ETV Bharat / state

ਪੰਜਾਬ ’ਚ ਕਿਵੇਂ ਚੱਲਦਾ ਹੈ ਗੈਂਗਸਟਰਾਂ ਦਾ ਸਿੱਕਾ, ਸਰਕਾਰ ਲਈ ਵੱਡੀ ਚੁਣੌਤੀ !

author img

By

Published : Apr 6, 2022, 4:55 PM IST

ਪੰਜਾਬ ਵਿੱਚ ਗੈਂਗਸਟਰਵਾਦ ਹਮੇਸ਼ਾ (Gangsters in Punjab) ਹੀ ਵੱਡਾ ਮੁੱਦਾ ਰਿਹਾ ਹੈ। ਸਰਕਾਰਾਂ ਭਾਵੇਂ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰਨ ਦੇ ਵੱਡੇ ਦਾਅਵੇ ਕਰਦੀਆਂ ਹਨ ਪਰ ਸਰਕਾਰਾਂ ਵਿੱਚ ਹੀ ਰਹਿੰਦੇ ਸਿਆਸੀ ਆਗੂਆਂ ਉੱਪਰ ਗੈਂਗਸਟਰਾਂ ਨੂੰ ਸ਼ਹਿ ਦੇਣ ਇਲਜ਼ਾਮ ਲੱਗਦੇ ਹਨ। ਹੁਣ ਪੰਜਾਬ ਦੀ ਨਵੀਂ ਭਗੰਵਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਂਦੇ ਹੀ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪਰ ਜਿਸ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਗੈਂਗਸਟਰ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਇਹ ਮਾਨ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੋਵੇਗਾ।

ਭਗਵੰਤ ਮਾਨ ਸਰਕਾਰ ਕਿਵੇਂ ਕਰੇਗੀ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖਤਮ
ਭਗਵੰਤ ਮਾਨ ਸਰਕਾਰ ਕਿਵੇਂ ਕਰੇਗੀ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖਤਮ

ਬਠਿੰਡਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਲਗਾਤਾਰ ਜਿੱਥੇ ਆਮ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ ਉਥੇ ਹੀ ਵਧ ਰਹੀ ਅਪਰਾਧ ਦਰ ਨੂੰ ਵੇਖਦੇ ਹੋਏ ਪੰਜਾਬ ਦੇ ਸਮੁੱਚੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਬੈਠਕ ਕਰ ਕੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ ਜਿਥੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗੈਂਗਸਟਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਗਏ ਹਨ ਉਥੇ ਹੀ ਪੰਜਾਬ ਦੇ ਮਾਲਵਾ ਵਿੱਚ ਹਾਲੇ ਵੀ ਕਰੀਬ ਇੱਕ ਦਰਜਨ ਨਾਮੀ ਗੈਂਗਸਟਰ ਸਰਗਰਮ (Gangsters in Punjab) ਹਨ।

ਮਾਲਵੇ ਚ ਕਰੀਬ ਅੱਧੀ ਦਰਜਨ ਗੈਂਗਸਟਰ ਹਾਲੇ ਵੀ ਨੇ ਸਰਗਰਮ: ਪੰਜਾਬ ਦੇ ਮਾਲਵਾ ਖਿੱਤੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਗੈਂਗਸਟਰਾਂ ਦਾ ਵੱਡਾ ਬੋਲਬਾਲਾ ਰਿਹਾ ਹੈ ਅਤੇ ਕਈ ਨਾਮੀ ਗੈਂਗਸਟਰਾਂ ਦੇ ਗਰੁੱਪ ਇੱਥੇ ਸਰਗਰਮ ਹਨ। ਇੰਨ੍ਹਾਂ ਵਿੱਚੋਂ ਪ੍ਰਮੁੱਖ ਤੌਰ ’ਤੇ ਹਾਲੇ ਵੀ ਲਾਰੈਂਸ ਬਿਸ਼ਨੋਈ ਗੈਂਗ, ਦਵਿੰਦਰ ਬੰਬੀਹਾ ਗੈਂਗ ਅਤੇ ਸੇਖੋਂ ਗੈਂਗ ਸਰਗਰਮ ਹਨ। ਸਮੇਂ ਸਮੇਂ ਸਿਰ ਇੰਨ੍ਹਾਂ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਰਿਹਾ ਹੈ।

