ETV Bharat / state

ਟ੍ਰੇਨਿੰਗ 'ਤੇ ਸਿੰਘਾਪੁਰ ਗਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਬੈਚ ਦੇ ਖ਼ਰਚੇ ਬਾਰੇ ਵੱਡਾ ਖੁਲਾਸਾ! ਪੜ੍ਹੋ ਖਾਸ ਰਿਪੋਰਟ...

author img

By

Published : Jul 26, 2023, 8:12 PM IST

Updated : Jul 28, 2023, 6:12 PM IST

ਸੂਬਾ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਿਆ ਜਾਂਦਾ ਹੈ ਤਾਂ ਜੋ ਉੱਥੋਂ ਸਿਖਲਾਈ ਲੈ ਕੇ ਇੰਨ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ ਅਤੇ ਬੱਚਿਆ ਦਾ ਭਵਿੱਖ ਵਧੀਆ ਬਣੇ। ਸਿੰਘਾਪੁਰ ਗਏ ਪਹਿਲੇ ਬੈਚ 'ਚ ਪਿੰਡ ਬੀੜ ਤਲਾਬ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਮੀਨਾ ਭਾਰਤੀ ਵੀ ਸ਼ਮਿਲ ਸਨ। ਜਿੰਨ੍ਹਾਂ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ, ਆਓ ਸੁਣਦੇ ਹਾਂ ਉਨ੍ਹਾ ਦੇ ਵਿਚਾਰ...

ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ 'ਚ ਟ੍ਰੇਨਿੰਗ ਕਰਵਾਉਣ ਲਈ 1ਕਰੋੜ 85ਲੱਖ 40ਹਜ਼ਾਰ 182 ਰੁਪਏ ਖ਼ਰਚੇ
ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ 'ਚ ਟ੍ਰੇਨਿੰਗ ਕਰਵਾਉਣ ਲਈ 1ਕਰੋੜ 85ਲੱਖ 40ਹਜ਼ਾਰ 182 ਰੁਪਏ ਖ਼ਰਚੇ

ਟ੍ਰੇਨਿੰਗ 'ਤੇ ਸਿੰਘਾਪੁਰ ਗਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਬੈਚ ਦੇ ਖ਼ਰਚੇ ਬਾਰੇ ਵੱਡਾ ਖੁਲਾਸਾ! ਪੜ੍ਹੋ ਖਾਸ ਰਿਪੋਰਟ...

ਬਠਿੰਡਾ: ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਵੱਲੋਂ ਵੱਖਰੇ-ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਿਆ ਜਾਂਦਾ ਹੈ ਤਾਂ ਜੋ ਉੱਥੋਂ ਸਿਖਲਾਈ ਲੈ ਕੇ ਇੰਨ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ ਅਤੇ ਬੱਚਿਆ ਦਾ ਭਵਿੱਖ ਵਧੀਆ ਬਣੇ। ਸਿੰਘਾਪੁਰ ਗਏ ਪਹਿਲੇ ਬੈਚ 'ਚ ਪਿੰਡ ਬੀੜ ਤਲਾਬ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਮੀਨਾ ਭਾਰਤੀ ਵੀ ਸ਼ਮਿਲ ਸਨ। ਜਿੰਨ੍ਹਾਂ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਫਰਵਰੀ ਮਹੀਨੇ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਪੰਜ ਦਿਨਾਂ ਟ੍ਰੇਨਿੰਗ ਲਈ ਸਿੰਘਾਪੁਰ ਗਏ ਸਨ। ਉਹਨਾਂ ਆਪਣਾ ਤਜਰਬਾ ਸਾਂਝੇ ਕਰਦੇ ਹੋਏ ਕਿਹਾ ਕਿ ਵਿਦੇਸ਼ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਟ੍ਰੇਨਿੰਗ ਕਰਨ ਉਪਰੰਤ ਸਭ ਤੋਂ ਪਹਿਲਾਂ ਆਪਣੇ ਸਕੂਲ ਵਿੱਚ ਟੇਬਲ ਟੈਨਸ, ਸਕੀਟਿੰਗ, ਕੈਰਮ ਬੋਰਡ, ਯੋਗਾ, ਬੈਡਮਿੰਟਨ ਅਤੇ ਚੈਸ ਖੇਡਾਂ ਦੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਣੀ ਸ਼ੁਰੂ ਕੀਤੀ ਹੈ।

