ਚੰਡੀਗੜ੍ਹ: ਅੱਜ ਦੇ ਸਮੇਂ 'ਚ ਡਿਪਰੈਸ਼ਨ ਇੱਕ ਆਮ ਬਿਮਾਰੀ ਹੋ ਗਈ ਹੈ। ਦੁਨੀਆਂ ਭਰ 'ਚ ਲੱਗਭੱਗ 280 ਮਿਲੀਅਨ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ ਅਤੇ ਐਂਟੀ ਡਿਪਰੈਜ਼ੈਂਟ ਦਵਾਈਆਂ ਲੈ ਰਹੇ ਹਨ। ਭਾਰਤ ਵਿੱਚ 1000 ਪਿੱਛੇ ਸਿਰਫ਼ 9 ਲੋਕ ਹੀ ਐਂਟੀ ਡਿਪਰੈਜ਼ੈਂਟ ਦਵਾਈਆਂ ਦੀ ਵਰਤੋਂ ਕਰਦੇ ਹਨ। ਅਮਰੀਕਾ, ਬਿਟ੍ਰੇਨ, ਕੈਨੇਡਾ, ਪੁਰਤਗਾਲ ਵਰਗੇ ਹੋਰ ਪੱਛਮੀ ਅਤੇ ਯੂਰਪੀ ਦੇਸ਼ਾਂ ਵਿੱਚ ਐਂਟੀ ਡਿਪਰੈਜ਼ੈਂਟ ਦਵਾਈਆਂ ਭਾਰਤ ਨਾਲੋਂ ਜ਼ਿਆਦਾ ਵਰਤੀਆਂ ਜਾਂਦੀਆਂ। ਪੰਜਾਬ ਦੇ ਵਿੱਚ ਵੀ ਡਿਪਰੈਸ਼ਨ ਦੀਆਂ ਦਵਾਈਆਂ ਖਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਭਾਰਤ ਜਾਂ ਪੰਜਾਬ ਵਿਚ ਬਾਕੀ ਦੇਸ਼ਾਂ ਦੇ ਮੁਕਾਬਲੇ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੈ ਪਰ ਅਸਲ ਵਿੱਚ ਹਕੀਕਤ ਇਹ ਨਹੀਂ ਹੈ।
ਭਾਰਤ ਵਿੱਚ ਮਾਨਸਿਕ ਸਿਹਤ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਹੈ ਅਤੇ ਮਾਨਸਿਕ ਸਿਹਤ ਖੇਤਰ ਵਿੱਚ ਅਜੇ ਉਸ ਤਰੀਕੇ ਦਾ ਢਾਂਚੇ ਵਿਕਸਿਤ ਨਹੀਂ ਹੋਇਆ। ਲੋਕ ਮਨੋਵਿਗਿਆਨੀਆਂ ਕੋਲ ਜਾਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਬਹੁਤ ਸਾਰੇ ਲੋਕ ਤਾਂ ਅਜਿਹੇ ਵੀ ਹਨ ਜਿਹਨਾਂ ਨੂੰ ਉਹਨਾਂ ਦੀ ਬਿਮਾਰੀ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਮਾਨਸਿਕ ਵਿਕਾਰ ਹੈ। ਲੋਕਾਂ ਨੂੰ ਮਾਨਸਿਕ ਸਿਹਤ ਲਈ ਉਸ ਤਰੀਕੇ ਨਾਲ ਜਾਗਰੂਕ ਹੀ ਨਹੀਂ ਕੀਤਾ ਗਿਆ ਜਿਸ ਨਾਲ ਉਹ ਮਨੋਵਿਗਿਆਨਕ ਕੋਲ ਜਾ ਕੇ ਆਪਣੀ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਸਕਣ। ਭਾਰਤ ਵਿੱਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਜੇ ਗੱਲ ਕਰੀਏ ਤਾਂ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ 2015-16 ਨੇ ਖੁਲਾਸਾ ਕੀਤਾ ਕਿ ਲਗਭਗ 15% ਭਾਰਤੀ ਬਾਲਗਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਮਾਨਸਿਕ ਸਿਹਤ ਸਮੱਸਿਆਵਾਂ ਹਨ ਅਤੇ 20 ਵਿੱਚੋਂ ਇੱਕ ਭਾਰਤੀ ਡਿਪਰੈਸ਼ਨ ਤੋਂ ਪੀੜਤ ਹੈ। ਪੰਜਾਬ ਵਿੱਚ ਸਾਲ 2016-17 ਦੌਰਾਨ ਹੋਈ ਖੋਜ ਦੌਰਾਨ ਇਹ ਸਾਹਮਣੇ ਆਇਆ ਕਿ ਹਰ 8 ਦੇ ਵਿੱਚੋਂ ਇੱਕ ਪੰਜਾਬੀ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ। 2018 ਦੀ ਸਟੱਡੀ ਮੁਤਾਬਿਕ ਪੰਜਾਬ ਵਿੱਚ 15 ਤੋਂ 20 ਪ੍ਰਤੀਸ਼ਤ ਲੋਕ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ ਜਿਹਨਾਂ ਵਿਚੋਂ 5 ਤੋਂ 7 ਪ੍ਰਤੀਸ਼ਤ ਡਿਪਰੈਸ਼ਨ ਦੇ ਮਰੀਜ਼ ਹਨ।
ਮਾਨਸਿਕ ਰੋਗਾਂ ਨੂੰ ਲੈ ਕੇ ਲੋਕਾ ਦੇ ਮਨਾਂ ਵਿੱਚ ਡਰ: ਡਿਪਰੈਸ਼ਨ ਵਿੱਚ ਉਦਾਸੀ, ਬੇਚੈਨੀ ਅਤੇ ਮੂਡ ਸਵਿੰਗਸ ਦੀ ਸਮੱਸਿਆ ਰਹਿੰਦੀ ਹੈ ਜਿਸ ਕਰਕੇ ਕਈਆਂ ਲੱਗਦਾ ਹੈ ਕਿ ਇਕ ਬਿਮਾਰੀ ਆਪਣੇ ਆਪ ਠੀਕ ਹੋ ਜਾਵੇਗੀ। ਕੁਝ ਕੇਸਾਂ ਵਿੱਚ ਅਜਿਹਾ ਹੁੰਦਾ ਵੀ ਹੈ ਕਿ ਕੁਝ ਸਮੇਂ ਬਾਅਦ ਡਿਪਰੈਸ਼ਨ ਆਪਣੇ ਆਪ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਕ ਤੱਥ ਇਹ ਵੀ ਹੈ ਕਿ ਮਨੋਵਿਗਿਆਨਕਾਂ ਦੀ ਸਹੀ ਪਰਿਭਾਸ਼ਾ ਦਾ ਲੋਕਾਂ ਨੂੰ ਪਤਾ ਹੀ ਨਹੀਂ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਨੂੰ ਮਾਨਸਿਕ ਵਿਕਾਰ ਹੈ ਤਾਂ ਜੇਕਰ ਉਹ ਕਿਸੇ ਮਾਹਿਰ ਡਾਕਟਰ ਕੋਲ ਜਾਂਦੇ ਹਨ ਤਾਂ ਲੋਕ ਉਹਨਾਂ ਨੂੰ ਪਾਗਲ ਸਮਝਣਗੇ, ਇਸ ਲਈ ਲੋਕ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਣ ਲਈ ਸ਼ਰਮ ਮਹਿਸੂਸ ਕਰਦੇ ਹਨ। ਡਿਪਰੈਸ਼ਨ ਜਾਂ ਹੋਰ ਮਾਨਸਿਕ ਬਿਮਾਰੀਆਂ ਦੀਆਂ ਦਿਵਾਈਆਂ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਗਲਤ ਧਾਰਨਾਵਾਂ ਵੀ ਪ੍ਰਚੱਲਿਤ ਹਨ ਲੋਕ ਦੇ ਮਨ ਵਿਚ ਸ਼ੰਕਾ ਹੁੰਦਾ ਹੈ ਕਿ ਇਹ ਦਵਾਈਆਂ ਸਾਰਾ ਦਿਨ ਨੀਂਦ ਦੀ ਅਵਸਥਾ ਵਿਚ ਰੱਖਦੀਆਂ ਹਨ। ਅਜਿਹੀਆਂ ਦਵਾਈਆਂ ਨਾਲ ਨੀਂਦ ਆਉਂਦੀ ਹੈ ਅਤੇ ਉਹ ਸਾਰਾ ਦਿਨ ਸੁੱਤੇ ਰਹਿਣਗੇ, ਕੁਝ ਲੋਕਾਂ ਨੂੰ ਲੱਗਦਾ ਹੈ ਕਿ ਅਜਿਹੀਆਂ ਦਵਾਈਆਂ ਨਾਲ ਉਹਨਾਂ ਦਾ ਭਾਰ ਵੱਧ ਜਾਵੇਗਾ। ਕਈਆਂ ਨੂੰ ਲੱਗਦਾ ਹੈ ਕਿ ਨਸ਼ੇ ਵਾਂਗ ਇਹਨਾਂ ਦਵਾਈਆਂ ਦੀ ੳਹਨਾਂ ਨੂੰ ਆਦਤ ਲੱਗ ਜਾਵੇਗੀ।
ਵਿਦੇਸ਼ਾਂ ਵਿੱਚ ਮਾਨਸਿਕ ਰੋਗਾਂ ਲਈ ਜਾਗਰੂਕਤਾ: ਭਾਰਤ ਤੋਂ ਜ਼ਿਆਦਾ ਦੂਜੇ ਦੇਸ਼ਾਂ ਦੇ ਲੋਕਾਂ ਵੱਲੋਂ ਐਂਟੀ ਡਿਪਰੈਜ਼ੈਂਟ ਦਵਾਈਆਂ ਦੀ ਵਰਤੋਂ ਇਸ ਲਈ ਵੀ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਵੱਲੋਂ ਮਾਨਸਿਕ ਸਿਹਤ ਲਈ ਵਧੀਆ ਢਾਂਚਾ ਸਥਾਪਿਤ ਕੀਤਾ ਗਿਆ ਹੈ ਅਤੇ ਲੋਕਾਂ ਵਿਚ ਮਾਨਸਿਕ ਸਿਹਤ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਗਈ ਹੈ। ਜਦਕਿ ਭਾਰਤ ਵਿੱਚ 10 ਲੱਖ ਮਰੀਜ਼ਾਂ ਦੇ ਪਿੱਛੇ 5 ਤੋਂ 7 ਮਨੋਵਿਿਗਆਨੀ ਡਾਕਟਰ ਹੁੰਦੇ ਹਨ। ਇੱਥੋਂ ਦੀ ਸਰਕਾਰ ਨੇ ਮਾਨਸਿਕ ਸਿਹਤ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਜਿੰਨੀ ਕਿ ਦੂਜੇ ਸਿਹਤ ਖੇਤਰ ਵਿੱਚ ਦਿੱਤੀ ਹੈ। ਪੱਛਮੀ ਅਤੇ ਯੂਰਪ ਦੇਸ਼ਾਂ ਵਿਚ ਰਹਿੰਦੇ ਲੋਕਾਂ ਨੂੰ ਪਰਿਵਾਰਿਕ ਅਤੇ ਸਮਾਜਿਕ ਸਹਿਯੋਗ ਜ਼ਿਆਦਾ ਨਹੀਂ ਹੁੰਦਾ ਇਸ ਲਈ ਅਜਿਹੀਆਂ ਬਿਮਾਰੀਆਂ ਵਿਚ ਉਹਨਾਂ ਨੂੰ ਮਨੋਵਿਗਿਆਨਕ ਕੋਲ ਜਾਣਾ ਹੀ ਪੈਂਦਾ ਹੈ। ਜਦਕਿ ਭਾਰਤ ਜਾਂ ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਪਰਿਵਾਰਿਕ ਸਹਿਯੋਗ ਜ਼ਿਆਦਾ ਮਿਲਦਾ ਇਸ ਕਰਕੇ ਲੋਕ ਕਈ ਵਾਰ ਬਿਨ੍ਹਾਂ ਡਾਕਟਰ ਕੋਲ ਗਏ ਵੀ ਡਿਪਰੈਸ਼ਨ ਵਿੱਚੋਂ ਬਾਹਰ ਆ ਜਾਂਦੇ ਹਨ।
ਡਿਪਰੈਸ਼ਨ ਕੀ ਹੈ ?: ਡਿਪਰੈਸ਼ਨ ਇੱਕ ਮਾਨਸਿਕ ਵਿਕਾਰ ਹੈ ਜੋ ਕਈ ਹਲਾਤਾਂ ਵਿੱਚ ਗੰਭੀਰ ਵੀ ਹੋ ਜਾਂਦਾ ਹੈ। ਡਿਪਰੈਸ਼ਨ 'ਚ ਅਕਸਰ ਉਦਾਸੀ ਅਤੇ ਗਤੀਵਿਧੀਆਂ ਵਿੱਚ ਦਿਲਚਸਪੀ ਦੀ ਘਾਟ ਹੈ ਜਿਸ ਤੋਂ ਪੀੜਤ ਵਿਅਕਤੀ ਉਦਾਸੀ ਵਿਚ ਡੁੱਬਿਆ ਰਹਿੰਦਾ ਅਤੇ ਕਈ ਵਾਰ ਆਤਮਹੱਤਿਆ ਦਾ ਖਿਆਲ ਵੀ ਉਸ ਦੇ ਮਨ ਵਿੱਚ ਆਉਂਦਾ ਹੈ। ਡਿਪਰੈਸ਼ਨ ਹਿਪੋਕੈਂਪਸ ਨੂੰ ਇਸਦੇ ਕੋਰਟੀਸੋਲ ਦੇ ਪੱਧਰ ਨੂੰ ਵਧਾਉਣ ਦਾ ਕਾਰਨ ਬਣਦਾ ਹੈ, ਤੁਹਾਡੇ ਦਿਮਾਗ ਵਿੱਚ ਨਿਊਰੋਨਸ ਦੇ ਵਿਕਾਸ ਵਿੱਚ ਰੁਕਾਵਟ ਪਾਉਂਦਾ ਹੈ। ਦਿਮਾਗ ਦੇ ਸਰਕਟਾਂ ਦਾ ਸੁੰਗੜਨਾ ਪ੍ਰਭਾਵਿਤ ਹਿੱਸੇ ਦੇ ਫੰਕਸ਼ਨ ਨੂੰ ਘਟਾਉਣ ਨਾਲ ਨੇੜਿਓਂ ਜੁੜਿਆ ਹੋਇਆ ਹੈ ਜਦੋਂ ਕਿ ਹੋਰ ਦਿਮਾਗੀ ਖੇਤਰ ਕੋਰਟੀਸੋਲ ਦੇ ਉੱਚ ਪੱਧਰਾਂ ਕਾਰਨ ਸੁੰਗੜਦੇ ਹਨ, ਐਮੀਗਡਾਲਾ ਵਧਦਾ ਹੈ। ਇਸ ਨੂੰ ਅਵਸਾਦ ਵੀ ਕਹਿੰਦੇ ਹਨ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਧਰੁਵੀ ਅਤੇ ਬਹੁਧਰੁਵੀ।
- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ , ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਹੋ ਸਕਦੈ ਵੱਡਾ ਫੈਸਲਾ
- ਆਖਿਰ ਬੱਚਿਆਂ ਦੇ ਚੰਗੇ ਭਵਿੱਖ ਖਾਤਰ ਲੋਕ ਕਿਉਂ ਵੇਚਣ ਲੱਗੇ ਪਸ਼ੂ ਤੇ ਖੇਤੀਬਾੜੀ ਸੰਦ, ਪੜ੍ਹੋ ਖ਼ਾਸ ਰਿਪੋਰਟ
- NHAI Order Demolition Bridge: ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ
ਅਜਿਹਾ ਨਹੀਂ ਹੈ ਕਿ ਪੰਜਾਬ ਵਿੱਚ ਡਿਪਰੈਸ਼ਨ ਦੇ ਮਰੀਜ਼ ਘੱਟ ਹਨ: ਮਾਨਸਿਕ ਰੋਗਾਂ ਦੇ ਮਾਹਿਰ ਡਾ. ਮਨੀਸ਼ ਅਗਰਵਾਲ ਕਹਿੰਦੇ ਹਨ ਕਿ ਅਜਿਹਾ ਨਹੀਂ ਹੈ ਕਿ ਭਾਰਤ ਜਾਂ ਪੰਜਾਬ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਘੱਟ ਹੈ। ਇੱਥੋਂ ਦੀਆਂ ਸਰਕਾਰਾਂ ਦੇ ਏਜੰਡੇ 'ਤੇ ਮਾਨਸਿਕ ਸਿਹਤ ਨੂੰ ਨਹੀਂ ਰੱਖਿਆ ਜਾਂਦਾ। ਜਾਗਰੂਕਤਾ ਦੀ ਘਾਟ ਕਾਰਨ ਇਥੇ ਮਰੀਜ਼ ਐਂਟੀ ਡਿਪਰੈਜ਼ੈਂਟ ਦਵਾਈਆਂ ਦੀ ਵਰਤੋਂ ਘੱਟ ਕਰਦੇ ਹਨ। ਪੰਜਾਬ ਵਿੱਚ ਵੀ ਮਨੋਵਿਗਿਆਨੀ ਡਾਕਟਰਾਂ ਦੀ ਗਿਣਤੀ ਘੱਟ ਹੈ ਇਸ ਲਈ ਜ਼ਿਆਦਾਤਰ ਕੇਸਾਂ ਦੀ ਪਛਾਣ ਵੀ ਨਹੀਂ ਹੁੰਦੀ। ਡਾਕਟਰਾਂ ਅਤੇ ਸਾਈਕੋਲਜਿਸਟਾਂ ਦੀ ਘਾਟ ਕਾਰਨ ਮਾਨਸਿਕ ਰੋਗਾਂ ਲਈ ਜਾਗਰੂਕਤਾ ਦੀ ਵੀ ਕਮੀ ਹੈ।