ਬਠਿੰਡਾ ਪੁਲਿਸ ਨੇ ਬੰਬੀਹਾ ਗਰੁੱਪ ਦੇ ਮੁਖੀ ਦਵਿੰਦਰ ਬੰਬੀਹਾ ਦਾ ਰਾਮਪੁਰਾ ਫੂਲ ਨੇੜੇ ਇਨਕਾਊਂਟਰ ਕਰਕੇ ਮਾਰ ਮੁਕਾਇਆ ਸੀ ਜਿਸ ਤੋਂ ਬਾਅਦ ਬੰਬੀਹਾ ਗਰੁੱਪ ਨੂੰ ਸੁਖਪ੍ਰੀਤ ਬੁੱਢਾ ਵੱਲੋਂ ਚਲਾਇਆ ਜਾਂਦਾ ਰਿਹਾ ਪਰ ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਗਰੁੱਪ ਨੂੰ ਹੁਣ ਸੁੱਖਾ ਦੂਨੀ ਕੇ ਨਾਮੀ ਗੈਂਗਸਟਰ ਵੱਲੋਂ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਵੱਲੋਂ ਲਗਾਤਾਰ ਫਿਰੌਤੀਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਵਿਦੇਸ਼ ਵਿੱਚੋਂ ਬੈਠ ਕੇ ਪੰਜਾਬ ਵਿੱਚ ਘਟਨਾਵਾਂ ਨੂੰ ਅੰਜ਼ਾਮ ਦਿਵਾਇਆ ਜਾ ਰਿਹਾ ਹੈ। ਪੰਜਾਬ ਵਿੱਚ ਸਰਗਰਮ ਸੇਖੋਂ ਗਰੁੱਪ ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਫ਼ਰਾਰ ਹੋਏ ਵਿੱਕੀ ਗੌਂਡਰ ਵੱਲੋਂ ਅਪਰੇਟ ਕੀਤਾ ਜਾ ਰਿਹਾ ਸੀ ਪਰ ਗੰਗਾ ਨਗਰ ਨੇੜੇ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਐਨਕਾਊਂਟਰ ਵਿੱਚ ਵਿੱਕੀ ਗੌਂਡਰ ਨੂੰ ਮਾਰ ਮੁਕਾਇਆ ਗਿਆ ਸੀ ਅਤੇ ਇਸ ਦੇ ਬਾਕੀ ਸਾਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਹਨ।

ਇਸੇ ਤਰ੍ਹਾਂ ਸੰਦੀਪ ਅੰਬੀਆਂ ਅਤੇ ਮਨਪ੍ਰੀਤ ਛੱਲਾ ਕਤਲਕਾਂਡ ਵਿੱਚ ਸ਼ਾਮਲ ਗੈਂਗਸਟਰ ਹੈਰੀ ਮੌੜ ਵੱਲੋਂ ਵੀ ਕਈ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉੱਤਰਾਖੰਡ ਤੋਂ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭੱਲਾ ਗਰੁੱਪ ਵੀ ਇਸ ਸਮੇਂ ਜੇਲ੍ਹ ਵਿੱਚੋਂ ਆਪਣਾ ਕਾਰੋਬਾਰ ਚਲਾ ਰਿਹਾ ਹੈ। ਭੱਲਾ ਗਰੁੱਪ ਵੱਲੋਂ ਬਠਿੰਡਾ ਦੀ ਰਿੰਗ ਰੋਡ ਉੱਪਰ ਗੈਂਗਸਟਰ ਕੁਲਬੀਰ ਨਰੂਆਣਾ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਸ ਘਟਨਾ ਵਿੱਚ ਗੈਂਗਸਟਰ ਕੁਲਬੀਰ ਨਰੂਆਣਾ ਵਾਲ ਵਾਲ ਬਚਿਆ ਸੀ।

