ETV Bharat / state

ਪੰਜਾਬੀ ਮਨੋਰੰਜਨ ਜਗਤ 'ਚ ਕਿਉਂ ਹੈ ਗੈਂਗਸਟਰਵਾਦ ਦਾ ਬੋਲਬਾਲਾ, ਕੀ 90ਵੀਆਂ ਦੇ ਬਾਲੀਵੁੱਡ ਦੀਆਂ ਪੈੜਾਂ ਨੱਪ ਰਿਹਾ ਪਾਲੀਵੁੱਡ

author img

By

Published : Apr 18, 2023, 9:02 PM IST

Know why gangsterism is prevalent in Punjabi entertainment world
Know why gangsterism is prevalent in Punjabi entertainment world

ਪੰਜਾਬੀ ਕਲਾਕਾਰਾਂ ਦੀ ਜ਼ਿੰਦਗੀ ਜਿੰਨੀ ਹੀ ਚਕਾਚੌਂਧ ਵਾਲੀ ਹੈ ਓਨਾ ਹੀ ਵੱਡਾ ਬੈਚੇਨੀ ਦਾ ਦਾਇਰਾ ਇਹਨਾਂ ਦੁਆਲੇ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਤਾਂ ਸਭ ਇਹੀ ਸੋਚ ਰਹੇ ਹਨ ਪੰਜਾਬੀ ਮਨੋਰੰਜਨ ਜਗਤ ਵਿੱਚ ਕਿਵੇਂ ਵੜਿਆ ਗੈਂਗਸਟਰਵਾਦ...

ਚੰਡੀਗੜ੍ਹ: ਪੰਜਾਬੀ ਗੀਤਾਂ ਅਤੇ ਫ਼ਿਲਮਾਂ ਦੀ ਤੂਤੀ ਵਿਦੇਸ਼ਾਂ ਤੱਕ ਬੋਲਦੀ ਹੈ। ਗੋਰਿਆਂ ਨੂੰ ਵੀ ਪੰਜਾਬੀ ਮਿਊਜ਼ਿਕ ਨੇ ਥਿਰਕਣ ਲਾ ਦਿੱਤਾ। ਸਾਲ 2002 ਅਤੇ 21ਵੀਂ ਸਦੀ ਪੰਜਾਬੀ ਸਿਨੇਮਾ ਲਈ ਕ੍ਰਾਂਤੀ ਦਾ ਸਾਲ ਸਾਬਿਤ ਹੋਇਆ ਜਿਸ ਤੋਂ ਬਾਅਦ ਹਿੱਟ 'ਤੇ ਹਿੱਟ ਫ਼ਿਲਮਾਂ ਆਈਆਂ ਅਤੇ ਸਿਨੇਮਾ ਘਰਾਂ ਵਿਚ ਦਰਸ਼ਕਾਂ ਦੀ ਭੀੜ ਨੇ ਕਈ ਸ਼ੋਅ ਹਾਊਸ ਫੁੱਲ ਕਰ ਦਿੱਤੇ। ਇਸੇ ਦੇ ਨਾਲ ਹੀ ਪੰਜਾਬੀ ਮਿਊੁਜ਼ਿਕ ਇੰਡਸਟਰੀ ਵੀ ਹੋਰ ਅਮੀਰ ਅਤੇ ਪ੍ਰਫੁਲਿਤ ਹੁੰਦੀ ਗਈ। ਪਰ ਅੱਜ ਪੰਜਾਬੀ ਮਨੋਰੰਜਨ ਜਗਤ ਖੌਫ਼ ਅਤੇ ਡਰ ਦੇ ਸਾਏ ਵਿਚੋਂ ਲੰਘ ਰਿਹਾ ਹੈ। ਜਿੰਨੀ ਜ਼ਿਆਦਾ ਕਲਾਕਾਰ ਦੀ ਮਕਬੂਲੀਅਤ ਉਨਾ ਹੀ ਵੱਡਾ ਜਾਨ ਨੂੰ ਖ਼ਤਰਾ। ਕਈ ਕਲਾਕਾਰਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਕਿ ਗੈਂਗਸਟਰਾਂ ਵੱਲੋਂ ਉਨ੍ਹਾਂ ਨੂੰ ਫੋਨ 'ਤੇ ਧਮਕੀਆਂ ਮਿਲ ਰਹੀਆਂ ਹਨ। ਕੁਝ ਸਮਾਂ ਪਿੱਛੇ ਝਾਤ ਮਾਰੀਏ ਤਾਂ ਮਾਇਆ ਨਗਰੀ ਮੁੰਬਈ ਬਾਲੀਵੁੱਡ ਕਲਾਕਾਰਾਂ 'ਤੇ ਵੀ ਡੋਨ ਕਲਚਰ ਕੁਝ ਇਸ ਤਰ੍ਹਾਂ ਹੀ ਹਾਵੀ ਰਿਹਾ।

