ETV Bharat / state

Heritage goods: ਚਾਚੇ ਦੇ ਸ਼ੌਂਕ ਨੂੰ ਭਤੀਜੇ ਨੇ ਬਣਾਇਆ ਕਾਰੋਬਾਰ, ਸਾਂਭ ਰਿਹਾ ਵਿਰਾਸਤ ਨਾਲੇ ਕਰ ਰਿਹਾ ਕਮਾਈ, ਦੇਖੋ ਖਾਸ ਰਿਪੋਰਟ

author img

By ETV Bharat Punjabi Team

Published : Sep 14, 2023, 10:49 AM IST

ਬਠਿੰਡਾ ਦੇ ਪਿੰਡ ਜੀਦਾ 'ਚ ਭਤੀਜੇ ਵਲੋਂ ਆਪਣੇ ਚਾਚੇ ਦੇ ਸ਼ੌਂਕ ਨੂੰ ਅੱਗੇ ਤੋਰਦਿਆਂ ਕਾਰੋਬਾਰ 'ਚ ਬਦਲ ਲਿਆ ਹੈ। ਜਿਸ 'ਚ ਉਸ ਵਲੋਂ ਕਈ ਵਿਰਾਸਤੀ ਚੀਜਾਂ ਸਾਂਭੀਆਂ ਗਈਆਂ ਹਨ ਤੇ ਨਾਲ ਹੀ ਉਨ੍ਹਾਂ ਦੀ ਵਰਤੋਂ ਫਿਲਮਾਂ 'ਚ ਸ਼ੂਟਿੰਗ ਲਈ ਵੀ ਕਰ ਰਿਹਾ ਹੈ। ਜਿਸ ਤੋਂ ਉਹ ਕਮਾਈ ਵੀ ਕਰ ਰਿਹਾ ਹੈ। (Heritage goods)

Heritage goods
Heritage goods

ਚਾਚੇ ਦੇ ਸ਼ੌਂਕ ਨੂੰ ਭਤੀਜੇ ਨੇ ਬਣਾਇਆ ਕਾਰੋਬਾਰ

ਬਠਿੰਡਾ: ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਲਈ ਬਠਿੰਡਾ ਦੇ ਪਿੰਡ ਜੀਦਾ 'ਚ ਚਾਚੇ ਭਤੀਜੇ ਦੀ ਜੋੜੀ ਨੇ ਵੱਖਰਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਪੁਰਾਤਨ ਸਮੇਂ ਦੀਆਂ ਚੀਜ਼ਾਂ ਨੂੰ ਇਸ ਢੰਗ ਨਾਲ ਰੱਖਿਆ ਗਿਆ ਹੈ ਕਿ ਉਹਨਾਂ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। ਇਸ ਦੇ ਨਾਲ ਹੀ ਚਾਚੇ ਦੇ ਇਸ ਸ਼ੌਕ ਨੂੰ ਭਤੀਜੇ ਨੇ ਆਪਣੇ ਕਾਰੋਬਾਰ ਵਜੋਂ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦੇ ਉਹ ਜਿਥੇ ਪੈਸੇ ਕਮਾ ਰਿਹਾ ਹੈ ਤਾਂ ਉਥੇ ਹੀ ਅਣਮੁੱਲੀ ਵਿਰਾਸਤ ਵੀ ਸੰਭਾਲੀ ਬੈਠਾ ਹੈ।(Heritage goods)

ਪਿਓ ਦਾਦੇ ਤੋਂ ਮਿਲੀਆਂ ਵਿਰਾਸਤੀ ਚੀਜਾਂ: ਪਿੰਡ ਜੀਦਾ ਦੇ ਰਹਿਣ ਵਾਲੇ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਜੋ 100 ਤੋਂ 150 ਸਾਲ ਪੁਰਾਣੇ ਰੱਥ, ਗੱਡੀਆਂ ਅਤੇ ਗੱਡੇ, ਘੋੜੀ ਵਾਲਾ ਰੇੜਾ, ਪਾਖੜਾ ਅਤੇ ਖੇਤੀ ਵਾਲੇ ਸੰਦ ਹਨ। ਇਹ ਉਹਨਾਂ ਨੂੰ ਪਿਓ ਦਾਦੇ ਦੀ ਵਿਰਾਸਤ ਵਿੱਚੋਂ ਮਿਲੇ ਹਨ। ਪਿਓ ਦਾਦੇ ਦੀ ਇਸ ਨਿਸ਼ਾਨੀ ਨੂੰ ਉਹਨਾਂ ਵੱਲੋਂ ਸਾਂਭ-ਸਾਂਭ ਰੱਖਿਆ ਜਾ ਰਿਹਾ ਹੈ ਅਤੇ ਇਸ ਨਿਸ਼ਾਨੀ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ ਕਿਉਂਕਿ ਇਹ ਉਸ ਵੇਲੇ ਦੇ ਹਨ, ਜਦੋਂ ਵਿਆਹ ਸਮੇਂ ਡੋਲੀ ਵੀ ਰੱਥ ਤੇ ਆਉਂਦੀ ਅਤੇ ਬਰਾਤੀ, ਬਰਾਤ ਗੱਡਿਆਂ ਅਤੇ ਘੋੜੀਆਂ 'ਤੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਨੂੰ ਮਿਸਤਰੀ ਹੀ ਤੋਰਦੇ ਸਨ ਤਾਂ ਜੋ ਹੋ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਕੁਝ ਉਹਨਾਂ ਪਾਸ ਅਜਿਹੇ ਸੰਦ ਵੀ ਹਨ, ਜੋ ਖੇਤੀਬਾੜੀ ਦੇ ਕੰਮ ਆਉਂਦੇ ਸਨ।

ਖੇਤੀ ਨਾਲ ਜੁੜਿਆਂ ਵਿਰਾਸਤੀ ਸਮਾਨ ਵੀ ਮੌਜੂਦ: ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਲੱਕੜ ਦੇ ਸੰਦ ਟਾਹਲੀ ਦੀ ਲੱਕੜ ਨਾਲ ਤਿਆਰ ਕੀਤੇ ਗਏ ਸਨ। ਇਨ੍ਹਾਂ ਉੱਪਰ ਲੋਹਾ ਅਤੇ ਪਿੱਤਲ ਦਾ ਕੰਮ ਕੀਤਾ ਗਿਆ ਹੈ। ਜਿਸ ਨੂੰ ਅੱਜ ਤੱਕ ਕਦੇ ਜੰਗਾਲ ਜਾਂ ਕਾਲਖ ਨਹੀਂ ਪਈ। ਇਹ ਉਸ ਸਮੇਂ ਮੁਸਲਮਾਨ ਲੁਹਾਰਾਂ ਵੱਲੋਂ ਤਿਆਰ ਕੀਤੇ ਜਾਂਦੇ ਸਨ ਤੇ ਉਸ ਸਮੇਂ ਇੱਕ ਗੱਡੇ ਦੀ ਕੀਮਤ ਬਾਰਾਂ ਸੌ ਤੋਂ ਤੇਰਾਂ ਸੌ ਰੁਪਏ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਨੌਜਵਾਨ ਇਨ੍ਹਾਂ ਉੱਪਰ ਆਪਣੇ ਮਨੋਰੰਜਨ ਲਈ ਟੱਲੀਆਂ ਅਤੇ ਘੁੰਗਰੂ ਬੰਨ੍ਹਦੇ ਸਨ ਕਿਉਂਕਿ ਜਦੋਂ ਬਲਦ ਜਾਂ ਘੋੜਾ ਦੌੜਦਾ ਸੀ ਤਾਂ ਇਹ ਉੱਚੀ ਉੱਚੀ ਆਵਾਜ਼ ਕਰਦੀਆਂ ਸਨ। ਉਸ ਸਮੇਂ ਨੌਜਵਾਨਾਂ ਨੂੰ ਕੰਮ ਕਰਨ ਦਾ ਸ਼ੌਂਕ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਉਸ 'ਤੇ ਹੀ ਖੇਤੀ ਦੇ ਸੰਦ ਜੋੜ ਕੇ ਖੇਤ ਨੂੰ ਕੰਮ ਕਰਨ ਚਲੇ ਜਾਂਦੇ ਸਨ।

ਗੁਰਪਿਆਰ ਸਿੰਘ
ਗੁਰਪਿਆਰ ਸਿੰਘ

ਘਰ 'ਚ ਹੀ ਬਣਾ ਲਿਆ ਅਜਾਇਬ ਘਰ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇੰਨ੍ਹਾਂ ਪੁਰਾਤਨ ਵਿਰਾਸਤੀ ਸਮਾਨ ਦਾ ਘਰ 'ਚ ਹੀ ਅਜਾਇਬ ਘਰ ਬਣਾ ਲਿਆ ਹੈ ਅਤੇ ਦੂਰੋ ਦੂਰੋ ਲੋਕ ਇੰਨ੍ਹਾਂ ਨੂੰ ਦੇਖਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਮੁੜ ਤੋਂ ਇੰਨ੍ਹਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਪ ਦਾਦਿਆਂ ਤੋਂ ਮਿਲੀ ਵਿਰਾਸਤ ਉਹ ਸਾਂਭਦੇ ਆਏ ਹਨ ਤੇ ਹੁਣ ਅੱਗੇ ਉਨ੍ਹਾਂ ਦਾ ਭਤੀਜਾ ਇਹ ਸਭ ਦੇਖ ਰਿਹਾ ਹੈ ਤਾਂ ਜੋ ਇਸ ਕੰਮ ਨੂੰ ਅੱਗੇ ਚੱਲਦਾ ਰੱਖਿਆ ਜਾ ਸਕੇ।

