅਤੇ ਸਿੱਧੀ ਪੀਆਰ ਰਾਹੀਂ ਸਾਲ 2020 'ਚ 35,334 ਭਾਰਤੀ ਕੈਨੇਡਾ ਗਏ ਸਨ, ਜਿਨ੍ਹਾਂ ਦੀ ਗਿਣਤੀ ਸਾਲ 2022 ਤੱਕ ਵੱਧ ਕੇ 1,22,061 ਹੋ ਗਈ। ਸਾਲ 2022 'ਚ ਪੰਜਾਬ ਤੋਂ 70,000 ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚੇ ਜੋ ਭਾਰਤ ਤੋਂ ਆਏ ਸਾਰੇ ਪ੍ਰਵਾਸੀਆਂ ਦਾ ਲਗਭਗ 20% ਬਣਦੇ ਹਨ। ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਿਕ ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪਸੰਦ ਦੇਸ਼ ਹੈ।


ਕਿਉਂ ਕੈਨੇਡਾ ਬਣਿਆ ਪੰਜਾਬੀਆਂ ਦੀ ਪਹਿਲੀ ਪਸੰਦ ? : ਪੰਜਾਬ ਵਿਚੋਂ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਪੰਜਾਬ ਦੇ ਪੇਂਡੂ ਖਿੱਤੇ ਨਾਲ ਜੁੜੇ ਨੌਜਵਾਨ ਹਨ। ਇਹ ਰੁਝਾਨ ਪੰਜਾਬ ਦੇ ਹਰ ਵਰਗ ਅਤੇ ਹਰ ਖਿੱਤੇ ਵਿਚ ਪਾਇਆ ਜਾਣ ਲੱਗਾ ਹੈ। ਕੈਨੇਡਾ ਵਿੱਚ 2021 ਦੀ ਜਨਗਣਨਾ ਦੇ ਅਨੁਸਾਰ, ਪੰਜਾਬੀ ਅੰਗਰੇਜ਼ੀ, ਫਰੈਂਚ ਅਤੇ ਮੈਂਡਰਿਨ ਤੋਂ ਬਾਅਦ ਚੌਥੀ ਵਿਆਪਕ ਬੋਲੀ ਜਾਣ ਵਾਲੀ ਭਾਸ਼ਾ ਹੈ। ਕੈਨੇਡਾ ਦੇ ਕੁਝ ਸ਼ਹਿਰਾਂ ਨੂੰ ਤਾਂ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬੀਆਂ ਦੀ ਗਿਣਤੀ ਨੂੰ ਵੇਖਦਿਆਂ ਕੈਨੇਡਾ ਵਿਚ ਲਗਾਤਾਰ ਪੰਜਾਬੀ ਭਾਸ਼ਾ ਨੂੰ ਤਰਜ਼ੀਹ ਦਿੱਤੀ ਜਾਣ ਲੱਗੀ ਹੈ। ਕਈ ਬੋਰਡ ਅਤੇ ਸੜਕਾਂ ਉੱਤੇ ਵੀ ਪੰਜਾਬੀ ਭਾਸ਼ਾ ਲਿਖੀ ਹੋਈ ਮਿਲਦੀ ਹੈ। ਇਥੋਂ ਤੱਕ ਕਿ ਕੈਨੇਡਾ ਸਰਕਾਰ ਵਿਚ ਕਈ ਪੰਜਾਬੀ ਮੰਤਰੀ ਵੀ ਮੌਜੂਦ ਹਨ। ਕੈਨਡਾ ਵਿਚ ਕਈ ਪੰਜਾਬ ਹਨ ਜਿਹਨਾਂ ਦੇ ਵੱਡੇ- ਵੱਡੇ ਕਾਰੋਬਾਰ ਸੈਟ ਹਨ, ਇਸ ਲਈ ਉਨ੍ਹਾਂ ਕੰਮ ਦੇਣ ਵਿਚ ਪੰਜਾਬੀ ਲੋਕਾਂ ਜਾਂ ਪੰਜਾਬੀ ਮੁੰਡੇ ਕੁੜੀਆਂ ਨੂੰ ਹੀ ਤਰਜ਼ੀਹ ਦਿੰਦੇ ਹਨ। ਕੈਨੇਡਾ ਸਰਕਾਰ ਵੀ ਪੰਜਾਬੀਆਂ ਨੂੰ ਜ਼ਿਆਦਾ ਤਰਜ਼ੀਹ ਦਿੰਦੀ ਹੈ।


