ETV Bharat / state

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

author img

By

Published : Jul 5, 2023, 8:27 PM IST

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕਾਰਜਾਂ ਬਾਬਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।ਪੜ੍ਹੋ ਪੂਰੀ ਖਬਰ...

Cabinet Minister Chetan Singh Jauramajra reviewed
Cabinet Minister Chetan Singh Jauramajra reviewed

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੱਲਬਾਤ ਦੌਰਾਨ ਦੱਸਿਆ

ਬਰਨਾਲਾ: ਜ਼ਿਲ੍ਹੇ ਵਿੱਚ ਸਮੇਂ-ਸਮੇਂ ’ਤੇ ਖਾਦਾਂ ਅਤੇ ਬੀਜਾਂ ਦੇ ਨਮੂਨਿਆਂ ਦੀ ਜਾਂਚ ਕਰਾਈ ਜਾਵੇ ਅਤੇ ਸੈਂਪਲ ਫੇਲ੍ਹ ਹੋਣ ’ਤੇ ਲਾਇਸੈਂਸ ਰੱਦ ਕਰਨ ਤੋਂ ਇਲਾਵਾ ਸਬੰਧਤ ਪਰਿਵਾਰ ਦੇ ਕਿਸੇ ਮੈਂਬਰ ਦਾ ਲਾਇਸੈਂਸ ਨਾ ਬਣਨਾ ਯਕੀਨੀ ਬਣਾਇਆ ਜਾਵੇ। ਇਹ ਹਦਾਇਤ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਵਿਭਾਗ ਨੂੰ ਕੀਤੀ ਗਈ। ਉਨ੍ਹਾਂ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕਾਰਜਾਂ ਬਾਬਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।


ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਸਾਲ 2022-23 ਵਿੱਚ 928 ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਗਈਆਂ, ਜਿਨ੍ਹਾਂ ’ਤੇ 9,40,27,680 ਰੁਪਏ ਸਬਸਿਡੀ ਦਿੱਤੀ ਗਈ ਹੈ ਤੇ ਮੌਜੂਦਾ ਸਾਲ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਮੌਕੇ ਜੌੜਾਮਾਜਰਾ ਨੇ ਮਸ਼ੀਨਰੀ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਦੇ ਨਿਰਦੇਸ਼ ਦਿੱਤੇ।


ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਕੂੜਾ ਪ੍ਰਬੰਧਨ ਤਹਿਤ ਪ੍ਰਾਜੈਕਟ ਆਉਣ ਵਾਲੇ ਸਮੇਂ ਵਿੱਚ ਲਿਆਂਦੇ ਜਾ ਰਹੇ ਹਨ, ਜਿਸ ਤਹਿਤ ਬਰਨਾਲਾ ਸ਼ਹਿਰ ਦੇ ਕੂੜਾ ਡੰਪ ਦਾ ਛੇਤੀ ਨਿਬੇੜਾ ਕੀਤਾ ਜਾਵੇਗਾ। ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫੂਡ ਸਪਲਾਈ ਵਿਭਾਗ ਦੀ ਪ੍ਰਗਤੀ ਘੋਖਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਸ਼ਨ ਵੰਡ ਦੇ ਮਾਮਲੇ ਵਿੱਚ ਕਿਸੇ ਵੀ ਲੋੜਵੰਦ ਨਾਲ ਪੱਖਪਾਤ ਨਾ ਹੋਵੇ। ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਛੇਤੀ ਹੀ 2 ਨਵੇਂ ਗਰਿੱਡ ਪਿੰਡ ਧਨੇਰ ਅਤੇ ਬਰਨਾਲਾ ਸ਼ਹਿਰ ਦੇ ਬਾਬਾ ਕਾਲਾ ਮਹਿਰ ਇਲਾਕੇ ਵਿੱਚ ਲਾਏ ਜਾ ਰਹੇ ਹਨ, ਜਿਸ ਨਾਲ ਆਸ-ਪਾਸ ਦੇ ਦਰਜਨਾਂ ਪਿੰਡਾਂ ਨੂੰ ਫਾਇਦਾ ਹੋਵੇਗਾ।