ਕਈ ਕਲਾਕਾਰਾਂ ਨੇ ਸਰਕਾਰ ਕੋਲੋਂ ਸੁਰੱਖਿਆ ਲਈ ਅਪੀਲ ਕੀਤੀ। ਹਾਲ ਹੀ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਦਾ ਖਦਸ਼ਾ ਜਤਾਇਆ ਗਿਆ। ਮਨਕੀਰਤ ਔਲਖ ਨੇ ਲਗਾਤਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦੀ ਸ਼ਿਕਾਇਤ ਕਈ ਵਾਰ ਕੀਤੀ। ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਵੀ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਅਤੇ ਪੰਜਾਬ ਛੱਡ ਕੇ ਜਾਣ ਤੱਕ ਦੀ ਗੱਲ ਕਹਿ ਦਿੱਤੀ। ਬੀਤੇ ਸਾਲਾਂ 'ਚ ਪਰਮੀਸ਼ ਵਰਮਾ ਗੈਂਗਸਟਰਾਂ ਦੀ ਗੋਲੀ ਤੋਂ ਵਾਲ ਵਾਲ ਬਚੇ। ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਹਨੇਰੀ ਨਗਰੀ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਗੈਂਗਸਟਰਾਂ ਨੇ ਕੀਤਾ ਇਹ ਕਿਸੇ ਤੋਂ ਲੁਕਿਆ ਨਹੀਂ ਹੈ।

ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ 'ਤੇ ਹਾਵੀ ਹੋਇਆ ਗੈਂਗਸਟਰਵਾਦ : ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦੇ ਕਰੀਬੀ ਸੂਤਰਾਂ ਨੇ ਕਈ ਗੰਭੀਰ ਰਹੱਸਾਂ ਤੋਂ ਪਰਦਾ ਚੁੱਕਿਆ ਹੈ। ਜੋ ਤੱਥ ਸਾਹਮਣੇ ਆਏ ਉਹ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਪੰਜਾਬੀ ਫ਼ਿਲਮਾਂ ਅਤੇ ਮਿਊੁਜ਼ਿਕ ਇੰਡਸਟਰੀ ਵਿਚ ਗੈਂਗਸਟਰਾਂ ਦਾ ਪੈਸਾ ਲਗਾਇਆ ਜਾਂਦਾ ਹੈ। ਗੈਂਗਸਟਰਾਂ ਦਾ ਕਾਲਾ ਧਨ ਫ਼ਿਲਮਾਂ 'ਚ ਲੱਗਦਾ ਹੈ ਅਤੇ ਬਲੈਕ ਮਨੀ ਨੂੰ ਵਾਈਟ ਬਣਾਇਆ ਜਾਂਦਾ ਹੈ। ਗੈਂਗਸਟਰ ਕਈ ਕਲਾਕਾਰਾਂ ਦੇ ਗੀਤਾਂ ਅਤੇ ਫ਼ਿਲਮਾਂ 'ਤੇ ਪੈਸੇ ਲਗਾਉਂਦੇ ਹਨ। ਪੰਜਾਬੀ ਫ਼ਿਲਮ ਇੰਡਸਟਰੀ 90 ਦੇ ਦਹਾਕੇ ਦੀ ਬਾਲੀਵੁੱਡ ਇੰਡਸਟਰੀ ਦੇ ਰਾਹਾਂ 'ਤੇ ਚੱਲ ਰਹੀ ਹੈ। ਜਿਸ ਕਰਕੇ ਇਸ ਦਾ ਖਮਿਆਜ਼ਾ ਕਲਾਕਾਰਾਂ ਨੂੰ ਭੁਗਤਣਾ ਪੈਂਦਾ ਹੈ। ਬਹੁਤ ਸਾਰੇ ਕਲਾਕਾਰ ਗੈਂਗਸਟਰਾਂ ਨੂੰ ਚੁੱਪ ਚੁਪੀਤੇ ਪੈਸੇ ਦਿੰਦੇ ਹਨ ਇਸ ਲਈ ਕਦੇ ਵੀ ਕਿਸੇ ਵਿਵਾਦ ਵਿਚ ਨਹੀਂ ਆਏ। ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਅਤੇ ਲਾਰੈਂਸ ਵਰਗੇ ਗੈਂਗਸਟਰਾਂ ਨੇ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਹੈ।

