ਬਰਨਾਲਾ: ਅੱਜ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਮਨਾਇਆ ਗਿਆ। ਇਸ ਮੌਕੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਵੇਂ ਸ਼ਹੀਦ ਭਗਤ ਸਿੰਘ ਨੂੰ ਅਜੇ ਤੱਕ ਸਰਕਾਰਾਂ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਪਰ ਇਹ ਦਰਜਾ ਸਰਕਾਰ ਦੀ ਥਾਂ ਉਹ ਲੋਕ ਹੀ ਦੇ ਸਕਦੇ ਹਨ, ਜੋ ਸ਼ਹੀਦ ਭਗਤ ਸਿੰਘ ਦੇ ਰਾਹਾਂ 'ਤੇ ਚੱਲਦੇ ਹਨ। ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਸਹੁੰ ਚੁੱਕੀ ਹੈ ਪਰ ਉਹ ਭਗਤ ਸਿੰਘ ਨਹੀਂ ਬਣ ਸਕਦਾ।
ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਬਨਣ ਲਈ ਉਸਦੀ ਸਾਮਰਾਜ ਵਿਰੋਧੀ ਨੀਤੀਆਂ ਨੂੰ ਲਾਗੂ ਕਰਨਾ ਪਵੇਗਾ। ਸਿਰਫ ਭਗਤ ਸਿੰਘ ਵਾਲੀ ਪੱਗ ਬੰਨਣ ਨਾਲ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ। ਉਹਨਾਂ ਕਿਹਾ ਕਿ ਕਿਸਾਨੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਸਮੇਤ ਹੋਰ ਅਹਿਮ ਮੰਗਾਂ ਅਜੇ ਵੀ ਬਹੁਤ ਲਟਕ ਰਹੀਆਂ ਹਨ। ਜਿਹਨਾਂ ਦੇ ਖਾਤਮੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਸੀਐੱਮ ਮਾਨ ਵੱਲੋਂ ਭ੍ਰਿਸ਼ਟਚਾਰ ਖਿਲਾਫ ਹੈਲਪਲਾਈਨ ਨੰਬਰ ਜਾਰੀ