ETV Bharat / state

No Tobacco : ਬਰਨਾਲਾ ਦੇ ਇਸ ਪਿੰਡ 'ਚ ਨਹੀਂ ਵਿਕਦਾ ਤੰਬਾਕੂ, ਪੂਰਾ ਪਿੰਡ ਤੰਬਾਕੂ ਮੁਕਤ

author img

By

Published : Jul 2, 2023, 2:25 PM IST

ਬਰਨਾਲਾ ਦੇ ਪਿੰਡ ਪੰਧੇਰ ਵਿੱਚ ਪਿਛਲੇ ਕਰੀਬ 15 ਸਾਲਾਂ ਤੋਂ ਪਿੰਡ ਵਿੱਚ ਤੰਬਾਕੂ ਦੇ ਉਤਪਾਦ ਵੇਚਣ ਅਤੇ ਖਾਣ ਪੀਣ 'ਤੇ ਮੁਕੰਮਲ ਪਾਬੰਦੀ ਹੈ। ਪਿੰਡ ਦੀ ਕਿਸੇ ਵੀ ਦੁਕਾਨ 'ਤੇ ਤੰਬਾਕੂ ਦਾ ਕੋਈ ਉਤਪਾਦ ਨਹੀਂ ਮਿਲਦਾ ਜਿਸ ਕਰਕੇ ਪਿੰਡ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਾਲ ਕੈਂਸਰ ਰੂਪੀ ਤੰਬਾਕੂ ਉਤਪਾਦਾਂ ਤੋਂ ਰਹਿਤ ਹੈ।

No Tobacco in Barnala, Barnala News
No Tobacco

No Tobacco : ਬਰਨਾਲਾ ਦੇ ਇਸ ਪਿੰਡ 'ਚ ਨਹੀਂ ਵਿਕਦਾ ਤੰਬਾਕੂ, ਪੂਰਾ ਪਿੰਡ 'ਤੰਬਾਕੂ ਮੁਕਤ'

ਬਰਨਾਲਾ: ਪੰਜਾਬ ਇਸ ਵੇਲ੍ਹੇ ਨਸ਼ਿਆਂ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਹਰ ਪਿੰਡ ਵਿੱਚ ਮੈਡੀਕਲ ਨਸ਼ੇ ਦੀ ਭਰਮਾਰ ਹੈ। ਸਰਕਾਰਾਂ ਦੇ ਲੱਖ ਦਾਅਵੇ ਕਰਨ ਦੇ ਬਾਜਵੂਦ ਨਸ਼ੇ ਦਾ ਕੋਹੜ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਰ, ਪੰਜਾਬ ਦੇ ਕੁੱਝ ਉਦਮੀ ਪਿੰਡ ਆਪਣੇ ਪੱਧਰ ਉੱਤੇ ਨਸ਼ਿਆਂ ਦੇ ਖ਼ਾਤਮੇ ਲਈ ਹੰਭਲਾ ਮਾਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਾਸੀਆਂ ਵਲੋਂ ਵੀ ਨਸ਼ਿਆਂ ਵਿਰੁੱਧ ਇੱਕ ਚੰਗਾ ਕਦਮ ਚੁੱਕਿਆ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਦੇ ਉਦਮ ਸਦਕਾ ਸਮੁੱਚਾ ਪਿੰਡ ਤੰਬਾਕੂ ਮੁਕਤ ਕੀਤਾ ਗਿਆ ਹੈ। ਪਿਛਲੇ ਕਰੀਬ 15 ਸਾਲਾਂ ਤੋਂ ਪਿੰਡ ਵਿੱਚ ਤੰਬਾਕੂ ਦੇ ਉਤਪਾਦ ਵੇਚਣ ਅਤੇ ਖਾਣ ਪੀਣ ਤੇ ਮੁਕੰਮਲ ਪਾਬੰਦੀ ਹੈ। ਪਿੰਡ ਦੀ ਕਿਸੇ ਵੀ ਦੁਕਾਨ ਉੱਤੇ ਤੰਬਾਕੂ ਦਾ ਕੋਈ ਉਤਪਾਦ ਨਹੀਂ ਮਿਲਦਾ ਜਿਸ ਕਰਕੇ ਪਿੰਡ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਾਲ ਤੰਬਾਕੂ ਰਹਿਤ ਹੈ।

