ETV Bharat / state

ਮੰਤਰੀ ਮੀਤ ਹੇਅਰ ਨੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਕਿਹਾ- ਵਿਕਾਸ ਹੀ ਪੰਜਾਬ ਸਰਕਾਰ ਦਾ ਮਕਸਦ

author img

By

Published : Jun 9, 2023, 6:07 PM IST

ਬਰਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਇਹ ਕੰਮ ਬਹੁਤ ਜਲਦ ਨੇਪਰੇ ਚੜ੍ਹਾਏ ਜਾਣਗੇ।

Cabinet Minister Gurmeet Singh Hair inaugurated the development works in Barnala
ਮੰਤਰੀ ਮੀਤ ਹੇਅਰ ਨੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ,ਕਿਹਾ- ਵਿਕਾਸ ਹੀ ਪੰਜਾਬ ਸਰਕਾਰ ਦਾ ਮਕਸਦ

ਵਿਕਾਸ ਕਾਰਜਾਂ ਦਾ ਉਦਘਾਟਨ

ਬਰਨਾਲਾ: ਪੰਜਾਬ ਸਰਕਾਰ ਨੇ ਖੇਡਾਂ ਨੂੰ ਮਨੋਰੰਜਕ ਬਣਾਉਣ ਲਈ ਖੇਡ ਮੈਦਾਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਦੇ ਛੱਪੜਾਂ ਦੀ ਸਫਾਈ, ਨਹਿਰੀ ਪਾਣੀ ਨੂੰ ਹਰ ਖੇਤ, ਹਰ ਕਮਿਊਨਿਟੀ ਸੈਂਟਰ ਤੱਕ ਪਹੁੰਚਾਉਣ ਲਈ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਹੈ। ਇਸੇ ਤਹਿਤ ਅੱਜ ਬਰਨਾਲਾ ਦੇ ਸਥਾਨਿਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਰਨਾਲਾ ਦੇ 5 ਪਿੰਡਾਂ 'ਚ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪਾਰਟੀ ਵਰਕਰਾਂ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਕਾਸ ਕਾਰਜਾਂ ਨੂੰ ਲੈ ਕੇ ਭਰਵਾਂ ਸਵਾਗਤ ਕੀਤਾ।

80 ਕਰੋੜ ਦੇ ਕੰਮ ਕਰਵਾਏ ਜਾ ਰਹੇ: ਇਸ ਮੌਕੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਬਲਾਕਾਂ ਨੂੰ ਡਾਰਕ ਜ਼ੋਨ ਵਿੱਚੋਂ ਕੱਢਣ ਵਾਸਤੇ ਖੇਤ-ਖੇਤ ਨਹਿਰੀ ਪਾਣੀ ਲਈ ਲਗਾਤਾਰ ਯਤਨ ਜਾਰੀ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟਾਈ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕੱਲੇ ਬਰਨਾਲਾ ਹਲਕੇ ਵਿੱਚ ਜਲ ਸਰੋਤ ਮਹਿਕਮੇ ਦੇ ਕਰੀਬ 80 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ, ਜੋ ਪਿਛਲੇ ਦਹਾਕਿਆਂ ’ਚ ਪੂਰੇ ਜ਼ਿਲ੍ਹੇ ਵਿੱਚ ਨਹੀਂ ਹੋਏ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਨਹਿਰੀ ਪਾਣੀ ਵੱਧ ਤੋਂ ਵੱਧ ਰਕਬੇ ਵਿੱਚ ਪਹੁੰਚਾਉਣ ਖਾਤਰ ਪੂਰੇ ਪੰਜਾਬ ਵਿੱਚ ਨਹਿਰੀ ਖਾਲੇ ਬਹਾਲ ਕਰਨ, ਜ਼ਮੀਨਦੋਜ਼ ਪਾਈਪਲਾਈਨ, ਮੋਘੇ ਕੱਢਣ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ, ਜਿਸ ਸਦਕਾ ਕਈ ਪਿੰਡਾਂ ਦੇ ਖੇਤਾਂ ਨੂੰ ਦਹਾਕਿਆਂ ਮਗਰੋਂ ਨਹਿਰੀ ਪਾਣੀ ਨਸੀਬ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਭੂਰੇ ਇਸ ਦੀ ਉਦਾਹਰਣ ਹੈ।

ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ: ਦੱਸ ਦਈਏ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਠੁੱਲੇਵਾਲ ਦੇ ਕਰੀਬ 34 ਲੱਖ ਦੀ ਲਾਗਤ ਨਾਲ ਬਣਨ ਵਾਲੇ ਥਾਪਰ ਮਾਡਲ ਨਵੀਨੀਕਰਨ ਲਈ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਫਰਵਾਹੀ ਵਿੱਚ ਛੱਪੜ ਦੇ ਥਾਪਰ ਮਾਡਲ ਵਜੋਂ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਝਲੂਰ ਵਿੱਚ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਦਾ ਬਹੁਤ ਪੁਰਾਣਾ ਮਸਲਾ ਹੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਇੱਕ-ਇੱਕ ਕਰਕੇ ਥਾਪਰ ਮਾਡਲ ਲਿਆਂਦਾ ਜਾਵੇਗਾ ਤਾਂ ਜੋ ਗੰਦੇ ਪਾਣੀ ਨੂੰ ਸ਼ੁੱਧ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲੇ ਸਾਲ ਹੀ ਬਰਨਾਲਾ ਹਲਕੇ ਵਿੱਚ ਨਹਿਰੀ ਵਿਭਾਗ ਵੱਲੋਂ 80 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਖੋਖਿਆਂ ਦੀ ਮੁਰੰਮਤ, ਪਾਈਪ ਲਾਈਨ ਵਿਛਾਉਣ, ਮੋਘੇ ਆਦਿ ਦੇ ਕੰਮ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.