ETV Bharat / state

ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨੌਜਵਾਨਾਂ ਦਾ ਵੱਖਰਾ ਉਪਰਾਲਾ, ਮੁਫ਼ਤ ਵੰਡ ਰਹੇ ਪੰਜ ਲੱਖ ਫੁੱਲਾਂ ਦੀ ਪਨੀਰੀ

author img

By ETV Bharat Punjabi Team

Published : Dec 8, 2023, 10:57 AM IST

ਨੌਜਵਾਨਾਂ ਦਾ ਵੱਖਰਾ ਉਪਰਾਲਾ
ਨੌਜਵਾਨਾਂ ਦਾ ਵੱਖਰਾ ਉਪਰਾਲਾ

Free Flowers Plant Distribution campaign: ਬਠਿੰਡਾ ਦੇ ਨੌਜਵਾਨਾਂ ਵਲੋਂ ਇੱਕ ਵਿਲੱਖਣ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ 25 ਤੋਂ 30 ਕਿਸਮਾਂ ਦੇ ਪੰਜ ਲੱਖ ਫੁੱਲਾਂ ਦੀ ਪਨੀਰੀ ਤਿਆਰ ਕਰਕੇ ਲੋਕਾਂ ਨੂੰ ਮੁਫ਼ਤ ਵੰਡੀ ਜਾ ਰਹੀ ਹੈ, ਤਾਂ ਜੋ ਦਿਨ ਪਰ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਕੁਝ ਸਾਫ਼ ਕਰਨ 'ਚ ਯੋਗਦਾਨ ਪਾਇਆ ਜਾ ਸਕੇ।

ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨੌਜਵਾਨਾਂ ਦਾ ਵੱਖਰਾ ਉਪਰਾਲਾ

ਬਠਿੰਡਾ: ਪੰਜਾਬ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਬਠਿੰਡਾ ਦੇ ਨੌਜਵਾਨਾਂ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਇਹਨਾਂ ਨੌਜਵਾਨਾਂ ਵੱਲੋਂ ਪੰਜ ਲੱਖ ਫੁੱਲਾਂ ਦੇ ਪੌਦਿਆਂ ਦੀ ਪਨੀਰੀ ਤਿਆਰ ਕੀਤੀ ਹੈ। ਜਿਸ 'ਚ 25 ਤੋਂ 30 ਤਰ੍ਹਾਂ ਦੇ ਫੁੱਲਾਂ ਦੇ ਪੌਦਿਆਂ ਨੂੰ ਇਹਨਾਂ ਨੌਜਵਾਨਾਂ ਵੱਲੋਂ ਆਮ ਲੋਕਾਂ ਨੂੰ ਮੁਫਤ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਆਮ ਲੋਕਾਂ ਨੂੰ ਫੁੱਲਾਂ ਦੇ ਪੌਦੇ ਲਾਉਣ ਦੀ ਆਪਣੀ ਮੁਹਿੰਮ 'ਚ ਜੋੜਿਆ ਜਾ ਸਕੇ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।

ਨੌਜਵਾਨਾਂ ਵਲੋਂ ਲਾਏ ਜਾ ਰਹੇ ਫੁੱਲਾਂ ਦੇ ਪੌਦੇ: ਇਸ ਮੌਕੇ ਸਲੀਲ ਬਾਂਸਲ ਨਾਮ ਦੇ ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਵੱਲੋਂ 30 ਨੌਜਵਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ, ਜੋ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਨ। ਨੌਜਵਾਨ ਨੇ ਦੱਸਿਆ ਕਿ ਬੂਟੇ ਲਾਉਣ ਪ੍ਰਤੀ ਲੋਕਾਂ ਦਾ ਰੁਝਾਨ ਵਧਾਉਣ ਲਈ ਉਹਨਾਂ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲ ਕਦਮੀ ਵਿੱਚ ਲੋਕਾਂ ਵੱਲੋਂ ਆਪ ਹੀ ਸਹਿਯੋਗ ਵੱਡੀ ਗਿਣਤੀ ਵਿੱਚ ਦਿੱਤਾ ਜਾ ਰਿਹਾ ਹੈ।

