ETV Bharat / state

Professor Balwinder Kaur Suicide Case: ਸਹਾਇਕ ਪ੍ਰੋਫੈਸਰ ਦੀ ਖੁਦਕੁਸ਼ੀ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਘੇਰੀ ਸਰਕਾਰ

author img

By ETV Bharat Punjabi Team

Published : Oct 26, 2023, 9:06 AM IST

Updated : Oct 26, 2023, 9:37 AM IST

ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਜੋਤ ਬੈਂਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ, ਖੁਦਕੁਸ਼ੀ ਪੱਤਰ ਦੇ ਵਿੱਚ ਸਿੱਧੇ ਤੌਰ ਉੱਤੇ ਮ੍ਰਿਤਕਾਂ ਨੇ ਆਪਣੀ ਖੁਦਕੁਸ਼ੀ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਜਿੰਮੇਵਾਰ ਦੱਸਿਆ ਹੈ।

Professor Balwinder Kaur Suicide Case
Professor Balwinder Kaur Suicide Case

ਵੱਖ-ਵੱਖ ਰਾਜਨੀਤੀ ਆਗੂਆਂ ਦੇ ਬਿਆਨ

ਲੁਧਿਆਣਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ। ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਜੋਤ ਬੈਂਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਖੁਦਕੁਸ਼ੀ ਪੱਤਰ ਦੇ ਵਿੱਚ ਸਿੱਧੇ ਤੌਰ ਉੱਤੇ ਮ੍ਰਿਤਕਾਂ ਨੇ ਆਪਣੀ ਖੁਦਕੁਸ਼ੀ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਜਿੰਮੇਵਾਰ ਦੱਸਿਆ ਹੈ, ਜਿਸ ਦੇ ਤਹਿਤ ਹਰਜੋਤ ਬੈਂਸ ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਪੁਲਿਸ ਨੂੰ ਦਰਜ ਕਰਨਾ ਚਾਹੀਦਾ ਹੈ।

ਹਾਲਾਂਕਿ ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਬੀਤੇ ਕਈ ਦਿਨਾਂ ਤੋਂ ਰੋਪੜ ਪੁਲਿਸ ਸਟੇਸ਼ਨ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ। ਵੀਰਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਜਪਾ ਦੇ ਵਫਦ ਨੇ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇ। ਹਾਲਾਂਕਿ ਆਮ ਆਦਮੀ ਪਾਰਟੀ ਇਸ ਮਾਮਲੇ ਉੱਤੇ ਲਗਾਤਾਰ ਕੈਬਿਨਟ ਮੰਤਰੀ ਹਰਜੋਤ ਬੈਂਸ ਦਾ ਬਚਾਅ ਕਰ ਰਹੀ ਹੈ।

ਹਰਜੋਤ ਬੈਂਸ 'ਤੇ ਸਵਾਲ:- ਸੁਨੀਲ ਜਾਖੜ ਦੀ ਅਗਵਾਈ ਵਿੱਚ ਚੰਡੀਗੜ੍ਹ ਰਾਜਪਾਲ ਭਵਨ ਵਿਖੇ ਇੱਕ ਮੰਗ ਪੱਤਰ ਜਿੱਥੇ ਸੌਂਪਿਆ ਗਿਆ। ਉੱਥੇ ਹੀ ਦੂਜੇ ਪਾਸੇ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀ.ਡੀ.ਆਰ ਦੇ ਵਿੱਚ ਯਾਨੀ ਡੇਲੀ ਡਾਇਰੀ ਰਿਪੋਰਟ ਵਿੱਚ ਹਰਜੋਤ ਬੈਂਸ ਦਾ ਨਾਂ ਦਰਜ ਕਰ ਲਿਆ ਗਿਆ ਹੈ, ਪਰ ਕਿਸੇ ਤਕਨੀਕੀ ਕਾਰਨਾਂ ਕਰਕੇ ਪ੍ਰਿੰਟ ਨਹੀਂ ਨਿਕਲ ਪਾ ਰਿਹਾ ਹੈ, ਇਸ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ।

ਉਧਰ ਦੂਜੇ ਪਾਸੇ ਅਕਾਲੀ ਦਲ ਲਗਾਤਾਰ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਦੇ ਵਿੱਚ ਦਲਜੀਤ ਸਿੰਘ ਚੀਮਾ ਅਤੇ ਕੁੱਝ ਹੋਰ ਆਗੂ ਲਗਾਤਾਰ ਰੋਪੜ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਮਜੀਠੀਆ ਦਾ ਕਹਿਣਾ ਹੈ ਕਿ ਹਰਜੋਤ ਬੈਂਸ ਦੀ ਥਾਂ ਉੱਤੇ ਮ੍ਰਿਤਕਾਂ ਦੇ ਸੋਹਰਾ ਪਰਿਵਾਰ ਉੱਤੇ ਪੁਲਿਸ ਨੇ ਪਰਚਾ ਦਰਜ ਸਰਕਾਰ ਦੇ ਦਬਾਅ ਦੇ ਹੇਠ ਆ ਕੇ ਕੀਤਾ ਹੈ, ਜਦੋਂ ਕਿ ਉਹ ਬੇਕਸੂਰ ਹਨ।