ਪੜਾਈ 'ਚ ਕਮਜ਼ੋਰ ਬੱਚਿਆ ਲਈ ਖਾਸ ਉਪਰਾਲਾ: ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਨ੍ਹਾਂ ਵੱਲੋਂ ਬੱਚਿਆਂ ਦੇ ਗਰੁੱਪ ਬਣਾਏ ਗਏ, ਜਿਸ ਵਿੱਚ ਹੁਸ਼ਿਆਰ ਬੱਚਿਆਂ ਦੇ ਨਾਲ ਨਾਲ ਕਮਜ਼ੋਰ ਬੱਚਿਆਂ ਨੂੰ ਜੋੜਿਆ ਗਿਆ ਅਤੇ ਕਮਜ਼ੋਰ ਬੱਚਿਆਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਗਈ। ਖਾਸਕਰ ਉਨ੍ਹਾਂ ਬੱਚਿਆਂ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਜੋ ਲਿਖਣ ਅਤੇ ਬੋਲਣ ਵਿੱਚ ਕਮਜ਼ੋਰ ਸਨ ਤਾਂ ਜੋ ਬੱਚਿਆਂ ਦਾ ਪੜ੍ਹਾਈ ਵਿੱਚ ਬੇਸ ਬਣ ਸਕੇ। ਇਸ ਦੇ ਨਾਲ ਹੀ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਤਿਆਰੀ ਕਰਵਾਈ ਜਾ ਰਹੀ ਹੈ। ਦਿਮਾਗ ਦੀ ਕਸਰਤ ਲਈ ਕਿਤਾਬਾਂ ਅਤੇ ਖੇਡਾਂ ਦਾ ਸਾਮਾਨ ਲਗਾਤਾਰ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੇ ਲੈਵਲ 'ਤੇ ਜਾ ਕੇ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਵੇ। ਇਸ ਦੇ ਨਾਲ ਹੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਸਕੂਲ ਟਾਈਮ ਵਿਚ ਸਿੱਖਿਆ ਦਿੱਤੀ ਜਾਵੇ ਨਾ ਕਿ ਉਨ੍ਹਾਂ ਦੇ ਘਰ ਜਾ ਕੇ ਕੰਮ ਕਰਨ ਦਾ ਦਬਾਅ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਯੋਜਨਾ ਹੈ ਕਿ ਹਰ ਸਾਲ ਇੱਕ ਨਵੀਂ ਖੇਡ ਨੂੰ ਸਕੂਲ ਵਿੱਚ ਲਿਆਂਦਾ ਜਾਵੇ, ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਕੈਰੀਅਰ ਸਬੰਧੀ ਗਾਈਡ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਦੋ ਗਰੁੱਪਾਂ 'ਤੇ ਕਿੰਨ੍ਹਾਂ ਖਰਚ ਹੋਇਆ: ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ ਤੋਂ ਟ੍ਰੇਨਿੰਗ ਲੈਣ ਲਈ ਇੱਕ ਹੋਰ ਜੱਥਾ ਰਵਾਨਾ ਕੀਤਾ ਗਿਆ ਹੈ। ਇਸ ਉੱਤੇ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਕੀਤੇ ਜਾ ਰਹੇ। ਇਹ ਯਤਨ ਕਿੰਨੇ ਕਾਰਗਰ ਸਾਬਤ ਹੋਣਗੇ ਇਸ ਗੱਲ ਨੂੰ ਲੈ ਕੇ ਹਾਲੇ ਕਈ ਸਵਾਲ ਹਨ ਪਰ ਬਠਿੰਡਾ ਦੇ ਇੱਕ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਆਰ. ਟੀ. ਆਈ. ਰਾਹੀਂ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਪੰਜ ਦਿਨਾਂ ਦੀ ਟ੍ਰੇਨਿੰਗ ਦੇ ਲਈ ਵਿਦੇਸ਼ ਭੇਜਣ 'ਤੇ 1,85,40,182 ਪਹਿਲੇ ਦੋ ਬੈਚ ਭੇਜਣ ਵਿੱਚ ਖਰਚ ਹੋ ਚੁੱਕਿਆ ਹੈ। ਸੰਜੀਵ ਗੋਇਲ ਨੇ ਆਪਣੀ ਆਰੀਟੀਆਈ ਦੇ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ 2023 ਦੇ ਵਿੱਚ ਵਿਦੇਸ਼ ਵਿਚ ਪ੍ਰਿੰਸੀਪਲ ਨੂੰ ਦੋ ਗਰੁੱਪਾਂ ਵਿਚ ਸਿੰਘਾਪੁਰ ਲਈ ਭੇਜਿਆ ਗਿਆ ਸੀ ਪਹਿਲੇ ਬੈਚ ਵਿੱਚ 36 ਸਰਕਾਰੀ ਕਰਮਚਾਰੀ ਗਏ ਸਨ, ਦੂਸਰੇ ਬੈਚ ਵਿੱਚ 30 ਸਰਕਾਰੀ ਕਰਮਚਾਰੀਆਂ ਨੂੰ ਭੇਜਿਆ ਗਿਆ ਸੀ। ਜਿੰਨ੍ਹਾਂ ਉੱਪਰ ਸਰਕਾਰ ਵੱਲੋਂ 1ਕਰੋੜ 85ਲੱਖ 40ਹਜ਼ਾਰ 182 ਰੁਪਏ ਖਰਚ ਕਰ ਦਿੱਤੇ ਗਏ ਹਨ। ਇਸ ਵਿੱਚ ਹਵਾਈ ਜਹਾਜ਼ ਦੇ ਟਿਕਟ ਰਹਿਣ ਅਤੇ ਟਰਾਂਸਪੋਰਟੇਸ਼ਨ ਦਾ ਕੁੱਲ ਖ਼ਰਚ ਸ਼ਾਮਿਲ ਹੈ।