ਮੁਫ਼ਤ ਵਿੱਚ ਪਨੀਰੀ ਉਪਲਬਧ: ਨੌਜਵਾਨ ਸਲੀਲ ਬਾਂਸਲ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਝ ਲੋਕਾਂ ਵੱਲੋਂ ਉਨਾਂ ਨੂੰ ਮੁਫ਼ਤ ਵਿੱਚ ਜ਼ਮੀਨ ਉਪਲਬਧ ਕਰਵਾਈ ਗਈ ਹੈ, ਜਿੱਥੇ ਉਹਨਾਂ ਵੱਲੋਂ ਫੁੱਲਾਂ ਦੇ ਪੌਦਿਆਂ ਦੀ ਪਨੀਰੀ ਲਗਵਾਈ ਜਾ ਰਹੀ ਹੈ ਅਤੇ ਕੁਝ ਲੋਕਾਂ ਵੱਲੋਂ ਇਹਨਾਂ ਪੌਦਿਆਂ ਲਈ ਮੁਫ਼ਤ ਵਿੱਚ ਖਾਦ ਉਪਲਬਧ ਕਰਾਈ ਜਾ ਰਹੀ ਹੈ। ਉਹਨਾਂ ਦੀ ਟੀਮ ਵੱਲੋਂ ਸਮੇਂ-ਸਮੇਂ ਸਿਰ ਇੰਨ੍ਹਾਂ ਬੂਟਿਆਂ ਦੇ ਬੀਜਾਂ ਦਾ ਜਿੱਥੇ ਪ੍ਰਬੰਧ ਕੀਤਾ ਜਾਂਦਾ ਹੈ, ਉੱਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਫੁੱਲਾਂ ਦੇ ਪੌਦੇ ਲਗਾਉਣ ਵਾਲ ਜੋੜਨ ਲਈ ਮੁਫ਼ਤ ਵਿੱਚ ਪਨੀਰੀ ਉਪਲਬਧ ਕਰਵਾਈ ਜਾ ਰਹੀ ਹੈ।

ਪਨੀਰੀ ਵੰਡਣ ਸਮੇਂ ਸਾਰੀ ਜਾਣਕਾਰੀ: ਇਸ ਦੇ ਨਾਲ ਹੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਜਿੱਥੇ ਮੁਫ਼ਤ ਪਨੀਰੀ ਉਪਲਬਧ ਕਰਾਈ ਜਾ ਰਹੀ ਹੈ, ਉੱਥੇ ਹੀ ਉਨਾਂ ਵੱਲੋਂ ਪਨੀਰੀ ਦੇਣ ਸਮੇਂ ਆਮ ਲੋਕਾਂ ਨੂੰ ਇਹਨਾਂ ਦੀ ਦੇਖਭਾਲ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਉਹਨਾਂ ਕੋਲ ਪੌਦਿਆਂ ਦੀ ਪਨੀਰੀ ਲੈਣ ਆਉਂਦਾ ਹੈ, ਉਸ ਤੋਂ ਪਹਿਲਾਂ ਪੌਦੇ ਲਾਉਣ ਵਾਲੀ ਜਗ੍ਹਾ ਦੀ ਤਿਆਰੀ ਸਬੰਧੀ ਤਸਵੀਰਾਂ ਮੰਗਵਾਈਆਂ ਜਾਂਦੀਆਂ ਹਨ, ਫਿਰ ਪੌਦੇ ਲਗਾਉਣ ਉਪਰੰਤ ਉਸ ਤੋਂ ਸਮੇਂ-ਸਮੇਂ ਸਿਰ ਜਾਣਕਾਰੀ ਲਈ ਜਾਂਦੀ ਹੈ ਤਾਂ ਜੋ ਬੂਟਿਆਂ ਦੀ ਸਹੀ ਦੇਖਭਾਲ ਹੋ ਸਕੇ।


ਸਲੀਲ ਬਾਂਸਲ, ਸਮਾਜ ਸੇਵੀ
ਸਲੀਲ ਬਾਂਸਲ, ਸਮਾਜ ਸੇਵੀ

ਬਠਿੰਡਾ 'ਚ ਅਸੀਂ ਹਰ ਸਾਲ ਫੁੱਲਾਂ ਦਾ ਮੇਲਾ ਲਗਾਉਂਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ ਕਿਉਂਕਿ ਪਿਛਲੇ ਦਿਨਾਂ 'ਚ ਇਹ ਦੇਖਣ ਨੂੰ ਮਿਲਿਆ ਕਿ ਬਠਿੰਡਾ ਦਾ AQI 400 ਦੇ ਕਰੀਬ ਸੀ। ਜਿਸ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਸੀ। ਇਸ ਲਈ ਪੰਜ ਲੱਖ ਦੇ ਕਰੀਬ ਫੁੱਲਾਂ ਦੀ ਪਨੀਰੀ ਤਿਆਰ ਕੀਤੀ ਗਈ, ਜੋ ਸ਼ਹਿਰ ਵਾਸੀਆਂ ਨੂੰ ਮੁਫ਼ਤ ਵੰਡੀ ਜਾਣੀ ਹੈ।-ਸਲੀਲ ਬਾਂਸਲ, ਸਮਾਜ ਸੇਵੀ

