ETV Bharat / state

ਮੀਂਹ ਨੇ ਖੋਰ ਕੇ ਰੱਖ ਦਿੱਤਾ ਪੰਜਾਬ, ਸਭ ਤੋਂ ਵੱਧ ਰੋਪੜ, ਪਟਿਆਲਾ, ਮੁਹਾਲੀ ਤੇ ਸ੍ਰੀ ਆਨੰਦਪੁਰ ਸਾਹਿਬ ਜਿਲ੍ਹੇ ਨੂੰ ਪਈ ਪਾਣੀ ਦੀ ਮਾਰ, 8 ਲੋਕਾਂ ਦੀ ਮੌਤ, ਪੜ੍ਹੋ ਵਿਸ਼ੇਸ਼ ਰਿਪੋਰਟ...

author img

By

Published : Jul 11, 2023, 11:01 PM IST

ਪੰਜਾਬ ਵਿੱਚ ਹੜ੍ਹਾਂ ਕਾਰਨ ਤਬਾਹੀ ਸ਼ੁਰੂ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸੂਬੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਵਿੱਚ 2-2 ਅਤੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ 1-1 ਮੌਤਾਂ ਹੋਈਆਂ ਹਨ। 3 ਲੋਕ ਲਾਪਤਾ ਹਨ ਜਦਕਿ ਕਰੀਬ 10,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੜ੍ਹੋ ਪੂਰੀ ਖਬਰ...

punjab flodd update 8 people died
punjab flodd update 8 people died

ਚੰਡੀਗੜ੍ਹ: ਕੁਦਰਤ ਦੇ ਕਹਿਰ ਨੇ ਸਭ ਦੇ ਕੰਨਾਂ ਨੂੰ ਹੱਥ ਲਗਵਾ ਦਿੱਤੇ ਹਨ। ਹੜ੍ਹਾਂ ਕਾਰਨ 13 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੰਨ੍ਹਾਂ 13 ਜ਼ਿਿਲ੍ਹਆਂ ਦੇ 498 ਪਿੰਡਾਂ 'ਚ ਤਬਾਹੀ ਮਚੀ ਹੋਈ ਹੈ। ਇਹ ਪਿੰਡ ਦਰਿਆ ਦੇ ਕੰਢੇ ਅਤੇ ਸਰਹੱਦੀ ਜ਼ਿਿਲ੍ਹਆਂ ਵਿੱਚ ਹਨ। ਇੰਨਹਾਂ ਦੇ ਬਚਾਅ ਲਈ ਫੌਜ ਅਤੇ ਐਨਡੀਆਰਐੱਫ਼ ਦੀ ਮਦਦ ਲਈ ਜਾ ਰਹੀ ਹੈ।

ਚੰਡੀਗੜ੍ਹ ਅਤੇ ਮੁਹਾਲੀ ਦਾ ਹਾਲ: ਇਸ ਬਰਸਾਤ ਨੇ ਕਿਸੇ ਨੂੰ ਬਖ਼ਸ਼ਿਆ। ਚੰਡੀਗੜ੍ਹ, ਮੁਹਾਲੀ ਜਾਂ ਫਿਰ ਜ਼ੀਰਕਪੁਰ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਘਰਾਂ ਦੇ ਘਰ ਪਾਣੀ 'ਚ ਡੁੱਬ ਗਏ ਹਨ। ਪਲਕ ਝਪਕਦੇ ਹੀ ਕੋਠੀਆਂ ਢਹਿ-ਢੇਰੀ ਹੋ ਰਹੀਆਂ ਹਨ। ਇੱਕ ਪਾਸੇ ਪਾਣੀ ਦੀ ਮਾਰ ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜੀਣਾ ਮੌਹਾਲ ਕਰ ਦਿੱਤਾ ਹੈ।ਮੋਹਾਲੀ ਏਅਰਪੋਰਟ ਰੋਡ ਮੀਂਹ ਦੇ ਪਾਣੀ 'ਚ ਡੁੱਬੀ ਹੋਈ ਹੈ।ਪਿੰਡ ਮਲੋਆ ਤੋਂ ਚੰਡੀਗੜ੍ਹ ਦੇ ਪਿੰਡ ਤੋਗਾ ਨੂੰ ਜਾਂਦੇ ਰਸਤੇ 'ਤੇ ਪਟਿਆਲਾ ਦੀ ਰਾਓ ਨਦੀ 'ਤੇ ਸਵਿਫਟ ਕਾਰ ਸਵਾਰ ਤਿੰਨੋਂ ਵਿਅਕਤੀ ਰੁੜ੍ਹ ਗਏ। ਪੁਲਿਸ ਨੇ ਬਚਾਅ ਮੁਹਿੰਮ ਦੌਰਾਨ ਤਿੰਨੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਉਥੇ ਹੀ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।ਬਿਜਲੀ ਗਰਿੱਡਾਂ 'ਚ ਪਾਣੀ ਭਰ ਕਾਰਨ ਬਿਜਲੀ ਗੁਲ ਹੋ ਗਈ ਹੈ।ਜਿਸ ਕਾਰਕੇ ਲੋਕਾਂ ਵੱਲਂ ਪ੍ਰਸਾਸ਼ਨ 'ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।

