ETV Bharat / state

ਚੰਡੀਗੜ੍ਹ ਕਾਲਜ ਦੀ ਐਲੂਮਨੀ ਲਿਸਟ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ, ਕਾਂਗਰਸੀ ਆਗੂ ਨੇ ਚੁੱਕਿਆ ਮੁੱਦਾ ਤਾਂ ਮੈਨੇਜਮੈਂਟ ਨੇ ਦਿੱਤਾ ਇਹ ਜਵਾਬ

author img

By ETV Bharat Punjabi Team

Published : Dec 7, 2023, 8:47 PM IST

Lawrence Bishnoi
Lawrence Bishnoi

Gangster Lawrence Bishnoi: ਚੰਡੀਗੜ੍ਹ ਦੇ ਡੀਏਵੀ ਕਾਲਜ ਦੀ ਵੈਬਸਾਈਟ 'ਚ ਲਾਰੈਂਸ ਬਿਸ਼ਨੋਈ ਨੂੰ ਐਲੂਮਨੀ ਦੱਸਦਿਆਂ ਤੀਜੇ ਨੰਬਰ 'ਤੇ ਉਸ ਦੀ ਫੋਟੋ ਲੱਗੀ ਹੈ, ਜਿਸ ਤੋਂ ਬਾਅਦ ਕਾਂਗਰਸੀ ਨੌਜਵਾਨ ਆਗੂ ਨੇ ਇਹ ਮੁੱਦਾ ਚੁੱਕਿਆ, ਜਿਸ 'ਤੇ ਪ੍ਰਸ਼ਾਸਨ ਨੇ ਆਪਣਾ ਪੱਖ ਵੀ ਰੱਖਿਆ।

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਜ਼ੁਰਮ ਦੀ ਦੁਨੀਆ 'ਚ ਸਿਖਰਾਂ 'ਤੇ ਹੈ ਅਤੇ ਇਸ ਵਿਚਾਲੇ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਦਾ ਨਾਂ ਤੀਜੇ ਨੰਬਰ ’ਤੇ ਆ ਰਿਹਾ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ 'ਤੇ ਦਿਖਾਈ ਜਾ ਰਹੀ ਹੈ। ਜਿਸ 'ਚ ਪਹਿਲੇ ਨੰਬਰ 'ਤੇ ਨੀਰਜ ਚੋਪੜਾ ਦਾ ਨਾਂ, ਦੂਜੇ ਨੰਬਰ 'ਤੇ ਵਿਕਰਮ ਬੱਤਰਾ ਅਤੇ ਤੀਜੇ ਨੰਬਰ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਸ਼ਾਮਲ ਹੈ।

ਕਾਲਜ ਪ੍ਰਸ਼ਾਸਨ ਨੇ ਰੱਖਿਆ ਪੱਖ: ਇਸ ਸੂਚੀ 'ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ ਸਮੇਤ ਆਯੁਸ਼ਮਾਨ ਖੁਰਾਨਾ ਅਤੇ ਪੰਜਾਬ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵਰਗੇ ਕਈ ਲੋਕਾਂ ਦੇ ਨਾਂ ਵੀ ਸ਼ਾਮਲ ਹਨ। ਇਸ ਸਭ ਨੂੰ ਲੈਕੇ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਕਿਸੇ ਵੀ ਗੈਂਗਸਟਰ ਦਾ ਨਾਂ ਨਹੀਂ ਲਿਖਿਆ ਗਿਆ ਹੈ। ਜੇਕਰ ਗੂਗਲ ਸਰਚ 'ਚ ਅਜਿਹਾ ਕੁਝ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਕਾਂਗਰਸ ਵਿਦਿਆਰਥੀ ਆਗੂ ਨੇ ਚੁੱਕਿਆ ਮੁੱਦਾ: ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਇਸਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਗੈਂਗਸਟਰ ਲਾਰੈਂਸ ਨੂੰ ਉੱਘੇ ਵਿਦਿਆਰਥੀ ਦੱਸਣਾ ਕਾਲਜ ਦੀ ਗਲਤੀ ਹੈ। ਇਸ ਨਾਲ ਸਮਾਜ ਦੇ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਕਾਲਜ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਚੰਡੀਗੜ੍ਹ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ’ਤੇ ਲਿਆਂਦਾ ਜਾ ਸਕੇ।

