ETV Bharat / state

Interpol Red Corner Notice: 13 ਸਾਲ ਪਹਿਲਾਂ ਫਰਾਰ ਹੋਏ ਖਾਲਿਸਤਾਨੀ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ, ਕਤਲ ਮਗਰੋਂ ਪਾਕਿਸਤਾਨ 'ਚ ਲਈ ਪਨਾਹ

author img

By ETV Bharat Punjabi Team

Published : Sep 26, 2023, 6:51 AM IST

ਵਿਦੇਸ਼ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਸਮਰਥਕ ਕਰਣਵੀਰ ਸਿੰਘ ਖ਼ਿਲਾਫ਼ ਇੰਟਰਪੋਲ ਦੀ ਮਦਦ ਨਾਲ ਰੈੱਡ ਕਾਰਨਰ ਨੋਟਿਸ (red corner notice) ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕਰਨਵੀਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮਦਦ ਨਾਲ ਪਾਕਿਸਤਾਨ ਵਿੱਚ ਪਨਾਹ ਲਈ ਹੋਈ ਹੈ।

Interpol issued a red corner notice against Khalistani Karanveer Singh
Interpol issued notice: 13 ਸਾਲ ਪਹਿਲਾਂ ਫਰਾਰ ਹੋਏ ਖਾਲਿਸਤਾਨੀ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ, ਕਤਲ ਮਗਰੋਂ ਪਾਕਿਸਤਾਨ 'ਚ ਲਈ ਪਨਾਹ

ਚੰਡੀਗੜ੍ਹ: ਕੇਂਦਰ ਦੀਆਂ ਵੱਖ-ਵੱਖ ਜਾਂਚ ਏਜੰਸੀਆਂ ਹੁਣ ਖਾਲਿਸਤਾਨੀ ਸਮਰਥਕਾਂ ਉੱਤੇ ਸ਼ਿਕੰਜਾ ਕੱਸ ਰਹੀਆਂ ਹਨ। ਪਹਿਲਾਂ ਭਾਰਤ ਵਿਰੁੱਧ ਜ਼ਹਿਰ ਉਗਲਣ ਵਾਲੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਐੱਨਆਈਏ ਨੇ ਜ਼ਬਤ ਕੀਤਾ। ਹੁਣ ਜਾਂਚ ਏਜੰਸੀ ਇੰਟਰਪੋਲ ਨੇ 13 ਸਾਲ ਪਹਿਲਾਂ ਕਤਲ ਕੇਸ ਵਿੱਚ ਪਾਕਿਸਤਾਨ ਫਰਾਰ ਹੋਏ ਖਾਲਿਸਤਾਨੀ ਸਮਰਥਕ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਨੋਟਿਸ: 13 ਸਾਲ ਬਾਅਦ ਇੰਟਰਪੋਲ ਦੀ ਮਦਦ ਨਾਲ ਖਾਲਿਸਤਾਨੀ ਕਰਣਵੀਰ ਸਿੰਘ (Khalistani Karanveer Singh ) ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਹੈ। ਖਾਲਿਸਤਾਨੀ ਸਮਰਥਕ ਕਰਣਵੀਰ ਸਿੰਘ ਮੂਲ ਰੂਪ ਵਿੱਚ ਕਪੂਰਥਲਾ ਦਾ ਰਹਿਣ ਵਾਲਾ ਹੈ। ਕਰਣਵੀਰ ਉੱਤੇ ਇਲਜ਼ਾਮ ਹੈ ਕਿ ਉਹ 13 ਸਾਲ ਪਹਿਲਾਂ ਕਤਲ ਕਰਕੇ ਪਾਕਿਸਤਾਨ ਭੱਜ ਗਿਆ ਸੀ। 2010 'ਚ ਪੰਜਾਬ ਪੁਲਿਸ ਨੇ ਕਰਣਵੀਰ ਸਿੰਘ ਨੂੰ ਫੜਨ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। 16 ਮਈ 2010 ਦੀ ਸਵੇਰ ਨੂੰ ਡੇਰਾ ਸੰਤ ਮਾਈਆ ਦਾਸ ਮੁਖੀ ਪ੍ਰਧਾਨ ਸਿੰਘ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਇਲਜ਼ਾਮ ਕਰਣਵੀਰ ਦੇ ਉੱਤੇ ਲਾਇਆ ਗਿਆ ਸੀ।

ਗ੍ਰਿਫ਼ਤਾਰੀ ਮਗਰੋਂ ਹਥਿਆਰ ਅਤੇ ਆਰਡੀਐੱਕਸ ਹੋਇਆ ਸੀ ਬਰਾਮਦ: ਲਗਭਗ ਦਹਾਕੇ ਪਹਿਲਾਂ ਹੁਸ਼ਿਆਰਪੁਰ ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਸੀ ਕਿ ਇਹ ਕਤਲ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International) ਦੇ ਮੈਂਬਰ ਕਰਣਵੀਰ ਸਿੰਘ ਨੇ ਕੀਤਾ ਸੀ। ਪੁਲਿਸ ਨੂੰ ਕਰਣਵੀਰ ਨੂੰ ਫੜਨ ਵਿੱਚ 5 ਮਹੀਨੇ ਲੱਗ ਗਏ। ਕਰਣਵੀਰ ਸਿੰਘ ਨੂੰ 18 ਅਕਤੂਬਰ 2010 ਨੂੰ ਫੜਿਆ ਗਿਆ ਸੀ। ਹੁਸ਼ਿਆਰਪੁਰ ਪੁਲਿਸ ਨੇ ਉਸ ਨੂੰ ਪਿੰਡ ਕਿਲ੍ਹਾ ਬੜੂੰ ਵਿੱਚ ਰਣਜੀਤ ਕੌਰ ਦੇ ਘਰੋਂ ਕਾਬੂ ਕੀਤਾ। ਪੁਲਿਸ ਨੇ ਕਰਣਵੀਰ ਕੋਲੋਂ ਇੱਕ ਏਕੇ 47 ਰਾਈਫਲ, ਇੱਕ ਹੈਂਡ ਗਰਨੇਡ, ਤਿੰਨ ਮੈਗਜ਼ੀਨ, ਦੋ ਡੈਟੋਨੇਟਰ, ਇੱਕ ਵਾਇਰਲੈੱਸ ਸੈੱਟ, ਇੱਕ ਟਾਈਮਰ ਅਤੇ ਡੇਢ ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਦੱਸ ਦਈਏ ਕਰਣਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਜ਼ਰੂਰ ਕਰ ਲਿਆ ਸੀ ਪਰ ਉਹ ਜ਼ਿਆਦਾ ਦੇਰ ਪੁਲਿਸ ਹਿਰਾਸਤ ਵਿੱਚ ਨਹੀਂ ਰਿਹਾ। ਗ੍ਰਿਫਤਾਰੀ ਤੋਂ ਬਾਅਦ ਕਰਣਵੀਰ ਨੂੰ ਸਵੇਰੇ 1 ਵਜੇ ਦੇ ਕਰੀਬ ਪੁੱਛਗਿੱਛ ਲਈ ਹੁਸ਼ਿਆਰਪੁਰ ਦੇ ਸੀਆਈਏ ਥਾਣੇ ਲਿਆਂਦਾ ਗਿਆ ਅਤੇ ਉਹ ਕੁੱਝ ਸਮੇਂ ਵਿੱਚ ਬਾਥਰੂਮ ਦੀ ਖਿੜਕੀ ਰਾਹੀਂ ਫਰਾਰ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.