ਲੁਧਿਆਣਾ ਦੀਆਂ ਤਸਵੀਰਾਂ: ਲੁਧਿਆਣਾ ਦੇ ਬੁਖਾਰੀ ਕਲਾਂ ਵਿਖੇ ਬਣਿਆ ਪੁਲ ਟੁੱਟ ਗਿਆ ਹੈ। ਹਲਕਾ ਸਾਹਨੇਵਾਲ ਦੇ ਪਿੰਡ ਖਾਸੀ ਕਲਾਂ ਵਿੱਚ ਦੋ ਸਾਲ ਪਹਿਲਾਂ ਬਣਿਆ ਪੁਲ ਵੀ ਟੁੱਟ ਗਿਆ ਹੈ।ਬੁੱਢਾ ਦਰਿਆ ਬੰਨ੍ਹ ਟੁੱਟਣ ਕਾਰਨ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸੜਕ 'ਤੇ ਆ ਗਿਆ ਪਾਣੀ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੇਤ ਦੀਆਂ ਬੋਰੀਆਂ ਆਦਿ ਲਗਵਾਈਆਂ। ਦਰਿਆ ’ਚੋਂ ਪਾਣੀ ਓਵਰਫਲੋ ਹੋ ਕੇ ਗੁਰੂ ਰਾਮ ਦਾਸ ਕਲੋਨੀ, ਸੀਐਮਸੀ ਕਲੋਨੀ, ਪਿੰਡ ਕੱਕਾ ਆਦਿ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ’ਚ ਭਰਨਾ ਸ਼ੁਰੂ ਹੋ ਗਿਆ। ਇਲਾਕੇ ਵਿੱਚ 3 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ।

