ETV Bharat / state

ਮੰਤਰੀ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਵਧਾਈ

author img

By

Published : Jun 2, 2023, 7:07 PM IST

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਵਧਾਈ ਦਿੱਤੀ। ਦੱਸ ਦਈਏ ਕਿ ਇਹ ਜੂਨੀਅਰ ਹਾਕੀ ਏਸ਼ੀਆਂ ਕੱਪ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਹੋਇਆ।

Meet Hayer congratulates the Indian team
Meet Hayer congratulates the Indian team

ਚੰਡੀਗੜ੍ਹ: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਖੇਡੇ ਗਏ ਹਾਕੀ ਜੂਨੀਅਰ ਏਸ਼ੀਆ ਕੱਪ ਵਿੱਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਬੀਤੀ ਰਾਤ ਖੇਡੇ ਗਏ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਜੂਨੀਅਰ ਏਸ਼ੀਆ ਕੱਪ ਜਿੱਤਿਆ। ਭਾਰਤ ਹੁਣ ਤੱਕ ਸਭ ਤੋਂ ਵੱਧ ਇਹ ਟੂਰਨਾਮੈਂਟ ਜਿੱਤਣ ਵਾਲਾ ਮੁਲਕ ਬਣ ਗਿਆ।

ਜੂਨੀਅਰ ਵਿਸ਼ਵ ਮੁਕਾਬਲਿਆਂ 'ਚ ਚੰਗੇ ਪ੍ਰਦਰਸ਼ਨ ਦੀ ਆਸ:- ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖਿਤਾਬੀ ਜਿੱਤ ਉਤੇ ਸਮੁੱਚੀ ਭਾਰਤੀ ਟੀਮ ਨੂੰ ਮੁਬਾਰਦਬਾਦ ਦਿੰਦਿਆਂ ਆਖਿਆ ਕਿ ਮੁੰਡਿਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਦੇਸ਼ ਨੂੰ ਵੱਡਾ ਮਾਣ ਦਿਵਾਇਆ ਹੈ। ਹਾਕੀ ਖੇਡ ਦੇ ਇਸ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਹਾਕੀ ਵਿੱਚ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।

ਉਨ੍ਹਾਂ ਕਿਹਾ ਕਿ ਇਹ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਹਰ ਖਿਡਾਰੀ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ। ਮੀਤ ਹੇਅਰ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾ ਲੰਪਰ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ।

ਪਾਕਿਸਤਾਨ ਖ਼ਿਲਾਫ਼ 2-1 ਨਾਲ ਜਿੱਤ ਹਾਸਲ ਕੀਤੀ:- ਜ਼ਿਕਰਯੋਗ ਹੈ ਕਿ ਸਾਲਾਹ ਵਿਖੇ ਖੇਡੇ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਗਰੁੱਪ ਸਟੇਜ ਵਿੱਚ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਪਹਿਲੇ ਸਥਾਨ ਉਤੇ ਰਹੀ। ਸੈਮੀ ਫ਼ਾਈਨਲ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ 2-1 ਦੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਅੰਗਦ ਸਿੰਘ ਨੇ 13ਵੇਂ ਤੇ ਅਰਾਏਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਟੂਰਨਾਮੈਂਟ ਵਿੱਚ ਅਰਾਏਜੀਤ ਸਿੰਘ ਹੁੰਦਲ 8 ਗੋਲਾਂ ਨਾਲ ਸੈਕੰਡ ਟਾਪ ਸਕੋਰਰ ਰਿਹਾ। ਭਾਰਤ ਦਾ ਗੋਲ ਕੀਪਰ ਐਚ.ਐਸ.ਮੋਹਿਤ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ।


ਭਾਰਤ ਨੇ ਚੌਥੀ ਵਾਰ ਜਿੱਤਿਆ ਇਹ ਖਿਤਾਬ :- ਭਾਰਤ ਨੇ 2004, 2005 ਅਤੇ 2015 ਤੋਂ ਬਾਅਦ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ ਜਦਕਿ ਪਾਕਿਸਤਾਨ 1987, 1992 ਅਤੇ 1996 ਵਿੱਚ ਚੈਂਪੀਅਨ ਰਹਿ ਚੁੱਕਾ ਹੈ। ਦੋਵੇਂ ਟੀਮਾਂ ਇਸ ਤੋਂ ਪਹਿਲਾਂ ਤਿੰਨ ਵਾਰ ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਪਾਕਿਸਤਾਨ ਨੇ 1996 ਵਿਚ ਜਿੱਤ ਦਰਜ ਕੀਤੀ ਸੀ ਜਦਕਿ ਭਾਰਤ 2004 ਵਿਚ ਜੇਤੂ ਰਿਹਾ ਸੀ। ਮਲੇਸ਼ੀਆ ਵਿੱਚ ਖੇਡੇ ਗਏ ਪਿਛਲੇ ਟੂਰਨਾਮੈਂਟ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। (Press Note)

ETV Bharat Logo

Copyright © 2024 Ushodaya Enterprises Pvt. Ltd., All Rights Reserved.