ETV Bharat / state

Action Against Drug: ਨਸ਼ੇ ਖਿਲਾਫ਼ ਉਗਰਾਹਾਂ ਜਥੇਬੰਦੀ ਨੇ ਕੀਤੀ ਲਾਮਬੰਦੀ, ਸਰਕਾਰ ਨੂੰ ਵੀ ਕਰ ਦਿੱਤੀ ਅਪੀਲ

author img

By ETV Bharat Punjabi Team

Published : Aug 26, 2023, 7:04 PM IST

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਨਸ਼ੇ ਖਿਲਾਫ਼ ਵੱਡੀ ਰੈਲੀ ਨੂੰ 6 ਸਤੰਬਰ ਨੂੰ ਕੀਤੀ ਜਾਣੀ ਹੈ, ਜਿਸ ਸਬੰਧੀ ਤਿਆਰੀਆਂ ਨੂੰ ਲੈਕੇ ਉਨ੍ਹਾਂ ਵਲੋਂ ਸੂਬਾ ਪੱਧਰੀ ਸਿੱਖਿਆ ਮੀਟਿੰਗ ਕੀਤੀ ਗਈ ਤੇ ਸਰਕਾਰ ਅੱਗੇ ਕਈ ਮੰਗਾਂ ਵੀ ਰੱਖ ਦਿੱਤੀਆਂ।

ਨਸ਼ਾ ਵਿਰੋਧੀ ਮੁਜ਼ਾਹਰਿਆਂ
ਨਸ਼ਾ ਵਿਰੋਧੀ ਮੁਜ਼ਾਹਰਿਆਂ

ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ 'ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ ਵੱਲੋਂ 6 ਸਤੰਬਰ ਦੇ ਨਸ਼ਾ ਵਿਰੋਧੀ ਮੁਜ਼ਾਹਰਿਆਂ ਦੀ ਤਿਆਰੀ ਲਈ ਸੂਬਾਈ ਸਿੱਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ "ਨਸ਼ਿਆਂ ਦੀ ਮਹਾਂਮਾਰੀ-ਦੋਸ਼ੀ ਕੌਣ " ਕਿਤਾਬ ਦੀਆਂ 2500 ਕਾਪੀਆਂ ਜ਼ਿਲ੍ਹੇਵਾਰ ਵੰਡ ਕੇ ਕੀਤੀ ਗਈ। ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਸਾਮਰਾਜੀ ਕੰਪਨੀਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਪ੍ਰਣਾਏ ਹਰ ਰੰਗ ਦੇ ਸੱਤਾਧਾਰੀ ਸਿਆਸੀ ਆਗੂਆਂ ਸਮੇਤ ਪੁਲਿਸ/ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਅਤੇ ਵੱਡੇ ਨਸ਼ਾ ਤਸਕਰਾਂ/ਵਪਾਰੀਆਂ ਨੂੰ ਇਸ ਮੁਹਿੰਮ ਦਾ ਚੋਟ ਨਿਸ਼ਾਨਾ ਬਣਾਇਆ ਜਾਵੇਗਾ।

ਨਸ਼ੇ 'ਚ ਫਸੇ ਨੌਜਵਾਨਾਂ ਦਾ ਇਲਾਜ: ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਨਸ਼ਿਆਂ ਦੇ ਜਾਲ ਵਿੱਚ ਫਸੇ ਧੜਾਧੜ ਮੌਤਾਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਤੇ ਪ੍ਰਚੂਨ ਵੰਡਕਾਂ ਨੂੰ ਪੀੜਤ ਧਿਰ ਮੰਨ ਕੇ ਸਹੀ ਡਾਕਟਰੀ ਤੇ ਮਨੋਵਿਗਿਆਨਕ ਇਲਾਜ ਵਾਸਤੇ ਤਿਆਰ ਕੀਤਾ ਜਾਵੇਗਾ। ਜਾਗ੍ਰਤੀ ਭਰਪੂਰ ਸੁਧਾਰ ਮੁਹਿੰਮ ਚਲਾਈ ਜਾਵੇਗੀ। ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਇਸ ਮਹਾਂਮਾਰੀ ਦਾ ਸਭ ਤੋਂ ਵੱਧ ਸੰਤਾਪ ਭੋਗ ਰਹੀਆਂ ਔਰਤਾਂ ਦੇ ਨੁਮਾਇੰਦਿਆਂ ਵਜੋਂ ਵਿਸ਼ੇਸ਼ ਭੂਮਿਕਾ ਬਾਰੇ ਮਿਸਾਲਾਂ ਸਮੇਤ ਵਿਆਖਿਆ ਕਰਦਿਆਂ ਮੀਟਿੰਗ ਵਿੱਚ ਸ਼ਾਮਲ ਔਰਤਾਂ ਨੂੰ ਤਿਆਰੀ ਮੁਹਿੰਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਵੱਡੇ ਤਸਕਰਾਂ 'ਤੇ ਕਾਰਵਾਈ ਨਾਲ ਨਾਮ ਨਸ਼ਰ: ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਮੂਹ ਆਗੂਆਂ ਨੂੰ ਤਿਆਰੀ ਜੱਥੇ ਬਣਾ ਕੇ ਮੀਟਿੰਗਾਂ ਰੈਲੀਆਂ, ਝੰਡਾ-ਮਾਰਚਾਂ ਰਾਹੀਂ ਘਰ ਘਰ ਪਹੁੰਚ ਕਰਨ ਵਾਲੀ ਜਾਗ੍ਰਤੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਸ਼ਿੰਗਾਰਾ ਸਿੰਘ ਮਾਨ ਨੇ ਨਸ਼ਾ ਵਿਰੋਧੀ ਮੁਹਿੰਮ ਦੀਆਂ ਮੰਗਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਚਿੱਟੇ ਦੀ ਪੈਦਾਵਾਰ, ਵਪਾਰ ਅਤੇ ਘਰ-ਘਰ ਵੰਡ-ਵੰਡਾਈ ਨੂੰ ਅਣ-ਐਲਾਨੀ ਪ੍ਰਵਾਨਗੀ ਦੇਣ ਅਤੇ ਸੁਰੱਖਿਅਤ ਰੱਖਣ ਵਾਲੀ ਨੀਤੀ ਦਾ ਤਿਆਗ ਕਰੇ। ਸਰਕਾਰ ਵੱਲੋਂ ਵੱਡੇ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਤੁਰੰਤ ਹੱਥ ਲਿਆ ਜਾਵੇ। ਚਿੱਟੇ ਦੇ ਵਪਾਰ ਵਿਚ ਸ਼ਾਮਲ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਉੱਚ ਅਫਸਰਸ਼ਾਹੀ, ਉੱਘੇ ਸਿਆਸਤਦਾਨਾਂ ਅਤੇ ਵੱਡੇ ਤਸਕਰਾਂ ਨੂੰ ਨੱਥ ਪਾਈ ਜਾਵੇ ਤੇ ਨਾਮ ਨਸ਼ਰ ਕੀਤਾ ਜਾਣ ਅਤੇ ਸਖ਼ਤ ਸਜਾਵਾਂ ਦਿੱਤੀਆਂ ਜਾਣ।