ਕੈਨੇਡਾ ਵਿਚ ਪੰਜਾਬੀਆਂ ਦੀ ਮੌਜੂਦਾ ਸਥਿਤੀ : ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੜਕਾਂ ਤੱਕ ਪੰਜਾਬੀਆਂ ਦਾ ਬੋਲਬਾਲਾ ਹੈ ਅਤੇ ਹਰ ਖੇਤਰ ਵਿਚ ਪੰਜਾਬੀਆਂ ਦੀ ਤੂਤੀ ਬੋਲਦੀ ਹੈ। ਪਰ ਜਿਵੇਂ ਜਿਵੇਂ ਕੈਨੇਡਾ 'ਚ ਅਬਾਦੀ ਵੱਧਦੀ ਜਾ ਰਹੀ ਹੈ ਜਾਂ ਫਿਰ ਇਹ ਕਹਿ ਲਈਏ ਕਿ ਕੈਨੇਡਾ ਵਿਚ ਪੰਜਾਬੀਆਂ ਦੀ ਭਰਮਾਰ ਹੋ ਰਹੀ ਹੈ। ਓਸੇ ਤਰ੍ਹਾਂ ਕੈਨੇਡਾ ਦੀ ਅਰਥ ਵਿਵਸਥਾ ਅਤੇ ਭੂਗੋਲਿਕ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ।

"ਕੈਨੇਡਾ ਵਿੱਚ ਮੌਜੂਦਾ ਸਮੇਂ ਜਾਣ ਵਾਲੇ ਜ਼ਿਆਦਾਤਰ ਵਿਦਿਆਰਥੀ ਹੀ ਹਨ, ਜਿਨ੍ਹਾਂ ਦਾ ਉਥੇ ਕਈ ਤਰੀਕਿਆਂ ਨਾਲ ਸੋਸ਼ਣ ਕੀਤਾ ਜਾ ਰਿਹਾ ਹੈ। ਜਿਵੇਂ ਕਿ ਉਥੇ ਕੰਮ ਕਰਨ ਵੇਲੇ ਕੰਮ ਦੇ ਘੰਟੇ ਜ਼ਿਆਦਾ ਤੈਅ ਕੀਤੇ ਜਾਂਦੇ ਹਨ ਅਤੇ ਤਨਖ਼ਾਹ ਘੱਟ ਹੁੰਦੀ ਹੈ। ਕੈਨੇਡਾ ਵਿਚ ਜਾਣ ਵਾਲੇ ਕਈ ਪਰਿਵਾਰ ਅਤੇ ਜ਼ਿਆਦਾਤਰ ਵਿਿਦਆਰਥੀਆਂ ਨੂੰ ਰਹਿਣ ਲਈ ਘਰ ਦੀ ਸਮੱਸਿਆ ਵੀ ਇਸ ਸਮੇਂ ਜ਼ਿਆਦਾ ਪੇਸ਼ ਆ ਰਹੀ ਹੈ। ਜੇਕਰ ਕਿਰਾਏ ਉਤੇ ਘਰ ਮਿਲਦਾ ਹੈ ਤਾਂ ਉਸਦੀ ਕੀਮਤ ਜ਼ਿਆਦਾ ਵਸੂਲੀ ਜਾਂਦੀ ਹੈ ਅਤੇ ਹਾਲ ਤਾਂ ਇਹ ਵੀ ਹੈ ਕਿ ਇਕ ਕਮਰੇ ਵਿਚ ਕਈ ਕਈ ਵਿਦਿਆਰਥੀਆਂ ਨੂੰ ਰਹਿਣਾ ਪੈ ਰਿਹਾ ਹੈ। ਜਿੰਨੀ ਜ਼ਿਆਦਾ ਕੈਨੇਡਾ ਵਿਚ ਅਬਾਦੀ ਵੱਧਦੀ ਜਾ ਰਹੀ ਹੈ ਓਨੀ ਹੀ ਬੁਨਿਆਦੀ ਸਹੂਲਤਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।"- ਜਤਿੰਦਰ ਐਸ ਚੌਹਾਨ, ਐਚਓਡੀ, ਏਪੀ ਐਜੂਕੇਸ਼ਨ ਅਤੇ ਕਨਸਲਟੈਂਟ ਵਿੱਚ ਐਜੂਕੇਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.