ETV Bharat / state

Barnala News : ਪ੍ਰਧਾਨਗੀ ਲਈ ਕਾਲਜ 'ਚ ਗੁੰਡਾਗਰਦੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ

author img

By ETV Bharat Punjabi Team

Published : Oct 7, 2023, 10:25 AM IST

Barnala police arrested the youth who created a ruckus in the SD college
ਪ੍ਰਧਾਨਗੀ ਲਈ ਕਾਲਜ 'ਚ ਗੁੰਡਾਗਰਦੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ

ਬਰਨਾਲਾ ਦੇ ਨਿੱਜੀ ਕਾਲਜ ਵਿੱਚ ਪ੍ਰਧਾਨਗੀ ਨੂੰ ਲੈਕੇ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ,ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਸਾਥੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। (police arrested Youth for doing Hungama in college of barnala)

ਗੁੰਡਾਗਰਦੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ

ਬਰਨਾਲਾ : ਜ਼ਿਲ੍ਹੇ ਦੇ ਇੱਕ ਨਿੱਜੀ ਕਾਲਜ ਵਿੱਚ ਦੋ ਦਿਨ ਪਹਿਲਾਂ ਕੀਤੇ ਗਏ ਤਮਾਸ਼ੇ ਤੇ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਅੰਜਾਮ ਦੇਣ ਵਾਲੇ ਹੁੱਲ੍ਹੜਬਾਜ਼ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦਰਅਸਲ ਦੋ ਦਿਨ ਪਹਿਲਾਂ ਸਥਾਨਕ ਕਾਲਜ ਵਿੱਚ ਪ੍ਰਧਾਨਗੀ ਸਬੰਧੀ ਪੋਸਟਰ ਲਗਾ ਕੇ ਕੁਝ ਬਦਮਾਸ਼ ਨੌਜਵਾਨਾਂ ਨੇ ਕਾਲਜ ਵਿੱਚ ਹੁੱਲੜਬਾਜ਼ੀ ਕੀਤੀ ਸੀ। ਇੰਨਾ ਹੀ ਨਹੀਂ ਇਸ ਦੌਰਾਨ ਇਹਨਾਂ ਬਦਮਾਸ਼ਾਂ ਨੇ ਕਾਲਜ ਦੇ ਸਕਿਓਰਟੀ ਗਾਰਡ ਨਾਲ ਧੱਕਾਮੁੱਕੀ ਕਰਕੇ ਕਾਲਜ ਵਿੱਚ ਭੰਨਤੋੜ ਨੂੰ ਵੀ ਅੰਜਾਮ ਦਿੱਤਾ ਸੀ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਹਨਾਂ ਹੁੱਲੜਬਾਜ਼ਾਂ ਵਿਰੁੱਧ ਸਖ਼ਤ ਐਕਸ਼ਨ ਲੈਂਦਿਆਂ 8 ਨੂੰ ਕਾਬੂ ਕੀਤਾ ਹੈ, ਜਿਹਨਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ।

ਪ੍ਰਧਾਨਗੀ ਨੂੰ ਲੈਕੇ ਕੀਤੀ ਬਦਮਾਸ਼ੀ : ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਨਿੱਜੀ ਕਾਲਜ ਵਿੱਚ 50 ਦੇ ਕਰੀਬ ਨੌਜਵਾਨਾਂ ਨੇ ਦਾਖ਼ਲ ਹੋ ਕੇ ਹੁੱਲੜਬਾਜ਼ੀ ਕੀਤੀ ਅਤੇ ਸਕਿਓਰਟੀ ਗਾਰਡ ਨਾਲ ਹੱਥੋਪਾਈ ਕੀਤੀ। ਇਹਨਾਂ ਨੌਜਵਾਨਾਂ ਨੇ ਆਪੇ ਬਣੇ ਪ੍ਰਧਾਨ ਦੇ ਪੋਸਟਰ ਲਗਾ ਕੇ ਕਾਲਜ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼਼ ਕੀਤੀ। ਇਸ ਤਹਿਤ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ,ਹਾਲਾਂਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਹੁੱਲੜਬਾਜ਼ੀ ਕਰਨ ਵਾਲੇ ਕੁਝ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਦੱਸਿਆ ਕਿ ਹੁੱਲੜਬਾਜ਼ੀ ਕਰਨ ਵਾਲੇ ਸਾਰੇ ਨੌਜਵਾਨ ਗੁਰੀ ਅਤਲਾ ਗਰੁੱਪ ਨਾਲ ਜੁੜੇ ਹੋਏ ਹਨ। ਇਹਨਾਂ ਦਾ ਮੁਖੀ ਗੁਰਪ੍ਰੀਤ ਸਿੰਘ ਗੁਰੀ ਅਤਲਾ ਹੈ। ਸਰਗਨੇ ਦੇ ਮੁਖੀ ਸਮੇਤ ਕੁੱਲ 8 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਨੌਜਵਾਨਾਂ ਨੇ ਜੋ ਪੋਸਟਰ ਕਾਲਜ ਵਿੱਚ ਲਗਾਇਆ ਸੀ, ਉਸਦੇ ਆਧਾਰ 'ਤੇ ਜਿਹਨਾਂ ਵੀ ਮੁਲਜ਼ਮਾਂ ਦੀ ਪਹਿਚਾਣ ਹੋ ਰਹੀ ਹੈ, ਉਹਨਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਸਾਰੇ ਨੌਜਵਾਨ ਕਾਲਜ ਤੋਂ ਬਾਹਰ ਦੇ : ਡੀਐਸਪੀ ਬਰਨਾਲਾ ਨੇ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਕਿਸੇ ਵੀ ਸਕੂਲ ਜਾਂ ਕਾਲਜ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਗਰੁੱਪ ਬਣਾ ਕੇ ਪ੍ਰਧਾਨਗੀਆਂ ਦੇ ਪੋਸਟਰ ਲਗਾਉਣੇ ਬਿਲਕੁਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਵਿੱਚ ਇੱਕ ਵੀ ਨੌਜਵਾਨ ਕਾਲਜ ਦਾ ਵਿਦਿਆਰਥੀ ਨਹੀਂ ਸੀ। ਜਿਸ ਕਰਕੇ ਇਹਨਾਂ ਵਿਰੁੱਧ 452 ਧਾਰਾ ਜੋੜ ਕੇ ਸਖ਼ਤ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਹਨਾ ਮੁਲਜ਼ਮਾਂ ਤੋਂ ਪੁਲਿਸ ਨੇ ਵਾਰਦਾਤ ਮੌਕੇ ਵਰਤੀ ਗਈ ਕਾਰ ਅਤੇ ਬੇਸਬਾਲ ਵਰਗੇ ਹਥਿਆਰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.