ETV Bharat / state

ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਸੀਰਤ ਨੂੰ ਦਿੱਤਾ ਭਰੋਸਾ, ਕਿਹਾ- ਪਿਤਾ ਭਗਵੰਤ ਮਾਨ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰਹੇ ਅਸਫਲ ਤਾਂ ਉਹ ਨਿਭਾਉਣਗੇ ਜ਼ਿੰਮੇਵਾਰੀਆਂ

author img

By ETV Bharat Punjabi Team

Published : Dec 9, 2023, 7:09 PM IST

Updated : Dec 9, 2023, 8:26 PM IST

Bikram Majithia
Bikram Majithia

CM Mann Daughter Allegation: ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਸੀਰਤ ਨੂੰ ਭਰੋਸਾ ਦੁਆਇਆ ਕਿ ਜੇਕਰ ਉਹਨਾਂ ਦੇ ਪਿਤਾ ਭਗਵੰਤ ਮਾਨ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੇ ਤਾਂ ਉਹ ਜ਼ਿੰਮੇਵਾਰੀਆਂ ਨਿਭਾਉਣਗੇ। ਦੱਸ ਦਈਏ ਕਿ ਮੁੱਖ ਮੰਤਰੀ ਦੀ ਸਾਬਕਾ ਪਤਨੀ ਤੇ ਧੀ ਦੀ ਸੋਸ਼ਲ ਮੀਡੀਆ ਪੋਸਟ ਜਨਤਕ ਕਰ ਭਗਵੰਤ ਮਾਨ ’ਤੇ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਣ ਦਾ ਇਲਜ਼ਾਮ ਲਗਾਇਆ ਹੈ।

ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਸੀਰਤ ਨੂੰ ਦਿੱਤਾ ਭਰੋਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਕੌਰ ਦੇ ਨਾਲ-ਨਾਲ ਉਹਨਾਂ ਦੇ ਮਾਤਾ ਪ੍ਰੀਤ ਗਰੇਵਾਲ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੇ ਦੋ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ਤਾਂ ਉਹ ਉਹਨਾਂ ਦੀ ਥਾਂ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਦਿਖਾਈ ਪੋਸਟ: ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਮੁੱਖ ਮੰਤਰੀ ਦੀ ਸਾਬਕਾ ਪਤਨੀ ਇੰਦਰਪ੍ਰੀਤ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਵਿਖਾਈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਭਗਵੰਤ ਮਾਨ ਆਪਣੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ਹਨ। ਇਸ ਪੋਸਟ ਵਿਚ ਇੰਦਰਪ੍ਰੀਤ ਨੇ ਕਿਹਾ ਕਿ ਉਹ ਹਮੇਸ਼ਾ ਰਾਜਨੀਤੀ ਤੋਂ ਦੂਰ ਰਹੇ ਹਨ ਪਰ ਹੁਣ ਮੁੱਖ ਮੰਤਰੀ ਦੇ ਖਿਲਾਫ ਇਸ ਕਰ ਕੇ ਬੋਲ ਰਹੇ ਹਨ ਕਿਉਂਕਿ ਚੁੱਪ ਰਹਿਣਾ ਉਹਨਾਂ ਦੀ ਕਮਜ਼ੋਰੀ ਸਮਝਿਆ ਜਾਵੇਗਾ। ਇੰਦਰਪ੍ਰੀਤ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਪੰਜਾਬ ਖ਼ਾਤਰਾ ਆਪਣਾ ਪਰਿਵਾਰ ਛੱਡਣ ਦਾ ਡਰਾਮਾ ਕੀਤਾ ਤੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਨਵਾਂ ਪਰਿਵਾਰ ਨਾ ਬਣਾਉਂਦੇ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਹਨਾਂ ਦਾ ਕੰਮ ਬੋਲਦਾ ਪਰ ਜੇਕਰ ਕੰਮ ਬੋਲਦਾ ਹੁੰਦਾ ਤਾਂ ਉਹਨਾਂ ਨੂੰ ਇੰਨੇ ਪੋਸਟਰ ਲਾਉਣ ਦੀ ਜ਼ਰੂਰਤ ਨਾ ਪੈਂਦੀ।

ਅਕਾਲੀ ਆਗੂ ਨੇ ਮੁੱਖ ਮੰਤਰੀ ਦੀ ਬੇਟੀ ਦੀ ਉਹ ਵੀਡੀਓ ਵੀ ਚਲਾ ਕੇ ਵਿਖਾਈ ਜਿਸ ਵਿਚ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਪਹਿਲਾਂ ਉਹਨਾਂ ਦੇ ਭਰਾ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਅੱਧੀ ਰਾਤ ਨੂੰ ਬਾਹਰ ਕੱਢ ਦਿੱਤਾ ਗਿਆ। ਵੀਡੀਓ ਵਿਚ ਬੇਟੀ ਨੇ ਆਪਣੇ ਪਿਤਾ ’ਤੇ ਦੋਸ਼ ਲਗਾਇਆ ਕਿ ਉਹ ਸ਼ਰਾਬ ਪੀ ਕੇ ਉਹਨਾਂ ਦੀ ਮਾਤਾ ਨਾਲ ਕੁੱਟਮਾਰ ਕਰਦੇ ਸਨ ਤੇ ਉਹਨਾਂ ਦਾ ਭਾਵੁਕ ਸੋਸ਼ਣ ਕਰਦੇ ਸਨ। ਸੀਰਤ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਦਾ ਉਹੀ ਵਤੀਰਾ ਹਾਲੇ ਵੀ ਜਾਰੀ ਹੈ ਤੇ ਨਾਲ ਹੀ ਕਿਹਾ ਕਿ ਉਹ ਸ਼ਰਾਬ ਪੀ ਕੇ ਧਾਰਮਿਕ ਥਾਵਾਂ ’ਤੇ ਜਾਂਦੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਉਹ ਪੰਜਾਬ ਦੀ ਜ਼ਿੰਮੇਵਾਰੀ ਕੀ ਚੁੱਕੇਗਾ ?

