ETV Bharat / state

ਪੰਜਾਬ ਕਾਂਗਰਸ ਦੀ ਦਿੱਲੀ 'ਚ ਪਾਰਟੀ ਹਾਈਕਮਾਂਡ ਨਾਲ ਮੀਟਿੰਗ, ਲੋਕ ਸਭਾ ਚੋਣਾਂ ਅਤੇ INDIA ਗਠਜੋੜ ਦੇ ਮੁੱਦੇ 'ਤੇ ਮੰਥਨ ਸੰਭਵ

author img

By ETV Bharat Punjabi Team

Published : Dec 26, 2023, 11:06 AM IST

Updated : Dec 26, 2023, 1:32 PM IST

Punjab Congress meeting with party high command in Delhi
ਪੰਜਾਬ ਕਾਂਗਰਸ ਦੀ ਦਿੱਲੀ 'ਚ ਪਾਰਟੀ ਹਾਈਕਮਾਂਡ ਨਾਲ ਮੀਟਿੰਗ

Punjab Congress And High Command Meeting : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਹਾਈਕਮਾਂਡ ਵੱਲੋਂ ਅੱਜ ਆਪਣੀ ਪੰਜਾਬ ਇਕਾਈ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦਾ ਮਕਸਦ ਸਪੱਸ਼ਟ ਸ਼ਬਦਾਂ ਵਿੱਚ ਲੋਕ ਸਭਾ ਚੋਣਾਂ 2024 ਦੇ ਮੁੱਦੇ ਉੱਤੇ ਰਣਨੀਤੀ ਤਿਆਰ ਕਰਨਾ ਮੰਨਿਆ ਜਾ ਰਿਹਾ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ, ਪੰਜਾਬ ਕਾਂਗਰਸ

ਚੰਡੀਗੜ੍ਹ: ਅੱਜ ਸ਼ਾਮ ਕਾਂਗਰਸ ਦੀ ਹਾਈਕਮਾਂਡ (Congress High Command) ਨਾਲ ਦਿੱਲੀ ਦਰਬਾਰ ਵਿੱਚ ਪੰਜਾਬ ਦੀ ਕਾਂਗਰਸ ਇਕਾਈ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮੀਟਿੰਗ ਦਾ ਮਕਸਦ ਲੋਕ ਸਭਾ ਚੋਣਾਂ ਉੱਤੇ ਮੰਥਨ ਕਰਨਾ ਤਾਂ ਹੈ ਹੀ ਪਰ ਇਸ ਦੇ ਨਾਲ ਪੰਜਾਬ ਵਿੱਚ I.N.D.I.A ਗਠਜੋੜ ਨੂੰ ਸਿਰੇ ਚੜਾਉਣ ਲਈ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੂਰੇ ਦੇਸ਼ ਵਿੱਚ ਤਾਂ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਰੋਕਣ ਲਈ ਵਿਰੋਧੀ ਧਿਰਾਂ ਕੌਮੀ ਪੱਧਰ ਉੱਤੇ ਇੱਕਜੁੱਟ ਹਨ ਪਰ ਪੰਜਾਬ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਨੂੰ ਤਿਆਰ ਨਹੀਂ ਹੈ।