ਗੈਂਗਸਟਰ ਕਿਵੇਂ ਨੇ ਜੇਲ੍ਹਾਂ ’ਚ ਸਰਗਰਮ: ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿੱਥੇ ਗੈਂਗਸਟਰ ਨਾਲ ਨਜਿੱਠਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਵਿਚਲੇ ਗੈਂਗਸਟਰਾਂ ਨਾਲ ਨਜਿੱਠਣ ਲਈ ਸਭ ਤੋਂ ਵੱਡੀ ਸਿਰਦਰਦੀ ਪੰਜਾਬ ਸਰਕਾਰ ਲਈ ਜੇਲ੍ਹਾਂ ਅੰਦਰ ਚੱਲ ਰਹੇ ਫੋਨ ਬਣੇ ਹੋਏ ਹਨ ਕਿਉਂਕਿ ਜੇਲ੍ਹਾਂ ਵਿੱਚ ਬੰਦ ਜ਼ਿਆਦਾਤਰ ਗੈਂਗਸਟਰਾਂ ਵੱਲੋਂ ਸਿੱਧੇ ਤੌਰ ਉੱਪਰ ਫੋਨਾਂ ਦੀ ਵਰਤੋਂ ਕੀਤੀ ਜਾ ਰਹੀ। ਇੰਨ੍ਹਾਂ ਫੋਨਾਂ ਰਾਹੀਂ ਹੀ ਉਹ ਆਪਣੇ ਗੈਂਗ ਨੂੰ ਅਪਰੇਟ ਕਰ ਰਹੇ ਹਨ।

ਕਿਸੇ ਵੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇੰਨ੍ਹਾਂ ਗੈਂਗਸਟਰ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਸ਼ਰ੍ਹੇਆਮ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਹਨ ਪਰ ਜੇਲ੍ਹ ਪ੍ਰਸ਼ਾਸਨ ਗੈਂਗਸਟਰਾਂ ਉਪਰ ਨਕੇਲ ਕਸਣ ਲਈ ਕਿਤੇ ਨਾ ਕਿਤੇ ਫੇਲ੍ਹ ਸਾਬਿਤ ਰਿਹਾ ਹੈ। ਭਾਵੇਂ ਸਮੇਂ ਸਮੇਂ ਸਿਰ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ ਤੇ ਵੱਡੀ ਗਿਣਤੀ ਵਿੱਚ ਮੋਬਾਇਲ ਫੋਨ ਬਰਾਮਦ ਕੀਤੇ ਜਾਂਦੇ ਹਨ ਪਰ ਫਿਰ ਤੋਂ ਜੇਲ੍ਹ ਵਿੱਚ ਬੰਦ ਇੰਨ੍ਹਾਂ ਗੈਂਗਸਟਰਾਂ ਵੱਲੋਂ ਮੋਬਾਇਲ ਫੋਨ ਰਾਹੀਂ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਜਾਂਦੀਆਂ ਹਨ ਅਤੇ ਲਗਾਤਾਰ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਵਿਦੇਸ਼ਾਂ ਤੋਂ ਕਿਵੇਂ ਚੱਲਦੇ ਨੇ ਪੰਜਾਬ ਵਿਚਲੇ ਗੈਂਗ: ਪੰਜਾਬ ਪੁਲਿਸ ਲਈ ਦੂਸਰੀ ਵੱਡੀ ਸਿਰਦਰਦੀ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਪੰਜਾਬ ਵਿਚਲੇ ਆਪਣੇ ਗਿਰੋਹਾਂ ਨੂੰ ਅਪਰੇਟ ਕਰਨਾ ਹੈ। ਵਿਦੇਸ਼ ਵਿੱਚ ਬੈਠੇ ਨਾਮੀ ਗੈਂਗਸਟਰਾਂ ਵੱਲੋਂ ਸ਼ਰ੍ਹੇਆਮ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜ਼ਾਮ ਦਿਵਾਇਆ ਜਾਂਦਾ ਹੈ ਅਤੇ ਮੋਟੀ ਫੰਡਿੰਗ ਵੀ ਵਾਰਦਾਤਾਂ ਦੇ ਅੰਜ਼ਾਮ ਦੇ ਇਵਜ਼ ਵਜੋਂ ਅਦਾ ਕੀਤੀ ਜਾਂਦੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਅਤੇ ਗਿੱਲ ਰਮਨ ਛੋਟੂ ਦੋ ਅਜਿਹੇ ਗੈਂਗਸਟਰ ਹਨ ਜਿੰਨ੍ਹਾਂ ਵੱਲੋਂ ਵਿਦੇਸ਼ ਵਿੱਚ ਬੈਠ ਕੇ ਵਾਰਦਾਤਾਂ ਨੂੰ ਅੰਜ਼ਾਮ ਦਿਵਾਇਆ ਜਾ ਰਿਹਾ ਹੈ ਅਤੇ ਇੰਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਵਿਦੇਸ਼ ਵਿੱਚ ਬੈਠੇ ਹੋਣ ਕਾਰਨ ਪੰਜਾਬ ਪੁਲਿਸ ਇੰਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਿਤੇ ਨਾ ਕਿਤੇ ਅਸਮਰੱਥ ਨਜ਼ਰ ਆ ਰਹੀ ਹੈ।