ਧੁੱਸੀ ਬੰਨ੍ਹ ਵਿੱਚ ਪਾੜ: ਜਲੰਧਰ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਰੀਕੇ ਪੱਤਣ ਤੋਂ ਵੀ ਪਾਣੀ ਛੱਡਿਆ ਗਿਆ ਹੈ। ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਦੇ ਲੋਹੀਆਂ ਇਲਾਕੇ 'ਚ ਲੱਖੇ ਦੀਆ ਛੰਨਾ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ। ਇਸੇ ਦੌਰਾਨ ਲੋਹੀਆਂ 'ਚ ਪਾਣੀ ਦੇ ਤੇਜ਼ ਵਹਾਅ 'ਚ ਫਸਿਆ ਨੌਜਵਾਨ ਆਪਣੀ ਬਾਈਕ ਕੱਢਦੇ ਸਮੇਂ ਰੁੜ੍ਹ ਗਿਆ। ਨੌਜਵਾਨ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ। ਸ਼ਾਹਕੋਟ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟਿਆ। ਸ਼ਾਹਕੋਟ ਦੇ ਆਸਪਾਸ ਦੇ ਪਿੰਡਾਂ ਵਿੱਚ ਰਾਤ ਨੂੰ ਪਾਣੀ ਆ ਗਿਆ। ਜਿਸ ਤੋਂ ਬਾਅਦ ਐੱਨਡੀਆਰਐੱਫ਼ ਨੇ ਉੱਥੇ ਬਚਾਅ ਮੁਹਿੰਮ ਚਲਾਈ। ਇਸ ਦੇ ਨਾਲ ਹੀ ਜਲੰਧਰ ਸ਼ਹਿਰ ਦੇ ਅੰਦਰ ਕਾਲੀਆ ਕਾਲੋਨੀ 'ਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਤ ਭਰ ਇੱਥੇ ਨਹਿਰ ਦੀਆਂ ਕੰਧਾਂ ਨੂੰ ਮਜ਼ਬੂਤ ​​ਕਰਨ ਦਾ ਕੰਮ ਚੱਲਦਾ ਰਿਹਾ। ਜੇਕਰ ਇੱਥੇ ਪਾਣੀ ਆਉਂਦਾ ਹੈ ਤਾਂ ਕਾਲੀਆ ਕਲੋਨੀ ਦੇ ਨਾਲ-ਨਾਲ ਗੁਰੂ ਅਮਰਦਾਸ ਕਲੋਨੀ ਅਤੇ ਵੇਰਕਾ ਮਿਲਕ ਪਲਾਂਟ ਦਾ ਇਲਾਕਾ ਵੀ ਪ੍ਰਭਾਵਿਤ ਹੋਵੇਗਾ।

ਸੀਚੇਵਾਲ ਮੌਕੇ 'ਤੇ ਪਹੁੰਚੇ: ਪੰਜਾਬ ਵਿੱਚ ਸੁਲਤਾਨਪੁਰ ਲੋਧੀ ਨੇੜੇ ਮੰਡਾਲਾ ਵਿੱਚ ਵੀ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦੇ ਪਾਣੀ ਨਾਲ ਧੁੱਸੀ ਬੰਨ੍ਹ ਟੁੱਟ ਗਿਆ ਹੈ।

ਸ਼ਾਹੀ ਸ਼ਹਿਰ ਪਟਿਆਲਾ ਦੇ ਹਾਲਾਤ: ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ਵਿੱਚ 5 ਫੁੱਟ ਤੱਕ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਟੀਮ ਵੀ ਲੋਕਾਂ ਦੀ ਮਦਦ ਲਈ ਨਹੀਂ ਪਹੁੰਚ ਸਕੀ। ਲੋਕਾਂ ਨੂੰ ਆਪ ਹੀ ਆਪਣੇ ਘਰ ਛੱਡਣੇ ਪਏ।ਪਟਿਆਲਾ ਵਿੱਚ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਨੀਵੇਂ ਇਲਾਕਿਆਂ ਵਿੱਚ 5-5 ਫੁੱਟ ਤੱਕ ਪਾਣੀ ਚੜ੍ਹ ਗਿਆ ਹੈ। ਮਹਾਰਾਣੀ ਪ੍ਰਨੀਤ ਕੌਰ ਵੱਡੀ ਨਦੀ 'ਚ ਨੱਥ ਅਤੇ ਚੂੜਾ ਚੜਾਇਆ ਗਿਆ ਤਾਂ ਜੋ ਪਾਣੀ ਦਾ ਪੱਧਰ ਘੱਟ ਸਕੇ ਅਤੇ ਪਟਿਆਲਾ ਵਾਸੀ ਨੂੰ ਰਾਹਤ ਮਿਲ ਸਕੇ।