ਇਸ ਖੇਤਰ ਵਿਚ ਕੁਝ ਨਾਮੀ ਗਾਇਕਾਂ ਅਤੇ ਕਲਾਕਾਰਾਂ ਦਾ ਗਰੁੱਪ ਵੀ ਸਰਗਰਮ ਹੈ, ਜੋ ਪਾਲੀਵੁੱਡ 'ਤੇ ਕਬਜ਼ਾ ਜਮ੍ਹਾ ਕੇ ਬੈਠਾ ਫ਼ਿਲਮਾਂ ਦੀ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਸਿਨੇਮਾ ਘਰਾਂ ਤੱਕ ਰਹਿਣ ਤੱਕ ਕੰਟਰੋਲ ਕਰਕੇ ਰੱਖਦੇ ਹਨ। ਦੋ ਵੱਡੇ ਨਾਮੀ ਗਾਇਕਾਂ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਵਿਚ ਕਿਸੇ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ। ਜੇਕਰ ਕੋਈ ਕਾਮਯਾਬ ਹੁੰਦਾ ਹੈ ਤਾਂ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਵਾਈਆਂ ਜਾਂਦੀਆਂ ਹਨ।

ਜਿਵੇਂ ਇੰਡਸਟਰੀ ਪ੍ਰਫੁਲਤ ਹੋਈ ਗੈਂਗਸਟਰਵਾਦ ਹੋਇਆ ਹਾਵੀ : ਮਾਹਿਰਾਂ ਦੀ ਮੰਨੀਏ ਤਾਂ ਪੰਜਾਬੀ ਫ਼ਿਲਮਾਂ ਵਿਚ ਇਹ ਦੌਰ ਸ਼ੁਰੂ ਤੋਂ ਨਹੀਂ ਸੀ ਜਿਵੇਂ ਜਿਵੇਂ ਪੰਜਾਬੀ ਸਿਨੇਮਾ ਅਤੇ ਪੰਜਾਬੀ ਮਿਊਜ਼ਿਕ ਨੇ ਤਰੱਕੀ ਕੀਤੀ ਉਸੇ ਤਰ੍ਹਾਂ ਹੀ ਗੈਂਗਸਟਰਵਾਦ ਦੇ ਕਾਲੇ ਬੱਦਲ ਮੰਡਰਾਉਣੇ ਸ਼ੁਰੂ ਹੋਏ। ਠੀਕ ਇਸੇ ਮਿਊਜ਼ਿਕ ਇੰਡਸਟਰੀ ਵਿਚ ਪਾਇਰੇਸੀ ਦਾ ਦੌਰ ਚੱਲਿਆ ਸੀ ਜਿਸ ਵਿਚ ਵੱਡੇ ਵੱਡੇ ਬੰਦਿਆਂ ਦੀ ਸ਼ਮੂਲੀਅਤ ਸੀ। ਉਸੇ ਤਰ੍ਹਾ ਫ਼ਿਲਮ ਜਗਤ ਜਦੋਂ ਆਪਣੇ ਜੋਬਨ ਤੇ ਆਇਆ ਤਾਂ ਗੈਂਗਸਟਰਾਂ ਦਾ ਧਿਆਨ ਖਿੱਚਿਆ। ਵੱਡੇ ਵੱਡੇ ਲੋਕਾਂ ਨੇ ਆਪਣਾ ਕਾਲਾ ਧਨ, ਸਫੈਦ ਕਰਨ ਲਈ ਫ਼ਿਲਮਾਂ ਵਿਚ ਪੈਸਾ ਲਗਾਉਣ ਦਾ ਤਰੀਕਾ ਅਪਣਾਇਆ। ਇਹ ਤਰੀਕਾ ਗੈਂਗਸਟਰਾਂ ਨੂੰ ਵੀ ਭਾਇਆ।

ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਹੋਈਆਂ ਫੇਲ੍ਹ? ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਡਾਇਰੈਕਟਰ ਅਤੇ ਲੇਖਕ ਪਾਲੀ ਭੁਪਿੰਦਰ ਗੈਂਗਸਟਰਵਾਦ ਦੇ ਇਸ ਵਰਤਾਰੇ ਨੂੰ ਪੰਜਾਬੀ ਇੰਡਸਟਰੀ ਲਈ ਖ਼ਤਰਨਾਕ ਦੱਸਦੇ ਹਨ। ਉਹਨਾਂ ਸਰਕਾਰ 'ਤੇ ਰੋਸ ਜਾਹਿਰ ਕਰਦਿਆਂ ਕਿਹਾ ਹੈ ਕਿ ਸਰਕਾਰਾਂ ਗੈਂਗਸਟਰਾਂ 'ਤੇ ਕਾਬੂ ਪਾਉਣ ਵਿਚ ਕਾਮਯਾਬ ਨਹੀਂ ਹੋਈਆਂ। ਇਸ ਲਈ ਸਮਾਜ ਦਾ ਕੋਈ ਵੀ ਤਬਕਾ ਸੁਰੱਖਿਅਤ ਨਹੀਂ ਹੈ। ਸਰਕਾਰ ਗੈਂਗਸਟਰਸ 'ਤੇ ਕੰਟਰੋਲ ਨਹੀਂ ਕਰ ਸਕੀ ਅਤੇ ਹੁਣ ਇਹ ਸਭ ਆਪ ਮੁਹਾਰੇ ਹੋ ਗਏ ਹਨ। ਪਹਿਲੀ ਜ਼ਿੰਮੇਵਾਰੀ ਸਰਕਾਰਾਂ ਦੀ ਹੀ ਸੀ। ਗੈਂਗਸਟਰਾਂ ਦੇ ਹੌਂਸਲੇ ਜਿੰਨੇ ਬੁਲੰਦ ਹਨ ਇਹ ਰਾਜਨੀਤਿਕ ਸਰਪ੍ਰਸਤੀ ਤੋਂ ਬਿਨ੍ਹਾਂ ਸੰਭਵ ਹੀ ਨਹੀਂ ਹੈ। ਫ਼ਿਲਮ ਇੰਡਸਟਰੀ ਹਮੇਸ਼ਾ ਤੋਂ ਸੋਫਟ ਟਾਰਗੇਟ ਰਹੀ ਹੈ ਜਿਹਨਾਂ ਨੂੰ ਛੇਤੀ ਡਰਾਇਆ ਅਤੇ ਧਮਕਾਇਆ ਜਾ ਸਕਦਾ ਹੈ। ਜਿਆਦਾ ਮਸ਼ਹੂਰ ਹੋਣ ਕਾਰਨ ਜ਼ਿਆਦਾ ਬਾਹਰ ਰਹਿਣ ਕਰਕੇ ਕਲਾਕਾਰ ਗੈਂਗਸਟਰਾਂ ਨੂੰ ਪੈਸੇ ਦੇਣੇ ਮੁਨਾਸਿਬ ਸਮਝਦੇ ਹਨ। ਹਾਂ ਇਕਾਂ ਦੁਕਾਂ ਕਾਲੀਆਂ ਭੇਡਾਂ ਇਸ ਇੰਡਸਟਰੀ ਵਿਚ ਵੀ ਹਨ।

