ETV Bharat / state

ਮਸਜਿਦ, ਗੁਰਦੁਆਰਾ ਸਾਹਿਬ ਢਾਹੇ ਜਾਣ ਦੀ ਟਿੱਪਣੀ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਭਾਜਪਾ ਲੀਡਰ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

author img

By ETV Bharat Punjabi Team

Published : Nov 4, 2023, 10:46 PM IST

Rajasthan BJP leader
Rajasthan BJP leader

ਪਿਛਲੇ ਦਿਨੀਂ ਰਾਜਸਥਾਨ 'ਚ ਰੈਲੀ ਦੌਰਾਨ ਭਾਜਪਾ ਆਗੂ ਸੰਦੀਪ ਦਾਮਿਆ ਵੱਲੋਂ ਮਸਜਿਦਾਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਲੈਕੇ ਦਿੱਤੇ ਵਿਵਾਦਤ ਬਿਆਨ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਬੇਬੁਨਿਆਦ ਗੱਲ ਕਰਦੇ ਹਨ ਅਤੇ ਭੱਦੀ ਬਿਆਨਬਾਜ਼ੀ ਕਰਦੇ ਹਨ, ਉਨ੍ਹਾਂ ਦੀ ਭਾਜਪਾ ਵਰਗੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। Captain Against BJP Leader Statement.

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਸਥਾਨ ਦੇ ਇੱਕ ਆਗੂ ਸੰਦੀਪ ਦਾਮਿਆ ਵੱਲੋਂ ਦੇਸ਼ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਬਾਰੇ ਨਫ਼ਰਤ ਭਰੀ ਟਿੱਪਣੀ ਕਰਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਅਜਿਹੇ ਆਗੂ ਦੀ ਭਾਜਪਾ 'ਚ ਨਹੀਂ ਹੋਣੀ ਚਾਹੀਦੀ ਕੋਈ ਥਾਂ: ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਮਿਆ ਵਰਗੇ ਲੋਕਾਂ, ਜੋ ਬੇਬੁਨਿਆਦ ਗੱਲ ਕਰਦੇ ਹਨ ਅਤੇ ਭੱਦੀ ਬਿਆਨਬਾਜ਼ੀ ਕਰਦੇ ਹਨ, ਉਨ੍ਹਾਂ ਦੀ ਭਾਜਪਾ ਵਰਗੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਕਤ ਆਗੂ ਵੱਲੋਂ ਸਿਰਫ਼ ਮੰਗੀ ਮੁਆਫ਼ੀ ਨਾਲ ਕੁਝ ਵੀ ਸਹੀ ਨਹੀਂ ਹੋ ਜਾਂਦਾ ਕਿਉਂਕਿ ਉਸਦੇ ਬਿਆਨ ਨੇ ਪਹਿਲਾਂ ਹੀ ਚੰਗੀ ਸੋਚ ਰੱਖਣ ਵਾਲੇ ਸਾਡੇ ਲੋਕਾਂ ਨੂੰ ਭਾਰੀ ਠੇਸ ਪਹੁੰਚਾਇਆ ਹੈ।

ਨਫ਼ਰਤ ਭਰੇ ਭਾਸ਼ਣਾਂ ਲਈ ਮੁਆਫ਼ੀ ਕੋਈ ਹੱਲ ਨਹੀਂ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾ ਸਿਰਫ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਜਾਣਾ ਚਾਹੀਦਾ ਹੈ, ਸਗੋਂ ਉਸ 'ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਭੜਕਾਊ ਨਫ਼ਰਤ ਭਰੇ ਭਾਸ਼ਣਾਂ ਤੋਂ ਬਾਅਦ ਸਿਰਫ਼ ਮੁਆਫ਼ੀ ਮੰਗ ਕੇ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਭਾਜਪਾ ਰੈਲੀ ਦੌਰਾਨ ਬੋਲੇ ਸੀ ਨਿੰਦਣਯੋਗ ਸ਼ਬਦ: ਕਾਬਿਲੇਗੌਰ ਹੈ ਕਿ ਪਿਛੇ ਦਿਨੀਂ ਰਾਜਸਥਾਨ 'ਚ ਭਾਜਪਾ ਦੀ ਰੈਲੀ ਦੌਰਾਨ ਭਾਜਪਾ ਆਗੂ ਵਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਹਾਜ਼ਰੀ 'ਚ ਮਸਜਿਦਾਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਲੈਕੇ ਇਹ ਵਿਵਾਦਤ ਬਿਆਨ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਜਿਸ ਤੋਂ ਬਾਅਦ ਭਾਜਪਾ ਆਗੂ ਵਲੋਂ ਮੁਆਫ਼ੀ ਮੰਗ ਕੇ ਕਿਹਾ ਗਿਆ ਸੀ ਕਿ ਉਸ ਵਲੋਂ ਗਲਤੀ ਨਾਲ ਮੂੰਹੋਂ ਗੁਰਦੁਆਰੇ ਸ਼ਬਦ ਬੋਲਿਆ ਗਿਆ, ਜਦੋਂਕਿ ਉਹ ਮਦਰੱਸੇ ਸ਼ਬਦ ਬੋਲਣਾ ਚਾਹੁੰਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.