ਸੀਐੱਮ ਮਾਨ ਆਪਣੀਆਂ ਗਲਤੀਆਂ ਸੁਧਾਰਣ: ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਵੱਲੋਂ ਜ਼ਿੰਮੇਵਾਰੀ ਚੁੱਕਣ ਤੋਂ ਭੱਜਣ ’ਤੇ ਇਕ ਧੀ ਵਜੋਂ ਸੀਰਤ ਦੀ ਸਾਰੀ ਜ਼ਿੰਮੇਵਾਰੀ ਚੁੱਕਣ ਦੀ ਪੇਸ਼ਕਸ਼ ਵੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਵੀ ਧੀ ਦੇ ਮੂੰਹੋਂ ਇਸ ਤਰੀਕੇ ਪਿਤਾ ਬਾਰੇ ਨਹੀਂ ਸੁਣਿਆ। ਉਹਨਾਂ ਕਿਹਾ ਕਿ ਪੰਜਾਬੀ ਉਸ ਵਿਅਕਤੀ ਤੋਂ ਕਿਸੇ ਚੰਗੇ ਦੀ ਆਸ ਨਹੀਂ ਕਰ ਸਕਦੇ ਜਿਸਨੇ ਆਪਣੀ ਵਾਸਤੇ ਕੁਝ ਵੀ ਚੰਗਾ ਨਾ ਕੀਤਾ ਹੋਵੇ। ਉਹਨਾਂ ਭਗਵੰਤ ਮਾਨ ਨੂੰ ਆਖਿਆ ਕਿ ਉਹ ਹਾਲੇ ਵੀ ਸਮਾਂ ਸੰਭਾਲ ਲੈਣ ਤੇ ਆਪਣੀਆਂ ਗਲਤੀਆਂ ਸੁਧਾਰਦਿਆਂ ਪਿਓ ਵਜੋਂ ਜ਼ਿੰਮੇਵਾਰੀਆਂ ਨਿਭਾਉਣ।

ਮੁੱਖ ਮੰਤਰੀ ਮਾਨ ਝੂਠ ਬੋਲਣਾ ਕਰਨ ਬੰਦ: ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਝੂਠ ਬੋਲਣਾ ਤੇ ਝੂਠੇ ਦੋਸ਼ ਲਾਉਣਾ ਬੰਦ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਦਾਦਾ ਜੀ ਸਰਦਾ ਸੁਰਜੀਤ ਸਿੰਘ ਮਜੀਠੀਆ ਨੂੰ ਅਰਬ ਦੇਸ਼ ਤੋਂ ਮਿਲੇ ਅਰਬੀ ਘੋੜਿਆਂ ਦੇ ਹੇਰ ਫੇਰ ਕਾਰਨ ਅਸਤੀਫਾ ਦੇਣ ਲਈ ਕਿਹਾ ਗਿਆ ਤੇ ਫਿਰ ਉਹਨਾਂ ਨੂੰ ਨੇਪਾਲ ਦਾ ਰਾਜਦੂਤ ਨਿਯੁਕਤ ਕਰ ਦਿੱਤਾ ਗਿਆ।

ਅਸੀਂ ਪਰਿਵਾਰ ਦਾ ਦੇਵਾਂਗੇ ਸਾਥ: ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਉਹਨਾਂ ਦੇ ਦਾਦਾ ਜੀ ਨੂੰ 1947 ਵਿਚ ਨੇਪਾਲ ਦਾ ਰਾਜੂਤ ਨਿਯੁਕਤ ਕੀਤਾ ਗਿਆ ਸੀ ਤੇ ਉਹ ਦੋ ਸਾਲ ਰਾਜੂਤ ਰਹੇ ਤੇ ਫਿਰ 1952 ਵਿਚ ਚੋਣਾਂ ਹੋਈਆਂ ਜਿਸ ਮਗਰੋਂ ਉਹ ਕੇਂਦਰੀ ਵਜ਼ਾਰਤ ਦਾ ਹਿੱਸਾ ਬਣੇ। ਮਜੀਠੀਆ ਨੇ ਕਿਹਾ ਕਿ ਰੱਬ ਉਹਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਸੱਚ ’ਤੇ ਡੱਟ ਕੇ ਪਹਿਰਾ ਦਿਆਂਗਾ ਤੇ ਸੱਚ ਹੀ ਬੋਲਾਂਗਾ ਭਾਵੇਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿੰਨੇ ਮਰਜ਼ੀ ਝੂਠੇ ਕੇਸਾਂ ਵਿਚ ਫਸਾਇਆ ਜਾਵੇ ਜਿਵੇਂ ਕਿ ਪਹਿਲਾਂ ਕੀਤਾ ਗਿਆ। (ਪ੍ਰੈੱਸ ਨੋਟ)

Last Updated :Dec 9, 2023, 8:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.