ETV Bharat / state

‘ਦਹਾਕਿਆਂ ਮਗਰੋਂ ਸਫ਼ਾਈ ਹੋਣ ਨਾਲ ਬਰਨਾਲਾ ਸ਼ਹਿਰ ਦੇ ਬਰਸਾਤੀ ਨਾਲੇ ਦੀ ਸੁਧਰੇਗੀ ਜੂਨ’

author img

By

Published : Jul 27, 2023, 6:49 AM IST

ਬਰਨਾਲਾ ਸ਼ਹਿਰ ਦੇ ਕਰੀਬ 4.5 ਕਿਲੋਮੀਟਰ ਖੇਤਰ ’ਚੋਂ ਲੰਘਦੇ ਬਰਸਾਤੀ ਨਾਲੇ ਦੀ ਸਫਾਈ ਹੋ ਰਹੀ ਹੈ। ਇਸ ਮੌਕੇ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਕਰੀਬ 50 ਲੱਖ ਦੀ ਲਾਗਤ ਨਾਲ ਸੁਪਰ ਸਕਸ਼ਨ ਮਸ਼ੀਨਾਂ ਨਾਲ ਇਸ ਨਾਲ ਦੀ ਸਫਾਈ ਕਰਵਾਈ ਜਾ ਰਹੀ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।

Cleaning of the rain drain passing through an area of ​​about 4.5 km of Barnala city is being done
Cleaning of the rain drain passing through an area of ​​about 4.5 km of Barnala city is being done

ਬਰਨਾਲਾ: ਬਰਨਾਲਾ ਸ਼ਹਿਰ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨਾਂ ਤਹਿਤ ਸ਼ਹਿਰ ਦੇ ਕਰੀਬ 4.5 ਕਿਲੋਮੀਟਰ ਖੇਤਰ ’ਚੋਂ ਲੰਘਦੇ ਬਰਸਾਤੀ ਨਾਲੇ ਦੀ ਵਿਆਪਕ ਸਫ਼ਾਈ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਸਥਾਨਕ ਵਿਧਾਇਕ ਅਤੇ ਵਾਤਾਵਰਣ ਤੇ ਜਲ ਸਰੋਤ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕਰੀਬ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਬਰਸਾਤੀ ਨਾਲਾ ਢੁਕਵੀਂ ਸਫ਼ਾਈ ਨੂੰ ਤਰਸ ਰਿਹਾ ਸੀ, ਜਿਸ ਕਰਕੇ ਸ਼ਹਿਰ ਵਿੱਚ ਤੇਜ਼ ਮੀਂਹ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਪੇਸ਼ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਇਹ ਬਰਸਾਤੀ ਨਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਲਸਾੜਾ ਡਰੇਨ ਵਿੱਚ ਪੈਂਦਾ ਹੈ ਤੇ ਇਸ ਦੀ ਸਫ਼ਾਈ ਮੁਕੰਮਲ ਹੋਣ ਨਾਲ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਮਸਲੇ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਕਾਰਜ ਕਰੀਬ 50 ਲੱਖ ਦੀ ਲਾਗ਼ਤ ਨਾਲ ਆਧੁਨਿਕ ਮਸ਼ੀਨਰੀ ਨਾਲ ਕਰਵਾਇਆ ਜਾ ਰਿਹਾ ਹੈ।


ਮੀਤ ਹੇਅਰ ਨੇ ਦੱਸਿਆ ਕਿ ਇਸ ਨਾਲੇ ਦੀ ਕਰੀਬ 35 ਸਾਲਾਂ ਤੋਂ ਢੁਕਵੀਂ ਸਫ਼ਾਈ ਨਹੀਂ ਹੋਈ ਸੀ। ਇਸ ਕਾਰਨ ਪਾਈਪਾਂ ਬੰਦ ਹੋਣ ਨਾਲ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਸੀ। ਉਨ੍ਹਾਂ ਦੱਸਿਆ ਕਿ 1987 ਤੋਂ ਪਹਿਲਾਂ ਦੇ ਡਰੇਨ ਉਪਰੋਂ ਖੁੱਲ੍ਹੀ ਹੁੰਦੀ ਸੀ ਤੇ ਕਰੀਬ 1988 ਵਿੱਚ ਨਗਰ ਕੌਂਸਲ ਨੇ ਇਸ ਨੂੰ ਢਕ ਦਿੱਤਾ ਤੇ ਇਸ ਰਾਹੀਂ ਸ਼ਹਿਰ ਦਾ ਮੀਂਹ ਦਾ ਪਾਣੀ ਅੱਗੇ ਲਸਾੜਾ ਡਰੇਨ ਵਿੱਚ ਪਾਇਆ ਜਾਣ ਲੱਗਾ।