ਤਸਕਰਾਂ ਨੂੰ ਮਿਲਣ ਸਖ਼ਤ ਸਜਾਵਾਂ: ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲਾਂ ਦੀਆਂ ਪੁੱਛ-ਪੜਤਾਲਾਂ ਦੌਰਾਨ ਨਸ਼ਰ ਹੋਈਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਲੀਆਂ ਨਸ਼ਾ ਫੈਕਟਰੀਆਂ ਦੇ ਕੇਸਾਂ ਦੀ ਪੈਰਵੀ ਕਰਕੇ ਮਾਲਕਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ। ਹੋਰ ਨਸ਼ਾ ਫੈਕਟਰੀਆਂ ਦੇ ਮਾਲਕਾਂ ਅਤੇ ਉਹਨਾਂ ਦੀ ਵੰਡ-ਵੰਡਾਈ ਕਰਨ ਵਾਲੇ ਢਾਂਚੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਸ ਨੂੰ ਤਬਾਹ ਕੀਤਾ ਜਾਵੇ। ਚਿੱਟੇ ਦੀ ਪੈਦਾਵਾਰ ਤੇ ਵਪਾਰ ਕਰਨ ਵਾਲੇ ਪ੍ਰਮੁੱਖ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਨਵਾਂ ਕਾਨੂੰਨ ਪਾਸ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ।

ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਿਰਾਂ ਦੀਆਂ ਸੇਵਾਵਾਂ: ਕਿਸਾਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਨਸ਼ਾ-ਛੁਡਾਊ ਕੇਂਦਰਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਉੱਚ-ਪੱਧਰਾ ਮੈਡੀਕਲ ਇਲਾਜ ਅਤੇ ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਿਰਾਂ ਦੀਆਂ ਸੇਵਾਵਾਂ ਹਰ ਇੱਕ ਕੇਂਦਰ ਵਿਚ ਮੁਹੱਈਆ ਕੀਤੀਆਂ ਜਾਣ। ਨਸ਼ਾ-ਪੀੜਤਾਂ ਅਤੇ ਛੋਟੇ-ਨਸ਼ਾ ਵੰਡਕਾਂ ਦੇ ਮੁੜ-ਵਸੇਬੇ ਲਈ ਢੁੱਕਵੇਂ ਨੀਤੀ ਕਦਮਾਂ ਨੂੰ ਤਹਿ ਕੀਤਾ ਜਾਵੇ ਅਤੇ ਅਮਲ ਵਿੱਚ ਲਿਆਂਦਾ ਜਾਵੇ। ਸ਼ਰਾਬ ਦੇ ਠੇਕਿਆਂ ਦਾ ਪਸਾਰ ਕਰਨ ਅਤੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਨੀਤੀ ਦਾ ਤਿਆਗ ਕੀਤਾ ਜਾਵੇ। ਪਿੰਡ ਦੀ ਅਤੇ ਸ਼ਹਿਰ ਦੀ ਆਬਾਦੀ ਦਾ ਮਤਾ ਪਾਸ ਹੋ ਜਾਣ ਵਾਲੀ ਥਾਂ ਤੋਂ ਸ਼ਰਾਬ ਦਾ ਠੇਕਾ ਖਤਮ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.