ETV Bharat / state

ਕਰਤਾਰਪੁਰ ਗੁਰਦੁਆਰਾ ਸਾਹਿਬ ਨੇੜੇ ਬਣੇਗਾ 'ਦਰਸ਼ਨ ਰਿਜ਼ੋਰਟ', 30 ਕਰੋੜ ਦੀ ਲਾਗਤ ਨਾਲ 1 ਸਾਲ 'ਚ ਹੋਵੇਗਾ ਤਿਆਰ

author img

By ETV Bharat Punjabi Team

Published : Dec 19, 2023, 6:35 PM IST

Darshan Resort For Foreign Pilgrims Stay: ਪਾਕਿਸਤਾਨ ਪੰਜਾਬ ਦੀ ਸਰਕਾਰ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸ਼ਰਧਾਲੂਆਂ ਦੀ ਸਹੂਲਤ ਲਈ ਦਰਸ਼ਨ ਰਿਜ਼ੋਰਟ ਬਣਾਉਣ ਜਾ ਰਹੀ ਹੈ, ਜੋ ਕਰੀਬ 30 ਕਰੋੜ ਦੀ ਲਾਗਤ ਨਾਲ ਬਣੇਗਾ ਅਤੇ ਇੱਕ ਸਾਲ 'ਚ ਇਸ ਨੂੰ ਪੂਰਾ ਕੀਤਾ ਜਾਵੇਗਾ।

Kartarpur Sahib Corridor
Kartarpur Sahib Corridor

ਚੰਡੀਗੜ੍ਹ: ਪਾਕਿਸਤਾਨ ਦੀ ਪੰਜਾਬ ਰਾਜ ਸਰਕਾਰ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਨੇੜੇ ਇੱਕ "ਦਰਸ਼ਨ ਰਿਜ਼ੋਰਟ" ਬਣਾਉਣ ਜਾ ਰਹੀ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਉੱਥੇ ਰਹਿ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। ਪਾਕਿਸਤਾਨੀ ਸਰਕਾਰ ਇਸ ਦੇ ਨਿਰਮਾਣ 'ਤੇ 300 ਮਿਲੀਅਨ ਪਾਕਿਸਤਾਨੀ ਰੁਪਏ ਖਰਚ ਕਰੇਗੀ, ਜੋ ਕਿ ਭਾਰਤੀ ਕਰੰਸੀ 'ਚ 30 ਕਰੋੜ ਰੁਪਏ ਰਕਮ ਹੋਵੇਗੀ। ਇਹ 5 ਮੰਜ਼ਿਲਾ ਇਮਾਰਤ ਹੋਵੇਗੀ।

ਪੰਜ ਮੰਜ਼ਿਲਾ ਰਿਜ਼ੋਰਟ ਹੋਵੇਗਾ ਤਿਆਰ: ਪਾਕਿਸਤਾਨ ਪੰਜਾਬ ਦੇ ਸੈਰ ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਪਾਕਿਸਤਾਨੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 300 ਮਿਲੀਅਨ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਇਹ ਪ੍ਰੋਜੈਕਟ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਇੱਕ ਸਾਲ 'ਚ ਪੂਰਾ ਹੋਵੇਗਾ ਪ੍ਰੋਜੈਕਟ: ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਬਣਾਇਆ ਜਾਵੇਗਾ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਨੂੰ 2024 ਦੇ ਅੰਤ ਤੱਕ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਇਸ ਪੂਰੇ ਪ੍ਰੋਜੈਕਟ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ।

ਰਿਜ਼ੋਰਟ ਵਿੱਚ ਬੈਠ ਕੇ ਕਰ ਸਕਣਗੇ ਗੁਰੂਘਰ ਦੇ ਦਰਸ਼ਨ: ਇਸ ਦੇ ਨਾਲ ਹੀ ਸਕੱਤਰ ਨੇ ਦੱਸਿਆ ਕਿ ਇਸ ਰਿਜ਼ੋਰਟ ਵਿੱਚ ਇੱਕ ਮਿੰਨੀ ਸਿਨੇਮਾ, ਇੱਕ ਜਿੰਮ ਅਤੇ ਘੱਟੋ-ਘੱਟ 10 ਸੂਟ ਕਮਰੇ ਹੋਣਗੇ। ਇਸ ਰਿਜ਼ੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਨਜ਼ਾਰਾ ਵੀ ਦੇਖਿਆ ਜਾ ਸਕੇਗਾ। ਪਾਕਿਸਤਾਨ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਪੰਜਾਬ ਸੈਰ ਸਪਾਟਾ ਵਿਭਾਗ ਨੂੰ 50 ਕਮਰਿਆਂ ਵਾਲਾ ਦਰਸ਼ਨ ਰਿਜ਼ੋਰਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

ਸਾਲ 2019 ਵਿੱਚ ਖੋਲ੍ਹਿਆ ਗਿਆ ਸੀ ਕਰਤਾਰਪੁਰ ਲਾਂਘਾ: ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਵਿਖੇ ਬਿਤਾਏ ਸਨ। ਇਸ ਲਈ ਇਹ ਸ਼ਹਿਰ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਕਰਤਾਰਪੁਰ ਲਾਂਘਾ 2019 ਵਿੱਚ ਖੋਲ੍ਹਿਆ ਗਿਆ ਸੀ ਅਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ। 4 ਕਿਲੋਮੀਟਰ ਦਾ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.