ਇਹ ਬਰਸਾਤੀ ਨਾਲਾ ਸ਼ਹਿਰ ਦੇ ਬਾਜਾਖਾਨਾ ਰੋਡ, ਨਹਿਰੂ ਚੌਕ, ਜੌੜੇ ਪੰਪ ਆਦਿ ਇਲਾਕਿਆਂ ’ਚੋਂ ਹੁੰਦਾ ਹੋਇਆ ਲਸਾੜਾ ਡਰੇਨ ’ਚ ਡਿੱਗਦਾ ਹੈ, ਜਿਸ ਦੀ ਚੌੜਾਈ 36 ਇੰਚ ਤੋਂ 56 ਇੰਚ ਤੱਕ ਹੈ ਤੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਇਸ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਸੁਪਰ ਸਕਸ਼ਨ ਮਸ਼ੀਨਾਂ ਨਾਲ ਗਾਰ ਕੱਢਣ ਤੋਂ ਇਲਾਵਾ ਨਾਲੇ ਵਿੱਚ ਫਸੀ ਪਲਾਸਟਿਕ ਤੇ ਹੋਰ ਨਾ-ਗਲਣਯੋਗ ਗੰਦਗੀ ਵੀ ਕੱਢੀ ਜਾ ਰਹੀ ਹੈ ਤਾਂ ਜੋ ਇਸ ਦੀ ਮੁੱਢੋਂ ਸਫ਼ਾਈ ਹੋ ਸਕੇ। ਸਫ਼ਾਈ ਦੌਰਾਨ ਡਰੇਨ ’ਚੋਂ ਵੱਡੀ ਮਾਤਰਾ ’ਚ ਪਲਾਸਟਿਕ, ਮਰੇਅਜਾਨਵਰ, ਫਲੈਕਸ ਸ਼ੀਟਾਂ ਤੱਕ ਮਿਲੇ ਹਨ, ਜਿਸ ਕਾਰਨ ਇਹ ਨਾਲਾ ਬੰਦ ਹੋ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਹੁਣ ਵਿਆਪਕ ਸਫ਼ਾਈ ਹੋਣ ਨਾਲ ਕਈ ਦਹਾਕੇ ਕਿਸੇ ਵੱਡੇ ਸਫ਼ਾਈ ਕਾਰਜ ਦੀ ਜ਼ਰੂਰਤ ਨਹੀਂ ਪਵੇਗੀ। ਇਹ ਕੰਮ ਕਰੀਬ ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋਵੇਗਾ। ਇਹ ਸਫ਼ਾਈ ਮੁਕੰਮਲ ਹੋਣ ਮਗਰੋਂ ਨਗਰ ਕੌਂਸਲ ਵੱਲੋਂ ਸਕਰੀਨਿੰਗ ਚੈਂਬਰ ਲਾਏ ਜਾਣਗੇ ਤਾਂ ਜੋ ਨਾ ਗਲਣਯੋਗ ਗੰਦਗੀ ਜਿਵੇਂ ਕਿ ਪਲਾਸਟਿਕ ਆਦਿ ਇਸ ’ਚ ਨਾ ਜਾਵੇ ਤੇ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਪੇਸ਼ ਨਾ ਆਵੇ। ਮੀਤ ਹੇਅਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਨੂੰ ਸਫ਼ਾਈ ਕਾਰਜਾਂ ਵਿੱਚ ਸਹਿਯੋਗ ਦੇਣ ਤੇ ਸੀਵਰੇਜ, ਨਾਲੇ ਆਦਿ ਵਿੱਚ ਪਲਾਸਟਿਕ ਜਿਹਾ ਨਾ-ਗਲਣਯੋਗ ਸਮਾਨ ਨਾ ਸੁੱਟਿਆ ਜਾਵੇ ਤਾਂ ਜੋ ਅਜਿਹੇ ਨਾਲੇ ਜਾਂ ਸੀਵਰ ਬੰਦ ਨਾ ਹੋਣ ਤੇ ਪਾਣੀ ਦੀ ਨਿਕਾਸੀ ਦੀ ਦਿੱਕਤ ਪੇਸ਼ ਨਾ ਆਵੇ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.