ETV Bharat / state

ਚੰਡੀਗੜ੍ਹ 'ਚ ਹੋਵੇਗੀ ਪੰਜਾਬ ਵਜ਼ਾਰਤ ਦੀ ਬੈਠਕ, 2 ਮੰਤਰੀ ਹਟਾਉਣ ਦੀ ਚਰਚਾ,ਕਈ ਮੁੱਦਿਆਂ 'ਤੇ ਲੱਗ ਸਕਦੀ ਮੋਹਰ

author img

By

Published : Aug 11, 2023, 11:24 AM IST

ਪੰਜਾਬ ਵਜ਼ਾਰਤ ਦੀ ਬੈਠਕ
ਪੰਜਾਬ ਵਜ਼ਾਰਤ ਦੀ ਬੈਠਕ

ਪੰਜਾਬ ਸਰਕਾਰ ਵਲੋਂ ਸਿਵਲ ਸਕੱਤਰੇਤ 'ਚ ਕੈਬਨਿਟ ਦੀ ਅਹਿਮ ਮੀਟਿੰਗ ਰੱਖੀ ਗਈ ਹੈ। ਜਿਸ 'ਚ ਕਈ ਅਹਿਮ ਮੁੱਦਿਆਂ 'ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਇਸ ਦੌਰਾਨ ਚਰਚਾ ਹੈ ਕਿ ਕੈਬਨਿਟ ਤੋਂ ਦੋ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ।

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਸਿਵਲ ਸਕੱਤਰੇਤ 'ਚ ਹੋਵੇਗੀ। ਇਸ ਕੈਬਨਿਟ ਦੀ ਬੈਠਕ ਨੂੰ ਲੈਕੇ ਚਰਚਾ ਹੈ ਕਿ ਮੀਟਿੰਗ ਵਿੱਚ ਵਿਵਾਦਾਂ ਵਿੱਚ ਘਿਰੇ ਦੋ ਕੈਬਨਿਟ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ। ਪੰਜਾਬ ਨਾਲ ਸਬੰਧਤ ਕਈ ਵੱਡੇ ਫੈਸਲਿਆਂ ਨੂੰ ਵੀ ਇਸ ਦੌਰਾਨ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

ਮੀਟਿੰਗ ਦਾ ਏਜੰਡਾ ਨਹੀਂ ਹੋਇਆ ਜਾਰੀ: ਇਸ ਸਬੰਧੀ ਜਾਣਕਾਰੀ ਅਨੁਸਾਰ ਮੀਟਿੰਗ ਦਾ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ, ਸਮੂਹ ਕੈਬਨਿਟ ਮੰਤਰੀਆਂ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ ਨੂੰ ਮੀਟਿੰਗ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

ਨਵੇਂ MLA ਬਣਾਏ ਜਾ ਸਕਦੇ ਮੰਤਰੀ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦਿੱਲੀ ਦਾ ਦੌਰਾ ਕੀਤਾ, ਜਿਸ ਨੂੰ ਨਿੱਜੀ ਦੌਰਾ ਦੱਸਿਆ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਮੀਟਿੰਗ ਦੇ ਫੈਸਲਿਆਂ ਨੂੰ ਲੈ ਕੇ ਹਾਈਕਮਾਂਡ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਚਰਚਾ ਹੈ ਕਿ ਜਿਨ੍ਹਾਂ ਦੋ ਕੈਬਨਿਟ ਮੰਤਰੀਆਂ ਨੂੰ ਹਟਾਇਆ ਜਾਣਾ ਹੈ, ਉਨ੍ਹਾਂ 'ਚ ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੇ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੀ ਥਾਂ 'ਤੇ ਨਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਹੜ੍ਹਾਂ ਕਾਰਨ 19 ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ: ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਸਥਿਤੀ ਬਹੁਤ ਖਰਾਬ ਹੈ। ਕੇਂਦਰੀ ਟੀਮ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੋਵਾਂ ਦਾ ਦੌਰਾ ਕੀਤਾ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਆਵਜ਼ਾ ਰਾਸ਼ੀ ਦੁੱਗਣੀ ਕਰਨ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ। ਪਰ ਸੂਬਾ ਸਰਕਾਰ ਨੂੰ ਹੁਣ ਤੱਕ ਕੋਈ ਜਵਾਬ ਨਹੀਂ ਆਇਆ।

ਪੰਜਾਬ ਕੋਲ ਪੈਸੇ ਦੀ ਕਮੀ ਨਹੀਂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਹੈ, ਪਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੁੱਗਣਾ ਮੁਆਵਜ਼ਾ ਰਾਸ਼ੀ ਦੇਣ ਲਈ ਕੇਂਦਰ ਸਰਕਾਰ ਤੋਂ ਨਿਯਮਾਂ ਵਿੱਚ ਢਿੱਲ ਮਿਲਣੀ ਜ਼ਰੂਰੀ ਹੈ, ਤਾਂ ਜੋ ਜਿਨ੍ਹਾਂ ਲੋਕਾਂ ਦੇ ਘਰ ਟੁੱਟ ਚੁੱਕੇ ਹਨ, ਉਨ੍ਹਾਂ ਦੇ ਘਰਾਂ ਦੀ ਮੁਰੰਮਤ ਕਰਨ ਲਈ, ਪਸ਼ੂਆਂ ਦੀ ਮੌਤ ਅਤੇ ਫਸਲਾਂ ਦੇ ਨੁਕਸਾਨ ਸਮੇਤ ਹੋਰ ਕਾਰਨਾਂ ਦੇ ਨਾਲ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਪਿਛਲੀ ਮੀਟਿੰਗ 'ਚ ਇੰਨ੍ਹਾਂ ਮੁੱਦਿਆਂ 'ਤੇ ਲੱਗੀ ਮੋਹਰ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਪਿਛਲੀ ਮੀਟਿੰਗ 'ਚ ਵੱਡੇ ਫ਼ੈਸਲੇ ਲਏ ਗਏ ਸਨ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਸੀ ਕਿ ਪੰਜਾਬ ਦੀ ਨਵੀਂ ਖੇਡ ਪਾਲਿਸੀ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਲਈ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਟਿਆਲਾ ਤੇ ਅੰਮ੍ਰਿਤਸਰ ਡੈਂਟਲ ਕਾਲਜ 'ਚ 39 ਪੋਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਚੀਮਾ ਨੇ ਕਿਹਾ ਸੀ ਕਿ ਪ੍ਰੋਫੈਸਰਾਂ ਤੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.