ਵਿਰੋਧੀਆਂ ਨੇ ਚੁੱਕੇ ਸਵਾਲ:- ਇਸ ਪੂਰੇ ਮਾਮਲੇ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਸੂਬਾ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਤੁਰੰਤ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਨਿਲ ਸਰੀਨ ਨੇ ਕਿਹਾ ਹੈ ਸਰਕਾਰ ਨੇ ਕੱਚੇ ਅਧਿਆਪਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਦਾ ਕਰ ਦਿੱਤੇ, ਪਰ ਹੁਣ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਹ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।

ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਵੀ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਅਤੇ ਹਰਜੋਤ ਬੈਂਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਰਹੇ, ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ।


Professor Balwinder Kaur Suicide Case
ਆਪ ਵਿਧਾਇਕ ਨੇ ਕਿਹਾ

ਕਈ ਮੰਤਰੀਆਂ ਤੇ ਐਮ.ਐਲ.ਏ 'ਤੇ ਸਵਾਲ:-
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਆਮ ਆਦਮੀ ਪਾਰਟੀ ਦੇ ਕਿਸੇ ਕੈਬਨਿਟ ਮੰਤਰੀ ਉੱਤੇ ਸਵਾਲ ਖੜ੍ਹੇ ਹੋਏ ਹੋਣ। ਭਾਜਪਾ ਦੇ ਸੂਬਾ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਰਹੇ ਵਿਜੇ ਸ਼ਿੰਗਲਾ ਉੱਤੇ ਖੁਦ ਦੀ ਹੀ ਸਰਕਾਰ ਨੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਦਾ ਮਾਮਲਾ ਦਰਜ ਕੀਤਾ, ਪਰ ਅੱਜ ਤੱਕ ਉਸਦੀ ਕੋਈ ਜਾਂਚ ਸਾਹਮਣੇ ਨਹੀਂ ਆਈ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਕਟਾਰੂਚੱਕ ਦੀ ਵੀਡੀਓ ਵਾਇਰਲ ਹੋਈ, ਪਰ ਉਸ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਨਹੀਂ ਕੀਤਾ ਗਿਆ। ਜਦੋਂ ਕਿ ਦੂਜੇ ਪਾਸੇ ਫੌਜਾ ਸਿੰਘ ਸਰਾਰੀ ਨੂੰ ਵੀ ਕੈਬਨਿਟ ਤੋਂ ਬਾਹਰ ਤਾਂ ਕਰ ਦਿੱਤਾ ਗਿਆ, ਪਰ ਅੱਜ ਤੱਕ ਉਸ ਦੇ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ 100 ਏਕੜ ਜ਼ਮੀਨ ਦੇ ਘਪਲੇ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਕੈਬਿਨਟ ਮੰਤਰੀਆਂ ਉੱਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੁੰਦੇ ਜਾ ਰਹੇ ਹਨ।


'ਆਪ' ਵੱਲੋਂ ਬੈਂਸ ਦਾ ਬਚਾਅ:- ਜਦੋਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਕੈਬਿਨਟ ਮੰਤਰੀ ਹਰਜੋਤ ਬੈਂਸ ਦਾ ਬਚਾਅ ਕਰ ਰਹੇ ਹਨ ਅਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਬੇਕਸੂਰ ਦੱਸਦੇ ਹੋਏ ਅਦਾਲਤ ਦੇ ਵੱਲੋਂ ਫੈਸਲਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਪਰ ਵਿਰੋਧੀ ਪਾਰਟੀਆਂ ਚੋਣਾਂ ਨੇੜੇ ਹੋਣ ਕਰਕੇ ਆਪਣੀ ਸਿਆਸਤ ਚਮਕਾ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ, ਕਾਨੂੰਨ ਦੀ ਪ੍ਰਕਿਰਿਆ ਜਾਰੀ ਹੈ, ਕਾਨੂੰਨ ਮੁਤਾਬਕ ਜੋ ਕੋਈ ਵੀ ਕਸੂਰਵਾਰ ਹੋਵੇਗਾ, ਉਸ ਨੂੰ ਸਜ਼ਾ ਮਿਲ ਜਾਵੇਗੀ, ਪਰ ਇਹਨਾਂ ਮੁੱਦਿਆਂ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ।

Last Updated : Oct 26, 2023, 9:37 AM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.