ਇੰਝ ਕੀਤਾ ਗਿਆ ਉਪਰਾਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਮੀਤ ਸਿੰਘ ਅਤੇ ਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਪੰਧੇਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ ਹੋਏ ਹਨ। ਇਸ ਪਿੰਡ ਵਿੱਚ ਗੁਰੂ ਸਾਹਿਬ ਰਹੇ ਹਨ। ਜਿਸ ਕਰਕੇ ਸਮੁੱਚੇ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਦਾ ਬਹੁਤ ਅਸਰ ਰਿਹਾ ਹੈ। ਪਿਛਲੇ ਕਰੀਬ 14-15 ਸਾਲਾਂ ਤੋਂ ਉਨ੍ਹਾਂ ਦਾ ਪੰਧੇਰ ਪਿੰਡ ਤੰਬਾਕੂ ਮੁਕਤ ਹੈ। ਇਸ ਲਈ ਸਭ ਤੋਂ ਪਹਿਲਾਂ ਕੰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ। ਪਿੰਡ ਦੀ ਗੁਰਦੁਆਰਾ ਕਮੇਟੀ ਵਲੋਂ ਸਮੂਹ ਦੁਕਾਨਦਾਰਾਂ ਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਤੰਬਾਕੂ ਉਤਪਾਦ ਨਾ ਵੇਚਣ ਸਬੰਧੀ ਸਹਿਯੋਗ ਦੀ ਮੰਗ ਕੀਤੀ ਗਈ ਸੀ।

No Tobacco in Barnala, Barnala News
ਨਹੀਂ ਵਿਕਦਾ ਤੰਬਾਕੂ

ਦੁਕਾਨਦਾਰਾਂ ਦਾ ਪੂਰਾ ਸਹਿਯੋਗ: ਇਸ ਤੋਂ ਬਾਅਦ ਸਮੁੱਚੇ ਦੁਕਾਨਦਾਰਾਂ ਨੇ ਇਸ ਕਾਰਜ ਲਈ ਸਹਿਯੋਗ ਦਿੱਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਾਰੇ ਦੁਕਾਨਦਾਰ ਤੰਬਾਕੂ ਦੇ ਉਤਪਾਦ ਵੇਚਣ ਤੋਂ ਗੁਰੇਜ਼ ਕਰ ਰਹੇ ਹਨ। ਕਿਸੇ ਵੀ ਦੁਕਾਨ ਉੱਤੇ ਤੰਬਾਕੂ ਨਾਲ ਸਬੰਧ ਜ਼ਰਦਾ, ਬੀੜੀ ਜਾਂ ਸਿਗਰੇਟ ਨਹੀਂ ਵੇਚੀ ਜਾਂਦੀ। ਜਿਸ ਨਤੀਜਾ ਇਹ ਹੈ ਕਿ ਸਾਡੀ ਨਵੀਂ ਨੌਜਵਾਨ ਪੀੜ੍ਹੀ ਤੰਬਾਕੂ ਉਤਪਾਦਾਂ ਦੇ ਸੇਵਨ ਤੋਂ ਬਚੀ ਹੋਈ ਹੈ।

ਸਰਪੰਚ ਹਰਮੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਸਬੰਧੀ ਇੱਕ ਹੋਰ ਕਦਮ ਪਿੰਡ ਦੀ ਪੰਚਾਇਤ ਵਲੋਂ ਚੁੱਕਿਆ ਗਿਆ ਸੀ। ਪਿਛਲੇ ਪੰਚਾਇਤ ਵਲੋਂ ਪਿੰਡ ਵਿੱਚ ਤੰਬਾਕੂ ਵੇਚਣ ਸਬੰਧੀ ਬਾਕਾਇਦਾ ਮਤਾ ਪਾਸ ਕੀਤਾ ਸੀ। ਜੇਕਰ ਕੋਈ ਵਿਅਕਤੀ ਤੰਬਾਕੂ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਜ਼ੁਰਮਾਨਾ ਕਰਨ ਦੀ ਸ਼ਰਤ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਸਾਡੇ ਸਮੁੱਚੇ ਪਿੰਡ ਨੂੰ ਮਾਣ ਹੈ ਕਿ ਸਾਰਾ ਪਿੰਡ ਤੰਬਾਕੂ ਤੋਂ ਮੁਕਤ ਹੈ।

No Tobacco in Barnala, Barnala News
ਪੂਰਾ ਪਿੰਡ ਤੰਬਾਕੂ ਮੁਕਤ

ਤੰਬਾਕੂ ਨਾ ਵੇਚਣ ਵਾਲੇ ਦੁਕਾਨਦਾਰਾਂ ਦਾ ਸਨਮਾਨ: ਇਸੇ ਤਰ੍ਹਾਂ ਪਿੰਡ ਦੇ ਗੁਰਦੁਆਰਾ ਪਾਤਾਸ਼ਾਹੀ ਨੌਵੀਂ ਦੇ ਮੈਨੇਜਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਬੁਲਾ ਕੇ ਤੰਬਾਕੂ ਨੂੰ ਬੰਦ ਕਰਨ ਸਬੰਧੀ ਸਹਿਯੋਗ ਮੰਗਿਆ ਸੀ। ਦੁਕਾਨਦਾਰਾਂ ਵਲੋਂ ਸਹਿਯੋਗ ਕਰਨ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਸਮੁੱਚੇ ਦੁਕਾਨਦਾਰਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਬਣਦਾ ਹੈ। ਜਿਸ ਕਰਕੇ ਅਜਿਹੀਆਂ ਚੀਜ਼ਾਂ ਤਾਂ ਮੁਕੰਮਲ ਤੌਰ ਉੱਤੇ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਉਤਪਾਦਾਂ ਸਬੰਧੀ ਤਾਂ ਸਰਕਾਰ ਨੂੰ ਹੀ ਫ਼ੈਸਲਾ ਲੈ ਕੇ ਇਸ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