ਗੈਂਗਸਟਰ ਲਾਰੈਂਸ ਨੇ ਡੀਏਵੀ ਕਾਲਜ ਤੋਂ ਕੀਤੀ ਹੈ ਪੜ੍ਹਾਈ: ਗੈਂਗਸਟਰ ਲਾਰੈਂਸ ਮੂਲ ਰੂਪ ਤੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ 12ਵੀਂ ਜਮਾਤ ਤੱਕ ਅਬੋਹਰ ਜ਼ਿਲ੍ਹੇ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ 2010 ਵਿੱਚ ਕਾਲਜ ਦੀ ਪੜ੍ਹਾਈ ਲਈ ਚੰਡੀਗੜ੍ਹ ਆ ਗਿਆ। ਉਸ ਨੇ ਆਪਣੀ ਅਗਲੀ ਪੜ੍ਹਾਈ ਡੀਏਵੀ ਕਾਲਜ ਚੰਡੀਗੜ੍ਹ ਤੋਂ ਕੀਤੀ ਸੀ।

ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਿਆ ਲਾਰੈਂਸ: ਆਪਣੀ ਪੜ੍ਹਾਈ ਦੌਰਾਨ ਲਾਰੈਂਸ ਬਿਸ਼ਨੋਈ ਸਾਲ 2011-2012 ਵਿੱਚ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ SOPU ਦਾ ਪ੍ਰਧਾਨ ਰਹਿ ਚੁੱਕਿਆ ਹੈ। ਲਾਰੈਂਸ ਬਿਸ਼ਨੋਈ ਵਿਰੁੱਧ ਪਹਿਲੀ ਐਫਆਈਆਰ ਕਤਲ ਦੀ ਕੋਸ਼ਿਸ਼ ਦੀ ਸੀ। ਇਸ ਤੋਂ ਬਾਅਦ ਅਪਰੈਲ 2010 ਵਿੱਚ ਕਬਜ਼ੇ ਦਾ ਕੇਸ ਅਤੇ ਫਰਵਰੀ 2011 ਵਿੱਚ ਕੁੱਟਮਾਰ ਅਤੇ ਮੋਬਾਈਲ ਫੋਨ ਖੋਹਣ ਦਾ ਕੇਸ ਦਰਜ ਕੀਤਾ ਗਿਆ ਸੀ।

ਮੂਸੇਵਾਲਾ ਕਤਲ 'ਚ ਮੁੱਖ ਮੁਲਜ਼ਮ ਲਾਰੈਂਸ: ਸਾਲ 2022 ਦੇ ਮਈ ਮਹੀਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ 'ਚ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਹੈ, ਕਿਉਂਕਿ ਉਸ ਦੇ ਕਤਲ ਤੋਂ ਬਾਅਦ ਹੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਜ਼ਿੰਮੇਵਾਰੀ ਲਈ ਸੀ ਤੇ ਨਾਲ ਹੀ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਖੁਦ ਉਸ ਨੇ ਕਬੂਲ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੇ ਕਹਿਣ 'ਤੇ ਹੋਇਆ ਹੈ।

ਗੋਗਾਮੇੜੀ ਦੇ ਕਤਲ ਵਿੱਚ ਵੀ ਲਾਰੈਂਸ ਦਾ ਨਾਂ ਸ਼ਾਮਲ: ਹਾਲ ਹੀ ਵਿੱਚ ਰਾਜਸਥਾਨ ਦੇ ਜੈਪੁਰ ਵਿੱਚ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਵੀ ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਮੰਗਲਵਾਰ ਨੂੰ ਦਿਨ ਦਿਹਾੜੇ ਤਿੰਨ ਬਦਮਾਸ਼ ਗੋਗਾਮੇੜੀ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਬਿਸ਼ਨੋਈ ਦੇ ਗੁੰਡੇ ਰੋਹਿਤ ਗੋਦਾਰਾ ਨੇ ਫੇਸਬੁੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਦਾ ਨਾਂ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਵਾਰ-ਵਾਰ ਸਾਹਮਣੇ ਆਉਂਦਾ ਰਹਿੰਦਾ ਹੈ। ਉਹ 2014 ਤੋਂ ਜੇਲ੍ਹ ਅੰਦਰੋਂ ਆਪਣਾ ਗੈਂਗ ਚਲਾ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.