ETV Bharat / state

Farmers trouble due to Bharat Mala project: ਭਾਰਤ ਮਾਲਾ ਪ੍ਰਾਜੈਕਟ ਕਿਸਾਨਾਂ ਲਈ ਬਣਿਆ ਸਿਰਦਰਦ,ਜ਼ਮੀਨ ਕੀਤੀ ਅਕਵਾਇਰ ਪਰ ਨਹੀਂ ਹੋਈ ਰਕਮ ਦੀ ਅਦਾਇਗੀ

author img

By ETV Bharat Punjabi Team

Published : Sep 21, 2023, 11:47 AM IST

Farmers are upset because of the Bharat Mala project in Bathinda
Farmers trouble due to Bharat Mala project: ਭਾਰਤ ਮਾਲਾ ਪ੍ਰਾਜੈਕਟ ਕਿਸਾਨਾਂ ਲਈ ਬਣਿਆ ਸਿਰਦਰਦ,ਜ਼ਮੀਨ ਕੀਤੀ ਅਕਵਾਇਰ ਪਰ ਨਹੀਂ ਹੋਈ ਰਕਮ ਦੀ ਅਦਾਇਗੀ

ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਨੂੰ ਇੱਕ ਲੜੀ ਵਿੱਚ ਪਿਰੋਣ ਲਈ ਲਿਆਂਦਾ ਗਿਆ (Bharat Mala Road Project) ਸੜਕੀ ਭਾਰਤ ਮਾਲਾ ਰੋਡ ਪ੍ਰਾਜੈਕਟ,ਬਠਿੰਡਾ ਵਿੱਚ ਕਿਸਾਨ ਲਈ ਪਰੇਸ਼ਾਨੀ ਦਾ ਕਾਰਣ ਬਣਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜ਼ਮੀਨਾਂ ਉੱਤੇ ਕਬਜ਼ਾ ਤਾਂ ਕਰ ਲਿਆ ਪਰ ਉਨ੍ਹਾਂ ਨੂੰ ਜ਼ਮੀਨ ਦੇ ਬਦਲੇ ਕੋਈ ਵੀ ਰਾਸ਼ੀ ਹੁਣ ਤੱਕ ਨਹੀਂ ਦਿੱਤੀ ਗਈ।

ਕਿਸਾਨਾਂ ਨੇ ਦੱਸਿਆ ਆਪਣਾ ਦਰਦ

ਬਠਿੰਡਾ: ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਅਕਵਾਇਰ ਕੀਤੀ ਜ਼ਮੀਨ (Land acquired under Bharat Mala project) ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਦੀ ਲੰਘਣ ਵਾਲੇ ਭਾਰਤ ਮਾਲਾ ਪ੍ਰਾਜੈਕਟ ਵਾਲੀ ਸੜਕ ਵਿੱਚ ਕਰੀਬ ਦੋ ਦਰਜਨ ਕਿਸਾਨਾਂ ਦੀ ਜ਼ਮੀਨ ਆਉਣ ਤੋਂ ਬਾਅਦ ਸਰਕਾਰ ਵੱਲੋਂ ਭਾਵੇਂ ਇਨ੍ਹਾਂ ਜ਼ਮੀਨਾਂ ਦੀ ਰਜਿਸਟਰੀ ਕਰਵਾ ਲਈ ਗਈ ਹੈ ਪਰ ਰਜਿਸਟਰੀ ਕਰਵਾਉਣ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ। ਹੁਣ ਨਾ ਤਾਂ ਕਿਸਾਨ ਇਨ੍ਹਾਂ ਜਮੀਨਾਂ ਉੱਪਰ ਵਾਹੀ ਕਰ ਸਕਦੇ ਹਨ ਅਤੇ ਨਾ ਹੀ ਉਹ ਕਿਤੇ ਹੋਰ ਜ਼ਮੀਨ ਖਰੀਦ ਸਕਦੇ ਹਨ ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਗਈ।