ਉੱਥੇ ਪਿੰਡ ਦੀ ਸੱਥ ਵਿੱਚ ਬੈਠੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਵਲੋਂ ਤੰਬਾਕੂ ਬੰਦ ਕਰਕੇ ਬਹੁਤ ਚੰਗਾ ਕੰਮ ਕੀਤਾ ਗਿਆ ਹੈ। ਸਾਡੀ ਨਵੀਂ ਪੀੜੀ ਇਸੇ ਕਾਰਨ ਤੰਬਾਕੂ ਦੇ ਸੇਵਨ ਤੋਂ ਬਚੀ ਹੋਈ ਹੈ। ਪਿੰਡ ਦਾ ਕੋਈ ਵੀ ਨੌਜਵਾਨ ਅਜਿਹਾ ਨਹੀਂ ਹੈ, ਜੋ ਤੰਬਾਕੂ ਦਾ ਸੇਵਨ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਾਡੇ ਪਿੰਡ ਵਾਂਗ ਤੰਬਾਕੂ ਬੰਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।

No Tobacco in Barnala, Barnala News
ਗੁਰਦੁਆਰਾ ਕਮੇਟੀ ਦਾ ਉਪਰਾਲਾ

ਤੰਬਾਕੂ ਪੱਕੇ ਤੌਰ 'ਤੇ ਵੇਚਣਾ ਬੰਦ ਕੀਤਾ: ਉਥੇ ਪਿੰਡ ਦੇ ਦੋ ਦੁਕਾਨਦਾਰਾਂ ਕਾਲਾ ਕੁਮਾਰ ਅਤੇ ਡਿੰਪਲ ਕੁਮਾਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਿੰਡ ਵਿੱਚ ਦੁਕਾਨਦਾਰੀ ਕਰ ਰਹੇ ਹਨ। ਸਮੁੱਚੇ ਦੁਕਾਨਦਾਰਾਂ ਨੂੰ ਸਭ ਤੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਪ੍ਰਬੰਧਕ ਕਮੇਟੀ ਨੇ ਬੁਲਾ ਕੇ ਤੰਬਾਕੂ ਸਬੰਧੀ ਰਾਇ ਲਈ ਸੀ। ਜਿਸ ਵਿੱਚ ਸਾਡੇ ਵਲੋਂ ਦੱਸਿਆ ਗਿਆ ਸੀ ਕਿ ਨਵੀਂ ਪੀੜ੍ਹੀ ਤੰਬਾਕੂ ਦਾ ਸੇਵਨ ਵਧੇਰੇ ਕਰਨ ਲੱਗੀ ਹੈ। ਇਸ ਤੋਂ ਬਾਅਦ ਕਮੇਟੀ ਅਤੇ ਪਿੰਡ ਵਾਸੀਆਂ ਨੇ ਤੰਬਾਕੂ ਨਾ ਵੇਚਣ ਲਈ ਸਹਿਯੋਗ ਮੰਗਿਆ ਸੀ।

ਇਸ ਤੋਂ ਬਾਅਦ ਸਮੁੱਚੇ ਦੁਕਾਨਦਾਰਾਂ ਨੇ ਤੰਬਾਕੂ ਪੱਕੇ ਤੌਰ 'ਤੇ ਵੇਚਣਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 13-14 ਸਾਲਾਂ ਤੋਂ ਉਹ ਤੰਬਾਕੂ ਨਹੀਂ ਵੇਚ ਰਹੇ। ਇਸ ਦਾ ਸਾਡੀ ਦੁਕਾਨਦਾਰੀ ਨੂੰ ਵੀ ਫਾਇਦਾ ਹੋਇਆ ਹੈ ਅਤੇ ਸਮੁੱਚੇ ਪਿੰਡ ਨੂੰ ਵੀ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਮੌਕੇ ਪ੍ਰਵਾਸੀ ਮਜ਼ਦੂਰ ਆ ਕੇ ਤੰਬਾਕੂ ਦੀ ਮੰਗ ਕਰਦੇ ਹਨ, ਪਰ ਨਾ ਮਿਲਣ ਤੇ ਉਹ ਬਾਹਰਲੇ ਪਿੰਡਾਂ ਤੋਂ ਲੈ ਕੇ ਆਉਂਦੇ ਹਨ, ਜਦਕਿ ਪਿੰਡ ਵਿੱਚੋਂ ਕੋਈ ਦੁਕਾਨਦਾਰ ਤੰਬਾਕੂ ਨਹੀਂ ਵੇਚਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.