ETV Bharat / state

Dharamsot Got Bail: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਰਿਹਾਅ, ਹਾਈ ਕੋਰਟ ਨੇ ਦਿੱਤੀ ਜ਼ਮਾਨਤ

author img

By

Published : May 19, 2023, 7:02 AM IST

High Court granted bail to Former minister Sadhu Singh Dharamsot
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਰਿਹਾਅ, ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਬੀਤੀ ਸ਼ਾਮ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਰਿਹਾਅ ਹੁੰਦੇ ਹੀ ਉਹ ਅਮਲੋਹ ਆਪਣੇ ਘਰ ਪਹੁੰਚੇ।

ਚੰਡੀਗੜ੍ਹ ਡੈਸਕ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀਰਵਾਰ ਸ਼ਾਮ ਨੂੰ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆ ਗਏ ਸਨ। ਧਰਮਸੋਤ ਦੀ ਰਿਹਾਈ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੇਲ੍ਹ ਦੇ ਬਾਹਰ ਮੌਜੂਦ ਸਨ। ਧਰਮਸੋਤ ਆਪਣੇ ਵਕੀਲਾਂ ਨਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਰਿਵਾਰ ਸਮੇਤ ਪਟਿਆਲਾ ਦੇ ਅਮਲੋਹ ਸਥਿਤ ਆਪਣੇ ਘਰ ਪਹੁੰਚੇ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਦੇਰ ਸ਼ਾਮ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਦੀ ਜ਼ਮਾਨਤ ਨਾਲ ਸਬੰਧਤ ਲਿਖਤੀ ਹੁਕਮ ਵੀਰਵਾਰ ਸ਼ਾਮ ਨੂੰ ਜੇਲ੍ਹ ਪ੍ਰਸ਼ਾਸਨ ਕੋਲ ਆਨਲਾਈਨ ਪਹੁੰਚ ਗਏ। ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਧਰਮਸੋਤ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਧਰਮਸੋਤ ਦੇ ਪਰਿਵਾਰ ਨੇ ਸਮਰਥਕਾਂ ਅਤੇ ਹੋਰਾਂ ਨੂੰ ਜੇਲ੍ਹ ਦੇ ਬਾਹਰ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਸੀ।

  1. ਪੰਜਾਬ ਸਰਕਾਰ ਨੇ ਲਿਆਂਦੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ, ਜਾਣੋ ਕੌਣ ਕਿਸ ਨੂੰ ਮਿਲੇਗੀ ਪੱਕੀ ਨੌਕਰੀ ਤੇ ਕਿਉਂ ਹੋ ਰਿਹਾ ਵਿਰੋਧ
  2. ਪੰਜਾਬ ਸਰਕਾਰ ਨੇ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਤੇ ਫਾਇਰ ਸਟੇਸ਼ਨ ਲੋਕਾਂ ਨੂੰ ਕੀਤਾ ਸਮਰਪਿਤ
  3. ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਹੋ ਸਕਦੀਆਂ ਨੇ ਸਮਾਪਤ !

3 ਮਹੀਨੇ ਕੱਟੀ ਜੇਲ੍ਹ : ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ 6 ਫਰਵਰੀ ਨੂੰ ਪੰਜਾਬ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਅਨੁਸਾਰ 2016 ਤੋਂ 2022 ਤੱਕ ਧਰਮਸੋਤ ਅਤੇ ਉਸ ਦੇ ਪਰਿਵਾਰ ਦੀ ਆਮਦਨ 3.27 ਕਰੋੜ ਰੁਪਏ ਸੀ, ਪਰ 6.39 ਕਰੋੜ ਰੁਪਏ ਤੋਂ ਵੱਧ 8.76 ਕਰੋੜ ਰੁਪਏ ਖਰਚ ਕੀਤੇ ਗਏ। ਇਸ ਮਾਮਲੇ ਵਿੱਚ ਧਰਮਸੋਤ ਪਿਛਲੇ 3 ਮਹੀਨਿਆਂ ਤੋਂ ਜੇਲ੍ਹ ਵਿੱਚ ਸੀ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੇ ਮੋਹਾਲੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਮੋਹਾਲੀ ਅਦਾਲਤ ਨੇ 5 ਮਾਰਚ ਨੂੰ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਧਰਮਸੋਤ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। 17 ਮਈ ਨੂੰ ਦਿਨ ਵੇਲੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਪਰ ਫਿਰ ਬੀਤੀ ਸ਼ਾਮ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਗਈ।

ਇਕ ਹੋਰ ਮਾਮਲੇ ਵਿੱਚ ਵੀ ਸੀ ਗ੍ਰਿਫ਼ਤਾਰ : ਪੰਜਾਬ ਵਿੱਚ ਜੰਗਲਾਤ ਘੁਟਾਲੇ ਵਿੱਚ ਵੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਪਰ ਇਸ ਮਾਮਲੇ 'ਚ ਉਹ ਅਦਾਲਤ ਤੋਂ ਜ਼ਮਾਨਤ 'ਤੇ ਬਾਹਰ ਹਨ। ਇਸ ਮਾਮਲੇ ਵਿੱਚ ਧਰਮਸੋਤ ਤੋਂ ਇਲਾਵਾ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦਾ ਨਾਂ ਵੀ ਸਾਹਮਣੇ ਆਇਆ ਹੈ। ਦੋਸ਼ ਹਨ ਕਿ ਉਸ ਨੇ ਪ੍ਰਤੀ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲਈ ਸੀ। ਸੰਗਤ ਸਿੰਘ ਗਿਲਜ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.