ETV Bharat / state

ਆਕਾਸ਼ਦੀਪ ਖੁਦਕੁਸ਼ੀ ਮਾਮਲਾ : ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ 2 ਲੱਖ ਰੁਪਏ ਦਾ ਮੁਆਵਜ਼ਾ, ਪੁਲਿਸ ਕੇਸ ਵਾਪਸ ਲੈਣ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ

author img

By

Published : Jun 30, 2023, 5:05 PM IST

ਆਕਾਸ਼ਦੀਪ ਸਿੰਘ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਤਹਿਸੀਲ ਦਫ਼ਤਰ ਦੇ ਗੇਟ ਉੱਤੇ ਚੱਲਦੇ ਪੱਕੇ ਮੋਰਚੇ ਨੂੰ ਹੁਣ ਚੁੱਕ ਲਿਆ ਗਿਆ ਹੈ । ਸਰਕਾਰੀ ਲਾਰਿਆਂ ਤੋ ਅੱਕੇ ਮਿ੍ਤਕ ਦੇ ਮਾਪਿਆਂ ਨੇ ਇਨਸਾਫ਼ ਕਮੇਟੀ ਦੀ ਅਗਵਾਈ 'ਚ 30 ਜੂਨ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਪਹਿਲਾਂ ਹੀ 2 ਲੱਖ ਰੁਪਏ ਦੇ ਕੇ ਮਾਮਲਾ ਖਤਮ ਕਰਨ ਉੱਤੇ ਸਹਿਮਤੀ ਬਣ ਗਈ।

Akashdeep suicide case: The administration gave a compensation of 2 lakh rupees to the victim's family
ਆਕਾਸ਼ਦੀਪ ਖੁਦਕੁਸ਼ੀ ਮਾਮਲਾ : ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ 2 ਲੱਖ ਰੁਪਏ ਦਾ ਮੁਆਵਜ਼ਾ,ਪੁਲਿਸ ਕੇਸ ਵਾਪਸ ਲੈਣ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ

ਬਰਨਾਲਾ : ਬਰਨਾਲਾ ਦੇ ਨੌਜਵਾਨ ਆਕਾਸ਼ਦੀਪ ਸਿੰਘ ਦੀ ਮੌਤ ਤੋਂ ਬਾਅਦ ਲਗਾਤਾਰ ਮਾਪਿਆਂ ਵੱਲੋਂ ਢਿਲਵਾਂ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪਰਿਵਾਰ ਦਾ ਸਾਥ ਦੇਣ ਲਈ ਵੱਖ ਵੱਖ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਸਨ। ਉਥੇ ਹੀ ਲਗਾਤਰ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਹੁਣ ਉਸ ਸਮੇਂ ਬੂਰ ਪਿਆ, ਜਦ ਅੱਜ ਦੇ ਧਰਨੇ ਤੋਂ ਪਹਿਲਾਂ ਪ੍ਰਸ਼ਾਸ਼ਨ ਵੱਲੋਂ ਇਨਸਾਫ ਦਿਵਾਊ ਕਮੇਟੀ ਢਿੱਲਵਾਂ ਦੀ ਹਾਜ਼ਰੀ ਵਿੱਚ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਪੁਲਿਸ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ। ਇਨਸਾਫ ਦਿਵਾਊ ਕਮੇਟੀ ਮੈਂਬਰਾਂ ਸੁਖਵਿੰਦਰ ਸਿੰਘ ਢਿੱਲਵਾਂ ਬੇਰੁਜ਼ਗਾਰ ਆਗੂ, ਗੋਰਾ ਸਿੰਘ ਢਿੱਲਵਾਂ ਅਤੇ ਦਰਸ਼ਨ ਸਿੰਘ ਮਹਿਤਾ ਨੇ ਦੱਸਿਆ ਕਿ 13 ਜਨਵਰੀ 2023 ਨੂੰ ਆਰਥਿਕ ਤੰਗੀ, ਗਰੀਬੀ ਅਤੇ ਬੇਰੁਜ਼ਗਾਰੀ ਕਾਰਨ ਨੇੜਲੇ ਪਿੰਡ ਢਿੱਲਵਾਂ ਦੇ ਮਜ਼ਦੂਰ ਪਰਿਵਾਰ ਦਾ ਪੜ੍ਹਿਆ ਲਿਖਿਆ ਇਕਲੌਤਾ ਪੁੱਤਰ ਆਕਾਸ਼ਦੀਪ ਸਿੰਘ ਖੁਦਕੁਸ਼ੀ ਕਰ ਗਿਆ ਸੀ।