ਤਿੰਨ ਟੀਮਾਂ ਬਣਾ ਕੇ ਕੀਤਾ ਜਾ ਰਿਹਾ ਕੰਮ: ਨੌਜਵਾਨ ਨੇ ਦੱਸਿਆ ਕਿ ਇਸ ਸਮੇਂ ਉਨਾਂ ਵੱਲੋਂ ਸ਼ਹਿਰ ਦੀ ਸਭ ਤੋਂ ਵੱਡੀ ਮੈਡੀਕਲ ਸੰਸਥਾ ਏਮਜ ਵਿੱਚ 15 ਹਜ਼ਾਰ ਪੌਦਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ 'ਚ ਦੋ ਤੋਂ ਤਿੰਨ ਹਜ਼ਾਰ ਦੇ ਕਰੀਬ ਪੌਦੇ ਉਹਨਾਂ ਵੱਲੋਂ ਲਗਾਏ ਜਾ ਚੁੱਕੇ ਹਨ, ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਲਗਾਤਾਰ ਪੌਦੇ ਲਗਾਏ ਜਾ ਰਹੇ ਹਨ। ਨੌਜਵਾਨ ਨੇ ਕਿਹਾ ਕਿ ਉਹਨਾਂ ਦਾ ਇੱਕੋ ਹੀ ਟੀਚਾ ਹੈ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਵਾਈ ਜਾ ਸਕੇ। ਇਨ੍ਹਾਂ ਪੌਦਿਆਂ ਦੇ ਰੱਖ ਰਖਾਅ ਅਤੇ ਦੇਖਭਾਲ ਲਈ ਬਕਾਇਦਾ ਉਹਨਾਂ ਦੀ ਟੀਮ ਵੱਲੋਂ ਸਮੇਂ-ਸਮੇਂ ਸਿਰ ਨਿਰੀਖਣ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਟੀਮ ਮੈਂਬਰਾਂ ਵੱਲੋਂ ਸ਼ਿਫਟਾਂ ਵਿੱਚ ਕੰਮ ਕੀਤਾ ਜਾਂਦਾ ਹੈ। ਇੱਕ ਟੀਮ ਵੱਲੋਂ ਪਨੀਰੀ ਦੀ ਦੇਖਭਾਲ ਕੀਤੀ ਜਾਂਦੀ ਹੈ, ਤਾਂ ਦੂਸਰੀ ਟੀਮ ਵੱਲੋਂ ਪਨੀਰੀ ਨੂੰ ਪੱਟ ਕੇ ਵੱਖ-ਵੱਖ ਥਾਵਾਂ 'ਤੇ ਮੁਫਤ ਵਿੱਚ ਵੰਡਿਆ ਜਾਂਦਾ ਹੈ। ਤੀਸਰੀ ਟੀਮ ਵੱਲੋਂ ਲਗਾਈ ਗਈ ਪਨੀਰੀ ਦੀ ਦੇਖਭਾਲ ਸਬੰਧੀ ਸਮੇਂ-ਸਮੇਂ ਸਿਰ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।

ਵਾਤਾਵਰਣ ਦੀ ਸੰਭਾਲ ਲਈ ਕੀਤੀ ਇਹ ਪਹਿਲਕਦਮੀ: ਉਹਨਾਂ ਵੱਲੋਂ ਇਹ ਪਨੀਰੀ ਉਨਾਂ ਲੋਕਾਂ ਨੂੰ ਹੀ ਉਪਲਬਧ ਕਰਵਾਈ ਜਾ ਰਹੀ ਹੈ, ਜਿੰਨਾਂ ਪਾਸ ਪੌਦੇ ਲਗਾਉਣ ਦੀ ਜਗ੍ਹਾ ਅਤੇ ਦੇਖਭਾਲ ਲਈ ਸਮਾਂ ਹੈ। ਲੋਕਾਂ ਦਾ ਵੱਡੀ ਪੱਧਰ 'ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਵੱਲੋਂ ਹਰ ਰੋਜ਼ ਦੋ ਤੋਂ ਤਿੰਨ ਹਜ਼ਾਰ ਪੌਦਾ ਮੁਫਤ ਵਿੱਚ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜਨ ਤਾਂ ਜੋ ਅਸੀਂ ਵਾਤਾਵਰਣ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਸਕੀਏ ਅਤੇ ਆਉਣ ਵਾਲੀ ਪੀੜੀ ਨੂੰ ਸਾਫ ਸੁਥਰਾ ਵਾਤਾਵਰਨ ਉਪਲਬਧ ਕਰਾ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.