ਕਾਂਗਰਸੀ ਆਗੂ ਨਹੀਂ 'ਆਪ' ਨਾਲ ਗਠਜੋੜ ਲਈ ਤਿਆਰ: ਦੱਸ ਦਈਏ ਭਾਵੇਂ ਮੀਟਿੰਗ ਵਿੱਚ ਅੱਜ ਪੰਜਾਬ ਅੰਦਰ 'ਆਪ' ਨਾਲ ਗਠਜੋੜ ਕਰਨ ਲਈ ਕਾਂਗਰਸ ਹਾਈਕਮਾਂਡ ਦਿੱਲੀ ਦਰਬਾਰ ਵਿੱਚ ਪੰਜਾਬ ਇਕਾਈ ਨਾਲ ਮੰਥਨ ਕਰੇਗੀ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਆਗੂ ਸ਼ਰੇਆਮ ਪੰਜਾਬ ਅੰਦਰ 'ਆਪ' ਨਾਲ ਰਲ ਕੇ ਲੋਕ ਸਭਾ ਚੋਣ ਵਿੱਚ ਉਤਰਨ ਤੋਂ ਇਨਕਾਰ ਕਰ ਚੁੱਕੇ ਹਨ। ਅਜਿਹੇ ਵਿੱਚ ਕਾਂਗਰਸ ਹਾਈਕਮਾਂਡ ਨੂੰ ਇਸ ਮਸਲੇ ਦਾ ਹੱਲ ਕੱਢਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਵਜੋਤ ਸਿੱਧੂ ਦੀ ਵੱਖਵਾਦੀ ਮੁਹਿੰਮ ਉੱਤੇ ਗੱਲਬਾਤ: ਦੱਸ ਦਈਏ ਪੰਜਾਬ ਵਿੱਚ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੱਧੂ (Congress leader Navjot Sidhu) ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਬਾਕੀ ਆਗੂਆਂ ਤੋਂ ਆਪਣਾ ਵੱਖਰਾ ਹੀ ਰੱਥ ਚਲਾ ਰਹੇ ਨੇ ਅਤੇ ਵੱਖ-ਵੱਖ ਸਟੇਜਾਂ ਵੀ ਲੱਗ ਰਹੀਆਂ ਨੇ ਜਿਸ ਨਾਲ 2024 ਲੋਕ ਸਭਾ ਚੋਣ ਤੋਂ ਪਹਿਲਾਂ ਕਾਂਗਰਸ ਮੁੜ ਤੋਂ ਵੰਡੀ ਨਜ਼ਰ ਆ ਰਹੀ ਹੈ। ਜਿੱਥੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੱਧੂ ਨੂੰ ਸਮਝ ਨਾਲ ਕੰਮ ਲੈਣ ਦੀ ਸਲਾਹ ਦੇ ਚੁੱਕੇ ਹਨ ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਅਸਿੱਧੇ ਤੌਰ ਉੱਤੇ ਨਵਜੋਤ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ ਅਤੇ ਨਵਜੋਤ ਸਿੱਧੂ ਨੇ ਵੀ ਆਪਣੇ ਅੰਦਾਜ਼ ਵਿੱਚ ਹਰ ਗੱਲ ਦਾ ਜਵਾਬ ਦਿੱਤਾ ਸੀ।

'ਆਪ' ਨਾਲ ਗਠਜੋੜ ਦੇ ਹੱਕ 'ਚ ਸਿਰਫ ਨਵਜੋਤ ਸਿੱਧੂ ਅਤੇ ਰਵਨੀਤ ਬਿੱਟੂ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂ ਆਮ ਆਦਮੀ ਪਾਰਟੀ ਨਾਲ I.N.D.I.A. ਗਠਜੋੜ ਦੇ ਤਹਿਤ ਚੋਣ ਲੜਨ ਲਈ ਤਿਆਰ ਨਹੀਂ ਹਨ। ਸੂਬੇ ਦੀਆਂ ਲੋਕ ਸਭਾ ਸੀਟਾਂ 'ਤੇ ਕਾਂਗਰਸੀ ਆਗੂ 'ਆਪ' ਨਾਲ ਸੀਟਾਂ ਦੀ ਵੰਡ ਕਰਨ ਲਈ ਵੀ ਤਿਆਰ ਨਹੀਂ ਹਨ। ਇਸ ਸਬੰਧੀ ਆਗੂਆਂ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਕੋਲ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ। ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਆਪ’ ਨਾਲ ਗਠਜੋੜ ਦੇ ਹੱਕ ਵਿੱਚ ਹਨ।

Last Updated :Dec 26, 2023, 1:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.