ਕਈ ਪੰਜਾਬੀ ਫਿਲਮਾਂ 'ਚ ਵਰਤ ਚੁੱਕੇ ਸਮਾਨ: ਸਿਕੰਦਰ ਸਿੰਘ ਦੇ ਭਤੀਜੇ ਗੁਰਪਿਆਰ ਸਿੰਘ ਵੱਲੋਂ ਪਿਤਾ ਪੁਰਖੀ ਇਸ ਵਿਰਾਸਤ ਨੂੰ ਕਾਰੋਬਾਰ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰਪਿਆਰ ਸਿੰਘ ਨੇ ਦੱਸਿਆ ਕਿ ਪੁਰਾਤਨ ਵਿਰਾਸਤ ਉਸ ਨੂੰ ਵਿਰਸੇ ਵਿੱਚ ਮਿਲੀ ਹੈ। ਜਿਸ ਨਾਲ ਉਸ ਨੂੰ ਪਿਆਰ ਹੋ ਗਿਆ ਤੇ ਹੌਲੀ-ਹੌਲੀ ਉਸ ਨੇ ਪੁਰਾਤਨ ਵਸਤੂਆਂ ਨੂੰ ਲੱਭਣ ਲਈ ਦੂਜੇ ਸੂਬਿਆਂ ਵਿੱਚ ਜਾ ਕੇ ਭਾਲ ਕੀਤੀ। ਇਸ ਦੇ ਚੱਲਦੇ ਰਾਜਸਥਾਨ ਵਿੱਚੋਂ ਉਸ ਵਲੋਂ ਕੁਝ ਪੁਰਾਤਨ ਸੰਦ ਖਰੀਦ ਕੇ ਲਿਆਂਦੇ ਗਏ, ਫਿਰ ਇਹਨਾਂ ਨੂੰ ਠੀਕ ਕੀਤਾ ਗਿਆ। ਇਸ ਦੇ ਨਾਲ ਹੀ ਗੁਰਪਿਆਰ ਸਿੰਘ ਨੇ ਦੱਸਿਆ ਕਿ ਹੌਲੀ ਹੌਲੀ ਉਹਨਾਂ ਨੂੰ ਫ਼ਿਲਮਾਂ ਵਿੱਚ ਫ਼ਿਲਮਾਂਕਣ ਲਈ ਬੁਲਾਇਆ ਜਾਣ ਲੱਗਾ। ਉਹਨਾਂ ਦੀਆਂ ਪੁਰਾਤਨ ਵਸਤਾਂ 'ਤੇ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਬੰਬੂਕਾਟ, ਅੰਗਰੇਜ਼, ਮੌੜ ਅਤੇ ਸਾਰਾਗੜ੍ਹੀ ਫਿਲਮਾਂ ਸ਼ਾਮਲ ਹਨ।

ਵਿਆਹ ਸ਼ਾਦੀਆਂ 'ਚ ਵੀ ਕੀਤੀ ਜਾ ਰਹੀ ਬੁਕਿੰਗ: ਗੁਰਪਿਆਰ ਸਿੰਘ ਨੇ ਦੱਸਿਆ ਕਿ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਜੇਕਰ ਇਹਨਾਂ ਦੀ ਅਵਸਥਾ ਖਰਾਬ ਹੋ ਗਈ ਤਾਂ ਮੁੜ ਠੀਕ ਹੋਣੀਆਂ ਮੁਸ਼ਕਿਲ ਹਨ। ਇਸ ਲਈ ਉਨ੍ਹਾਂ ਵੱਲੋਂ ਲਗਾਤਾਰ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਸਤਾਂ ਦੀ ਸੰਭਾਲ ਲਈ ਪਾਲਿਸ਼ ਦੇ ਨਾਲ-ਨਾਲ ਇਹਨਾਂ ਨੂੰ ਰੇਗਮਾਰ ਅਤੇ ਸਿੱਕੇ ਨਾਲ ਵੱਖਰੇ ਤੌਰ 'ਤੇ ਸਾਫ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹਨਾਂ ਕੋਲ ਵਿਆਹ ਸ਼ਾਦੀਆਂ ਵਿੱਚ ਨਾਨਕਾ ਮੇਲ ਵਲੋਂ ਬੁਕਿੰਗ ਵੀ ਕਰਵਾਈ ਜਾਂਦੀ ਹੈ, ਜੋ ਪਿੰਡ ਦੇ ਬੱਸ ਸਟੈਂਡ ਤੋਂ ਵਿਆਹ ਮੌਕੇ ਗੱਡਿਆਂ 'ਤੇ ਸਵਾਰ ਹੋਕੇ ਪਿੰਡ ਵਿੱਚ ਗੇੜਾ ਦਿੰਦੇ ਹਨ ਤਾਂ ਜੋ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.