ਇਸ ਦੌਰਾਨ ਹੀ ਸਿਹਤ ਸਕੀਮਾਂ ਬਾਰੇ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਮ ਬੀਮਾ ਯੋਜਨਾ ਤਹਿਤ 2022-23 ਦੌਰਾਨ 11,593 ਮਰੀਜ਼ਾਂ ਦਾ 9 ਕਰੋੜ 41 ਲੱਖ ਰੁਪਏ ਦਾ ਇਲਾਜ ਕੀਤਾ ਗਿਆ ਤੇ ਜ਼ਿਲ੍ਹਾ ਬਰਨਾਲਾ ਪਹਿਲੇ ਸਥਾਨ ’ਤੇ ਰਿਹਾ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਿਹਤ ਵਿਭਾਗ ਨੂੰ ਮਿਲਾਵਟਖੋਰਾਂ ’ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ ਗਏ ਅਤੇ ਫੂਡ ਅਤੇ ਡਰੱਗ ਸੇਫਟੀ ਸਬੰਧੀ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ। ਉਨ੍ਹਾਂ ਪੁਲਿਸ ਵਿਭਾਗ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਮੰਤਰੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿੱਖਿਆ ਵਿਭਾਗ ਤੋਂ ਸਕੂਲ ਆਫ ਐਮੀਨੈਂਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਜਿਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 3 ਸਕੂਲ ਆਫ ਐਮੀਨੈਂਸ ਬਣ ਰਹੇ ਹਨ, ਜਿਨ੍ਹਾਂ ਵਿੱਚ ਨੌਵੀਂ ਵਿੱਚ 94 ਫੀਸਦੀ ਤੇ ਗਿਆਰਵੀਂ ਵਿੱਚ 87 ਫੀਸਦੀ ਦਾਖ਼ਲੇ ਹੋਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ 82 ਫੀਸਦੀ ਸਰਕਾਰੀ ਸਕੂਲਾਂ ਵਿੱਚ ਰੇਨ ਵਾਟਰ ਰੂਫ ਟੌਪ ਸਿਸਟਮ ਬਣਾਇਆ ਗਿਆ ਹੈ ਤਾਂ ਜੋ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਰ ਕੈਂਪ ਦੌਰਾਨ ਹਰੇਕ ਸਕੂਲ ਵਿੱਚ ਮਿਨੀ ਨਰਸਰੀ ਬਣਾਈ ਜਾ ਰਹੀ ਹੈ।


ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮਗਨਰੇਗਾ ਸਕੀਮਾ ਦਾ ਜਾਇਜ਼ਾ ਲੈਂਦਿਆਂ ਵੱਧ ਤੋਂ ਵੱਧ ਵਿਅਕਤੀਆਂ ਨੂੰ 100 ਦਿਨ ਦਾ ਰੋਜ਼ਗਾਰ ਦੇਣ ਦੇ ਆਦੇਸ਼ ਦਿੱਤੇ। ਉਨ੍ਹਾਂ ਪਿੰਡਾਂ ਵਿੱਚ ਨਵਿਆਏ ਜਾ ਰਹੇ ਛੱਪੜਾਂ, ਪਾਰਕਾਂ, ਪੰਚਾਇਤ ਘਰਾਂ ਤੇ ਲਾਇਬ੍ਰੇਰੀਆਂ ਆਦਿ ਦੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 18 ਥਾਪਰ ਮਾਡਲ, 10 ਛੱਪੜ ਨਵਿਆਉਣ, 34 ਅੰਮ੍ਰਿਤ ਸਰੋਵਰ, 27 ਖੇਡ ਮੈਦਾਨਾਂ, 36 ਪਾਰਕਾਂ ਤੇ 5 ਲਾਇਬ੍ਰੇਰੀਆਂ ਦਾ ਕੰਮ ਪਿਛਲੇ ਸਮੇਂ ਵਿੱਚ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ’ਤੇ ਸਪੋਰਟਸ ਪਾਰਕ ਵੀ ਬਣਾਏ ਜਾ ਰਹੇ ਹਨ।


ਇਸ ਮੌਕੇ ਉਨ੍ਹਾਂ ਕਿਰਤ ਵਿਭਾਗ ਨੂੰ ਆਪਣੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਬਾਗਬਾਨੀ ਵਿਭਾਗ ਨੂੰ ਬਾਗਬਾਨੀ ਨੂੰ ਉਤਸ਼ਾਹਿਤ ਕਰਨ ’ਤੇ ਵੱਧ ਤੋਂ ਵੱਧ ਕੰਮ ਕਰਨ ਉਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਮੱਛੀ ਪਾਲਣ ਹੇਠ ਰਕਬਾ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨ ਸਹਾਇਕ ਧੰਦਿਆਂ ਨਾਲ ਜੁੜ ਸਕਣ।


ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਪਹੁੰਚ ਕਿਤਾਬ ਭੇਟ ਕੀਤੀ ਗਈ, ਜਿਸ ਦੀ ਉਨ੍ਹਾਂ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਟੀ ਬੈਨਿਥ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਿੰਦਰ ਧਾਲੀਵਾਲ, ਐਸਡੀਐਮ ਬਰਨਾਲਾ ਗੋਪਾਲ ਸਿੰਘ, ਐਸਡੀਐਮ ਮਹਿਲ ਕਲਾਂ ਸਤਵੰਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸੁਖਪਾਲ ਸਿੰਘ, ਐੱਸਪੀ ਮੇਜਰ ਸਿੰਘ, ਐਮਸੀ ਮਲਕੀਤ ਸਿੰਘ, ਬਿੰਦਰ ਸਿੰਘ (ਮਹਿਲ ਕਲਾਂ) ਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। (ਪ੍ਰੈਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.