ਹੁਸੈਨੀਵਾਲਾ ਵੱਲ 211804 ਕਿਊਸਿਕ ਪਾਣੀ ਛੱਡਿਆ: ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਸਿਰਫ਼ 20 ਫੁੱਟ ਦੀ ਸਮਰੱਥਾ ਬਚੀ ਹੈ। ਜੇਕਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਇਹ ਪੰਜਾਬ ਲਈ ਹੋਰ ਚਿੰਤਾਜਨਕ ਬਣ ਜਾਵੇਗਾ। ਇਸ ਤੋਂ ਬਾਅਦ ਮਾਝੇ ਅਤੇ ਦੁਆਬੇ ਵਿੱਚ ਵੀ ਹੜ੍ਹ ਦੀ ਸਥਿਤੀ ਬਣੀ ਰਹੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਇਸ ਸਮੇਂ 1621 ਫੁੱਟ 'ਤੇ ਹੈ। ਪਿਛਲੇ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ ਕਰੀਬ 20 ਫੁੱਟ ਵੱਧ ਗਿਆ ਹੈ। ਗੇਟ ਦਾ ਪੱਧਰ 1645 ਫੁੱਟ ਹੈ। ਹੁਣ ਇੱਥੇ 20 ਫੁੱਟ ਹੋਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਪੰਜਾਬ ਦੇ ਮਾਛੀਵਾੜਾ ਨੇੜਲੇ ਪਿੰਡ ਮਾਣੇਵਾਲ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਨੌਜਵਾਨ ਡਰੇਨ ਦੇ ਤੇਜ਼ ਕਰੰਟ ਦੀ ਲਪੇਟ ਵਿੱਚ ਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੇ ਵਹਾਅ ਨੂੰ ਦੇਖ ਕੇ ਅੱਗੇ ਵਧਿਆ ਤਾਂ ਉਸ ਦਾ ਪੈਰ ਤਿਲਕ ਗਿਆ। ਇਸ ਦੀ ਭਾਲ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।ਮੰਗਲਵਾਰ ਦੁਪਹਿਰ 1 ਵਜੇ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਵੱਲ 211804 ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਾਣੀ ਛੱਡਣ ਤੋਂ ਬਾਅਦ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਨੀਵੇਂ ਇਲਾਕਿਆਂ ਨੂੰ ਖਾਲੀ ਕਰਵਾ ਕੇ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਹਰੀਕੇ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਫਿਰੋਜ਼ਪੁਰ-ਫਾਜ਼ਿਲਕਾ ਵਿਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਉਥੇ ਸਥਿਤੀ ਅਜੇ ਵੀ ਸਥਿਰ ਬਣੀ ਹੋਈ ਹੈ ਜੇਕਰ ਇਸ ਵਿੱਚ ਪਾਣੀ ਛੱਡਿਆ ਗਿਆ ਤਾਂ ਲੁਧਿਆਣਾ ਦੀ ਸਤਲੁਜ ਪੱਟੀ ਅਤੇ ਆਨੰਦਪੁਰ ਸਾਹਿਬ ਅਤੇ ਰੋਪੜ ਸਮੇਤ ਹੋਰ ਜ਼ਿਿਲ੍ਹਆਂ ਵਿੱਚ ਜਾਨ-ਮਾਲ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਪਟਿਆਲਾ 'ਚ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਅਲਰਟ 'ਤੇ ਰਿਹਾ। ਡੀਸੀ ਨੇ ਖੁਦ ਸੜਕਾਂ 'ਤੇ ਜਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਪਹੁੰਚਾਈ। ਦੇਰ ਰਾਤ ਤਰਨਤਾਰਨ ਦੇ ਹਰੀਕੇ ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਜਿਸ ਤੋਂ ਬਾਅਦ ਕਰੀਬ 30 ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਹੁਣ ਕਾਬੂ ਹੇਠ ਹੈ।