ਸਰਕਾਰ ਦਾ ਰਾਜਨੀਤਿਕ ਸਟੰਟ: ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰੀ ਰਿਟਾਇਰਡ ਅਧਿਆਪਕ ਮੇਹਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਕੂਲਾਂ ਦਾ ਮਾਹੌਲ ਵਿਦੇਸ਼ੀ ਸਕੂਲਾਂ ਦੇ ਮੁਕਾਬਲੇ ਢੁਕਵਾਂ ਨਹੀਂ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਧਿਆਪਕ ਪੰਜ ਦਿਨਾਂ ਵਿੱਚ ਕੀ ਸਿੱਖ ਪਾਉਣਗੇ ? ਸਾਨੂੰ ਇੰਝ ਲੱਗਦਾ ਹੈ ਕੀ ਪੰਜਾਬ ਦੇ ਸਰਕਾਰੀ ਖਜਾਨੇ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਅਤੇ ਰਾਜਨੀਤਿਕ ਸਟੰਟ ਜਾਪਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਸਕੂਲਾਂ ਦਾ ਮਾਹੌਲ ਅਤੇ ਮੁੱਢਲੀਆਂ ਸਹੂਲਤਾਂ ਠੀਕ ਕੀਤੀਆਂ ਜਾਣ । ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸਰਕਾਰੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਪਰ ਕੀ ਅਧਿਆਪਕ ਸਿਰਫ ਪੰਜ ਦਿਨ ਦੇ ਵਿੱਚ ਪੰਜਾਬ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕ ਸਕਣਗੇ ਜਾਂ ਫਿਰ ਇਹ ਇੱਕ ਸਿਆਸੀ ਸਟੰਟ ਬਣ ਕੇ ਰਹਿ ਜਾਵੇਗਾ? ਹੁਣ ਵੇਖਣਾ ਅਹਿਮ ਰਹੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਿਦੇਸ਼ੀ ਸਿਖਲਾਈ ਦਾ ਕਿੰਨਾਂ ਕੁ ਪ੍ਰਭਾਵ ਦੇਣ ਨੂੰ ਮਿਲੇਗਾ।

Last Updated : Jul 28, 2023, 6:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.