ਕਾਂਗਰਸ ਸਰਕਾਰ ਵੱਲੋਂ ਵਿਦੇਸ਼ ਮੰਤਰਾਲੇ ਰਾਹੀਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਮੀ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਏ ਸਨ।

ਜੇਲ੍ਹ ’ਚ ਬੰਦ ਗੈਂਗਸਟਰ ਬਣੇ ਕਿਵੇਂ ਬਣੇ ਹੋਏ ਨੇ ਸਿਰਦਰਦੀ : ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਰੀਬ ਤਿੰਨ ਦਰਜਨ ਗੈਂਗਸਟਰਾਂ ਨੂੰ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ ਪਰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਇਹ ਨਾਮੀ ਗੈਂਗਸਟਰ ਹੁਣ ਬਠਿੰਡਾ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ ਕਿਉਂਕਿ ਜਦੋਂ ਵੀ ਇਨ੍ਹਾਂ ਗੈਂਗਸਟਰਾਂ ਵਿੱਚੋਂ ਕਿਸੇ ਨੂੰ ਵੀ ਮੈਡੀਕਲ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਬਠਿੰਡਾ ਦੇ ਸਰਕਾਰੀ ਹਾਸਪਤਾਲ ਲਿਆਂਦਾ ਜਾਂਦਾ ਹੈ। ਇਸ ਦੌਰਾਨ ਪੁਲਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਹਾਸਪਤਾਲ ਲਿਆਉਣ ਸਮੇਂ ਪੁਲਿਸ ਬਲ ਤਾਇਨਾਤ ਕਰਨੀ ਪੈਂਦੀ ਹੈ। ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ ਉੱਥੇ ਹੀ ਆਮ ਲੋਕਾਂ ਨੂੰ ਇੰਨ੍ਹਾਂ ਸਖਤ ਪ੍ਰਬੰਧਾਂ ਕਰਕੇ ਭਾਰੀ ਸਿਰਦਰਦੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਲਈ ਪੰਥ ਦਾ ਵੱਡਾ ਇਕੱਠ, ਸਿੱਧੂ ਵੀ ਹੋਏ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.