ਕੌਂਸਲਰ ਨੇ ਦੱਸਿਆ ਦਰਦ: ਪਿੰਡ ਕੋਟਸ਼ਮੀਰ ਦੇ ਰਹਿਣ ਵਾਲੇ ਕੌਸਲਰ ਚੰਨਣ ਸਿੰਘ ਨੇ ਦੱਸਿਆ ਕਿ ਭਾਰਤ ਮਾਲਾ ਅਧੀਨ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਕਈ ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ ਅਤੇ ਇਸ ਸਾਲ ਦੇ ਛੇਵੇਂ ਮਹੀਨੇ ਵਿੱਚ ਰਜਿਸਟਰੀਆਂ ਵੀ ਕਰਵਾ ਲਈਆਂ ਗਈਆਂ ਪਰ ਅਦਾਇਗੀ ਨਹੀਂ ਕੀਤੀ ਗਈ। ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟੇ ਜਾ ਰਹੇ ਹਨ ਪਰ ਹਰ ਵਾਰ ਉਹਨਾਂ ਨੂੰ ਲਾਰਾ ਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਕਈ ਕਿਸਾਨਾਂ ਵੱਲੋਂ ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਅੱਗੇ ਹੋਰ ਜ਼ਮੀਨ ਖਰੀਦਣ ਲਈ ਲੱਖਾਂ ਰੁਪਏ ਦੇ ਬਿਆਨੇ ਦੇ ਦਿੱਤੇ ਗਏ ਪਰ ਹੁਣ ਜਦੋਂ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਅਦਾਇਗੀ ਨਹੀਂ ਕੀਤੀ ਗਈ। ਜਿਸ ਕਾਰਨ ਲੱਖਾਂ ਦੇ ਬਿਆਨੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ।

ਮੁੜ ਸੰਘਰਸ਼ ਦਾ ਰਾਹ ਉਲੀਕਣ ਲਈ ਕਿਸਾਨ ਤਿਆਰ
ਮੁੜ ਸੰਘਰਸ਼ ਦਾ ਰਾਹ ਉਲੀਕਣ ਲਈ ਕਿਸਾਨ ਤਿਆਰ



ਕਿਸਾਨਾਂ ਨੂੰ ਮਿਲੇ ਲਾਰੇ: ਇਸ ਭਾਰਤ ਮਾਲਾ ਪ੍ਰਾਜੈਕਟ ਦਾ ਕਿਸਾਨਾਂ ਨੂੰ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਜਿੱਥੋਂ ਵੀ ਇਹ ਸੜਕ ਲੰਘ ਰਹੀ ਹੈ ਕਈ ਜਗ੍ਹਾ ਕਿਸਾਨਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ। ਇੱਕ ਪਾਸੇ ਕਿਸਾਨਾਂ ਦੀ ਮੋਟਰ ਜਾਂਦੀ ਹੈ ਅਤੇ ਸੜਕ ਦੇ ਦੂਜੇ ਪਾਸੇ ਖੇਤ ਨੂੰ ਪਾਣੀ ਲਾਉਣ ਲਈ ਕੋਈ ਸਾਧਨ ਨਹੀਂ ਰਹਿ ਜਾਂਦਾ, ਜਿਸ ਕਾਰਣ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਮੀਨ ਅਕਵਾਇਰ ਕਰਨ ਸਮੇਂ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਜੋ ਵੀ ਉਨ੍ਹਾਂ ਦਾ ਖਰਚਾ ਮੋਟਰ ਤਬਦੀਲੀ ਜਾਂ ਹੋਰ ਕੰਮਾਂ ਉੱਤੇ ਹੋਵੇਗਾ ਉਹ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ ਪਰ ਸਰਕਾਰ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ।

ਮੁੜ ਜਾਣਗੇ ਸੰਘਰਸ਼ ਉੱਤੇ: ਪੀੜ੍ਹਤ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਉਹਨਾਂ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਰਿਵਾਰਾਂ ਵਿੱਚ ਕਲੇਸ਼ ਸ਼ੁਰੂ ਹੋ ਗਿਆ ਕਿਉਂਕਿ ਬਜ਼ੁਰਗਾਂ ਵੱਲੋਂ ਪਹਿਲਾਂ ਹੀ ਜ਼ਮੀਨਾਂ ਅਕਵਾਇਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਜਦੋਂ ਅਦਾਇਗੀ ਨਹੀਂ ਹੋ ਰਹੀ ਤਾਂ ਘਰਾਂ ਵਿੱਚ ਕਲੇਸ਼ ਵਧ ਗਏ ਹਨ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਅਦਾਇਗੀ ਨਹੀਂ ਕੀਤੀ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮੁੜ ਸੰਘਰਸ਼ ਦੇ ਰਾਹ ਪੈਣਗੇ ਅਤੇ ਅਕਵਾਇਰ ਕੀਤੀਆਂ ਜ਼ਮੀਨਾਂ ਦਾ ਮੁੜ ਕਬਜ਼ਾ ਲੈਣਗੇ। ਅਕਵਾਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ, ਸ਼ੌਕਤ ਅਹਿਮਦ ਪਰੇ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਕੇਂਦਰ ਸਰਕਾਰ ਦਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ ਹੈ। ਪੈਸੇ ਸੈਕਸ਼ਨ ਹੁੰਦਿਆਂ ਹੀ ਕਿਸਾਨਾਂ ਨੂੰ ਦੇ ਦਿੱਤੇ ਜਾਣਗੇ

ETV Bharat Logo

Copyright © 2024 Ushodaya Enterprises Pvt. Ltd., All Rights Reserved.