ਪੰਜਾਬੀ ਫ਼ਿਲਮ ਇੰਡਸਟਰੀ ਕਈਆਂ ਨੂੰ ਦੇ ਰਹੀ ਰੁਜ਼ਗਾਰ: ਪੰਜਾਬੀ ਫ਼ਿਲਮ ਇੰਡਸਟਰੀ ਦਾ ਹਿੱਸਾ ਹੋਣ ਦੇ ਨਾਤੇ ਪਾਲੀ ਭੁਪਿੰਦਰ ਦਾ ਮੰਨਣਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਕਈਆਂ ਨੂੰ ਰੁਜ਼ਗਾਰ ਦੇ ਰਹੀ ਹੈ। ਇਹ ਸੱਚ ਨਹੀਂ ਹੈ ਕਿ 90 ਦਹਾਕੇ ਵਾਂਗ ਬਾਲੀਵੁੱਡ ਦੀਆਂ ਪੈੜਾਂ 'ਤੇ ਪੰਜਾਬੀ ਫ਼ਿਲਮ ਇੰਡਸਟਰੀ ਪੈਰ ਰੱਖ ਰਹੀ ਹੈ। ਇਹ ਛੋਟੀ ਜਹੀ ਇੰਡਸਟਰੀ ਹੈ ਅਤੇ ਉਂਗਲਾਂ 'ਤੇ ਗਿਣਿਆ ਜਾ ਸਕਦਾ ਹੈ ਕਿ ਫ਼ਿਲਮਾਂ 'ਚ ਕਿਸਦਾ ਪੈਸਾ ਲੱਗਿਆ। 10 ਵਿਚੋਂ 2 ਜਾਂ 3 ਫਿਲਮਾਂ ਹੀ ਚੰਗੇ ਪੈਸੇ ਕਮਾ ਪਾਉਂਦੀਆ ਹਨ ਬਾਕੀ ਤਾਂ ਆਪਣਾ ਬਜਟ ਵੀ ਪੂਰਾ ਨਹੀਂ ਕਰ ਸਕਦੀਆਂ।

ਪੰਜਾਬ ਵਿਚ ਕਦੋਂ ਪਣਪਿਆ ਗੈਂਗਸਟਰ ਕਲਚਰ: ਇਹ ਡੇਢ ਦਹਾਕਾ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਗੈਂਗਸਟਰ ਕਲਚਰ ਦੀ ਸ਼ੁਰੂਆਤ ਹੋਣ ਲੱਗੀ। ਗੀਤਾਂ ਵਿਚ ਵੱਧਦਾ ਗੰਨ ਕਲਚਰ ਵੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਾ ਰਿਹਾ। ਨੌਜਵਾਨਾਂ ਦਾ ਜੋਸ਼, ਹਥਿਆਰਾਂ ਦੀ ਵਧਦੀ ਲਾਲਸਾ, ਇਸ ਕਾਰਨ ਛੋਟੀ-ਮੋਟੀ ਲੜਾਈ-ਝਗੜੇ ਤੋਂ ਬਾਅਦ ਹੀ ਨੌਜਵਾਨ ਆਸਾਨੀ ਨਾਲ ਗੈਂਗਸਟਰ ਦੇ ਚੁੰਗਲ ਵਿਚ ਆ ਜਾਂਦਾ ਹੈ। ਆਖਰਕਾਰ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਵਿਦੇਸ਼ਾਂ ਵਿਚ ਬੈਠ ਕੇ ਗੈਂਗਸਟਰ ਜੁਰਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਪੰਜਾਬ ਵਿਚ ਆਪਣੀ ਸਲਤਨਤ ਕਾਇਮ ਕਰਨ 'ਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਵੀ ਪੰਜਾਬ ਦੇ ਨੌਜਵਾਨਾਂ ਨੂੰ ਪੈਸਾ ਮੁਹੱਈਆ ਕਰਵਾਉਂਦੇ ਰਹੇ ਹਨ ਜਿਸ ਰਾਹੀਂ ਉਹ ਛੋਟੀਆਂ-ਮੋਟੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਕੰਮ ਵੀ ਕਰਦੇ ਹਨ।

ਇਹ ਵੀ ਪੜ੍ਹੋ:- DAV school : ਚਾਰ ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦ

ETV Bharat Logo

Copyright © 2024 Ushodaya Enterprises Pvt. Ltd., All Rights Reserved.