ਹੜ੍ਹ ਨਾਲ ਜੁੜੀ ਅਹਿਮ ਜਾਣਕਾਰੀ

  • ਭਾਖੜਾ ਡੈਮ ਵਿੱਚ 20 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਇਸ ਤੋਂ ਬਾਅਦ ਹੀ ਖੁੱਲ੍ਹਣਗੇ।
  • ਪੌਂਗ ਡੈਮ ਵਿਚ ਪਾਣੀ ਦਾ ਪੱਧਰ 1,390 ਫੁੱਟ ਹੈ ਅਤੇ ਉਥੇ ਪਾਣੀ ਦਾ ਪੱਧਰ 1,350.63 ਫੁੱਟ ਨੂੰ ਪਾਰ ਕਰ ਗਿਆ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1,731.99 ਫੁੱਟ ਹੈ ਅਤੇ ਇਸ ਵਿੱਚ ਪਾਣੀ ਦਾ ਪੱਧਰ 1,706.26 ਫੁੱਟ ਤੱਕ ਪਹੁੰਚ ਗਿਆ ਹੈ।
  • ਅੰਬਾਲਾ-ਲੁਧਿਆਣਾ ਨੈਸ਼ਨਲ ਹਾਈਵੇ-44 ਅੱਜ ਵੀ ਬੰਦ ਹੈ। ਪਾਣੀ ਭਰਨ ਕਾਰਨ ਲੋਕਾਂ ਨੂੰਇਸ ਰਸਤੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
  • ਹਰੀਕੇ ਹੈੱਡ ਦੇ ਸਾਰੇ ਗੇਟ ਵੀ ਖੋਲ੍ਹ ਦਿੱਤੇ ਗਏ। ਤਰਨਤਾਰਨ ਦੇ 31 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ, ਸਥਿਤੀ ਕਾਬੂ ਹੇਠ ਹੈ।

ਚਿਤਕਾਰਾ ਯੂਨੀਵਰਸਿਟੀ ਦੀ ਮੈੱਸ ਪਾਣੀ ਨਾਲ ਭਰ ਗਈ: ਪੰਜਾਬ 'ਚ ਬਾਰਸ਼ ਰੁਕਣ ਤੋਂ ਬਾਅਦ ਵੀ ਹਿਮਾਚਲ ਤੋਂ ਆਉਣ ਵਾਲੇ ਪਾਣੀ ਕਾਰਨ ਤਿੰਨੋਂ ਦਰਿਆਵਾਂ ਸਤਲੁਜ, ਰਾਵੀ ਅਤੇ ਬਿਆਸ ਦੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਸਤਲੁਜ ਦੇ ਵਧਦੇ ਪਾਣੀ ਦੇ ਪੱਧਰ ਨੇ ਪੂਰਬੀ ਮਾਲਵਾ, ਚੰਡੀਗੜ੍ਹ, ਖਰੜ, ਮੋਹਾਲੀ, ਪਟਿਆਲਾ ਅਤੇ ਦੋਆਬੇ ਦੇ ਨਵਾਂਸ਼ਹਿਰ, ਸ਼ਾਹਕੋਟ ਅਤੇ ਫਿਲੌਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਤਲੁਜ ਅਤੇ ਘੱਗਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਚੰਡੀਗੜ੍ਹ-ਪਟਿਆਲਾ ਰੋਡ ’ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਮੈੱਸ ’ਚ ਪਾਣੀ ਦਾਖ਼ਲ ਹੋ ਗਿਆ। ਬਿਆਸ ਅਤੇ ਰਾਵੀ ਵਿੱਚ ਵੀ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਵਿੱਚ ਰਾਵੀ ਦੇ ਕੰਢੇ ਕੁਝ ਖੇਤ ਪਾਣੀ ਵਿੱਚ ਡੁੱਬ ਗਏ। ਰਮਦਾਸ 'ਚ ਰਾਵੀ ਦੇ ਪਾਰ 300 ਕਿਸਾਨ ਫਸੇ ਹੋਏ ਸਨ, ਜਿਨ੍ਹਾਂ 'ਚੋਂ 210 ਕਿਸਾਨਾਂ ਨੂੰ ਦੇਰ ਰਾਤ ਬਚਾ ਲਿਆ ਗਿਆ, ਅੱਜ 90 ਕਿਸਾਨਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਡੀਸੀ ਅੰਮ੍ਰਿਤਸਰ ਨੇ ਬਿਆਸ ਦੇ ਕੰਢਿਆਂ 'ਤੇ ਚੌਕਸ ਰਹਿਣ ਲਈ ਕਿਹਾ ਹੈ।

ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 33.5 ਕਰੋੜ ਰੁਪਏ ਦਿੱਤੇ : ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਵਿੱਚ ਅੰਮ੍ਰਿਤਸਰ ਅਤੇ ਫਾਜ਼ਿਲਕਾ ਲਈ 1.50 ਕਰੋੜ ਰੁਪਏ, ਬਠਿੰਡਾ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਲਈ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਗੁਰਦਾਸਪੁਰ ਨੂੰ 1.50 ਕਰੋੜ ਰੁਪਏ, ਜਲੰਧਰ, ਕਪੂਰਥਲਾ ਅਤੇ ਲੁਧਿਆਣਾ ਨੂੰ 2-2 ਕਰੋੜ ਰੁਪਏ, ਮੋਗਾ ਨੂੰ 1.50 ਕਰੋੜ ਰੁਪਏ, ਮਾਨਸਾ, ਮਲੇਰਕੋਟਲਾ ਅਤੇ ਪਠਾਨਕੋਟ ਨੂੰ 1-1 ਕਰੋੜ ਰੁਪਏ ਅਤੇ ਰੂਪਨਗਰ ਨੂੰ 2.50 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁਕਤਸਰ ਨੂੰ2 ਕਰੋੜ, ਸੰਗਰੂਰ ਨੂੰ 1.50 ਕਰੋੜ ਅਤੇ ਤਰਨਤਾਰਨ ਨੂੰ 2 ਕਰੋੜ ਰੁਪਏ ਦਿੱਤੇ ਗਏ ਹਨ।

ਮਦਦ ਲਈ ਅੱਗੇ ਆਈ ਐਸਜੀਪੀਸੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਮਦਦ ਲਈ ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਨੇ ਇਸ ਨਾਲ ਸਬੰਧਤ ਗੁਰਦੁਆਰਿਆਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਗਰ ਅਤੇ ਜ਼ਰੂਰੀ ਵਸਤਾਂ ਪਹੁੰਚਾਉਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਕੌਮ ਨੂੰ ਸੰਦੇਸ਼ ਦਿੰਦੇ ਹੋਏ ਸਾਰਿਆਂ ਨੂੰ ਅੱਗੇ ਆਉਣ ਅਤੇ ਮਦਦ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਵਿੱਚ ਤਬਾਹੀ : ਸਰਕਾਰੀ ਅੰਕੜਿਆਂ ਮੁਤਾਬਕ ਸੂਬੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਵਿੱਚ 2-2 ਅਤੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ 1-1 ਮੌਤਾਂ ਹੋਈਆਂ ਹਨ। 3 ਲੋਕ ਲਾਪਤਾ ਹਨ ਜਦਕਿ ਕਰੀਬ 10,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਮੁਹਾਲੀ ਦੀ ਰਾਅ ਨਦੀ ਵਿੱਚ ਕਾਰ ਸਮੇਤ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਅਤੇ ਸ਼ਾਹਕੋਟ ਨੇੜੇ ਧੁੱਸੀ ਬੰਨ੍ਹ ਟੁੱਟਣ ਕਾਰਨ ਇਕ ਨੌਜਵਾਨ ਦਰਿਆ ਚ ਰੁੜ ਗਿਆ। ਪੰਜਾਬ ਦਾ ਰੋਪੜ, ਪਟਿਆਲਾ, ਮੁਹਾਲੀ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਪਾਣੀ ਦੀ ਮਾਰ ਨਾਲ ਸਭ ਤੋਂ ਜਿਆਦਾ ਪ੍ਭਾਵਿਤ ਹੋਏ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਇਸ ਕੁਦਰਤੀ ਕਰੋਪੀ ਨੂੰ ਪੰਜਾਬ ਵਾਸੀ ਸੰਭਲ ਪਾਉਂਦੇ ਹਨ।ਕਦੋਂ ਮੁੜ ਤੋਂ ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ।ਕਦੋਂ ਮੁੜ ਤੋਂ ਲੋਕਾਂ ਨੂੰ ਘਰ ਤੇ ਦੋ ਵਕਤ ਦੀ ਰੋਟੀ ਜੁੜੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.