ETV Bharat / state

‘ਸਰਕਾਰ ਆਧੁਨਿਕ ਦੇ ਨਾਲ ਵਿਰਾਸਤੀ ਤੇ ਰਵਾਇਤੀ ਖੇਡਾਂ ਨੂੰ ਵੀ ਪ੍ਰਫੁੱਲਿਤ ਕਰਨ ਲਈ ਵਚਨਬੱਧ’

author img

By

Published : Jun 14, 2023, 10:15 AM IST

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ 8ਵੀਂ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਧੁਨਿਕ ਦੇ ਨਾਲ ਵਿਰਾਸਤੀ ਤੇ ਰਵਾਇਤੀ ਖੇਡਾਂ ਨੂੰ ਵੀ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।

Govt committed to promote heritage and traditional sports along with modern ones: Meet Hare
Govt committed to promote heritage and traditional sports along with modern ones: Meet Hare

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਜਿੱਥੇ ਨਵੀਂ ਵਿਆਪਕ ਤੇ ਕਾਰਗਾਰ ਖੇਡ ਨੀਤੀ ਬਣਾ ਰਹੀ ਹੈ ਉੱਥੇ ਆਧੁਨਿਕ ਦੇ ਨਾਲ ਵਿਰਾਸਤੀ ਤੇ ਰਵਾਇਤੀ ਖੇਡਾਂ ਨੂੰ ਵੀ ਪ੍ਰਫੁੱਲਿਤ ਕਰ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ 8ਵੀਂ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਵਿੱਚ ਕਹੀ। ਉਨ੍ਹਾਂ ਇਸ ਮੌਕੇ ਮੁਕਾਬਲਿਆਂ ਦਾ ਆਗਾਜ਼ ਵੀ ਕਰਵਾਇਆ।


ਖੇਡ ਮੰਤਰੀ ਨੇ ਕਿਹਾ ਕਿ ਗੱਤਕਾ ਸਾਨੂੰ ਗੁਰੂ ਸਾਹਿਬਾਨ ਵੱਲੋਂ ਵਿਰਸੇ ਵਿੱਚ ਮਿਲੀ ਮਾਰਸ਼ਲ ਆਰਟ ਖੇਡ ਹੈ ਜਿਸ ਨੂੰ ਹੁਣ ਕੌਮੀ ਖੇਡਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਗੱਤਕਾ ਖੇਡ ਵਜੋਂ ਹੋਰ ਵੀ ਬੁਲੰਦੀਆਂ ਛੂਹੇਗੀ। ਬੀਤੇ ਸਮੇਂ ਵਿੱਚ ਖੇਲੋ ਇੰਡੀਆ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਗੱਤਕਾ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਅਤੇ ਪੰਜਾਬ ਦੀ ਓਵਰ ਆਲ ਤਮਗਾ ਸੂਚੀ ਵਿੱਚ ਵੱਡਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਇਸ ਮਾਰਸ਼ਲ ਆਰਟ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ।


ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੁੜ ਨੰਬਰ ਇਕ ਸੂਬਾ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉਤੇ ਕਾਰਗਾਰ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਜਿਹੜੀ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ। ਖਿਡਾਰੀਆਂ ਨੂੰ ਤਿਆਰੀ ਲਈ ਕੋਚਾਂ ਦਾ ਪ੍ਰਬੰਧ ਕਰਨਾ, ਡਾਈਟ ਰਾਸ਼ੀ ਵਧਾਉਣੀ, ਖਿਡਾਰੀਆਂ ਲਈ ਨਗਦ ਇਨਾਮ ਤੋਂ ਇਲਾਵਾ ਨੌਕਰੀ ਦੇਣਾ, ਕੋਚਾਂ ਨੂੰ ਐਵਾਰਡ ਦੇਣਾ ਆਦਿ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ।



ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੇਡਾਂ ਵਿੱਚ ਅਮੀਰ ਵਿਰਾਸਤ ਰਹੀ ਹੈ ਅਤੇ ਪੰਜਾਬ ਨੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਦੇ ਅੱਜ ਤੱਕ ਰਿਕਾਰਡ ਨਹੀਂ ਟੁੱਟੇ। ਪੰਜਾਬ ਵਿੱਚ ਹੁਨਰ ਦੀ ਘਾਟ ਨਹੀਂ ਬੱਸ ਸਿਰਫ ਲੋੜ ਹੈ ਇਸ ਹੁਨਰ ਨੂੰ ਤਲਾਸ਼ ਕੇ ਤਰਾਸ਼ਣ ਦੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਦੇ ਨਾਲ-ਨਾਲ ਨੌਜਵਾਨੀ ਨੂੰ ਖੇਡ ਮੈਦਾਨਾਂ ਵੱਲ ਲਿਜਾਣ ਲਈ ਉਪਰਾਲੇ ਕਰ ਰਹੀ ਹੈ।


ਇਸ ਤੋਂ ਪਹਿਲਾਂ ਖੇਡ ਮੰਤਰੀ ਦਾ ਸਵਾਗਤ ਕਰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 3 ਦਿਨ ਚੱਲਣ ਵਾਲੀ 8ਵੀ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਦੇ ਅੰਡਰ 14, 17, 19, 22, 25 ਅਤੇ ਅੰਡਰ 28 ਵਰਗ ਵਿੱਚ ਕਰੀਬ 800 ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਵੀਰ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਜੁਗਨੀ ਵੀ ਹਾਜ਼ਰ ਸਨ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.