ਕਮੇਟੀ ਮੈਂਬਰਾਂ ਉੱਤੇ ਮਾਮਲੇ ਦਰਜ਼ ਕੀਤੇ: ਜਿਸਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 18 ਜਨਵਰੀ ਨੂੰ ਵੱਖ ਵੱਖ ਜਥੇਬੰਦੀਆਂ ਉੱਤੇ ਅਧਾਰਿਤ ਇਨਸਾਫ਼ ਕਮੇਟੀ ਬਣਾਈ ਗਈ ਸੀ। ਕਾਫੀ ਖੱਜਲ ਖ਼ੁਆਰੀ ਮਗਰੋ 2 ਜੂਨ ਤੋ ਸਥਾਨਕ ਤਹਿਸੀਲ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਸੀ।ਪਿਛਲੇ ਦਿਨੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਕਮੇਟੀ ਮੈਂਬਰਾਂ ਉੱਤੇ ਮਾਮਲੇ ਦਰਜ਼ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਕਮੇਟੀ ਵੱਲੋ ਮੰਗ ਕੀਤੀ ਜਾ ਰਹੀ ਸੀ ਕਿ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ, ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮੁਆਫ ਕੀਤੇ ਜਾਣ, ਕਿਸਾਨੀ ਖ਼ੁਦਕੁਸ਼ੀਆਂ ਵਿੱਚ ਦਿੱਤੀ ਜਾਂਦੀ ਆਰਥਿਕ ਸਹਾਇਤਾ ਵਾਲੇ ਕਾਨੂੰਨ ਵਾਂਗ ਹੀ ਖ਼ੁਦਕੁਸ਼ੀਆਂ ਕਰਨ ਵਾਲੇ ਮਜਦੂਰਾਂ, ਬੇਰੁਜ਼ਗਾਰਾਂ ਅਤੇ ਵਿਦਿਆਰਥੀਆਂ ਲਈ ਵੀ ਕਾਨੂੰਨ ਬਣਾਇਆ ਜਾਵੇ।

2 ਲੱਖ ਰੁਪਏ ਦਾ ਚੈੱਕ : ਸਰਕਾਰ ਨੇ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਕਮੇਟੀ ਮੈਂਬਰਾਂ ਅਤੇ ਪਰਿਵਾਰਕ ਮੈਂਬਰਾਂ ਉੱਤੇ ਮਾਮਲੇ ਦਰਜ ਕਰ ਦਿੱਤੇ ਸਨ।ਇਸ ਉਪਰੰਤ ਇਨਸਾਫ਼ ਲਈ ਜ਼ਿਲ੍ਹਾ ਪੱਧਰ ਉੱਤੇ ਜਮਹੂਰੀ ਅਤੇ ਇਨਸਾਫ਼ ਪਸੰਦ ਧਿਰਾਂ ਦੇ ਵੱਡੇ ਮੋਰਚੇ ਨੇ 30 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਨਾਲੋਂ ਨਾਲ ਹਲਕੇ ਅਤੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਸਨ। ਅੱਜ ਪ੍ਰਸਾਸ਼ਨ ਵੱਲੋਂ ਡਿਊਟੀ ਲਗਾ ਕੇ ਭੇਜੇ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਨੇ ਇਨਸਾਫ਼ ਕਮੇਟੀ ਨਾਲ ਮੀਟਿੰਗ ਕਰਕੇ 2 ਲੱਖ ਰੁਪਏ ਦਾ ਚੈੱਕ ਅਤੇ ਦਰਜ਼ ਮਾਮਲੇ ਰੱਦ ਕਰਨ ਬਾਰੇ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਪ੍ਰੰਤੂ ਕਮੇਟੀ ਨੇ ਫੌਰੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ। ਜਿਸ ਉੱਤੇ ਮੁੜ ਹੋਈ ਮੀਟਿੰਗ ਵਿੱਚ ਸਹਿਮਤੀ ਬਣੀ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੂੰ ਕਮੇਟੀ ਦੀ ਹਾਜ਼ਰੀ ਵਿੱਚ ਚੈੱਕ ਭੇਂਟ ਕੀਤਾ।

ਪੱਕਾ ਧਰਨਾ ਖਤਮ ਕਰਨ ਦਾ ਐਲਾਨ: ਇਸ ਉਪਰੰਤ 30 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਮੁਲਤਵੀ ਕਰਕੇ ਪੱਕਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ।ਇਸ ਮੌਕੇ ਮ੍ਰਿਤਕ ਦੇ ਮਾਪਿਆਂ ਨੇ ਇਨਸਾਫ਼ ਕਮੇਟੀ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਗੋਰਾ ਸਿੰਘ ਢਿੱਲਵਾਂ ਹਲਕਾ ਇੰਚਾਰਜ ਭਦੌੜ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਬਲਾਕ ਸਹਿਣਾ ਜਰਨਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਰਾਜੇਵਾਲ ਦੇ ਬਲਾਕ ਪ੍ਰਧਾਨ ਰਾਮ ਸਿੰਘ ਢਿੱਲਵਾਂ, ਬਲਾਕ ਖ਼ਜਾਨਚੀ ਗੁਰਮੀਤ ਸਿੰਘ ਢਿੱਲਵਾਂ, ਦਵਿੰਦਰ ਸਿੰਘ ਢਿੱਲਵਾਂ, ਅਲਬੇਲ ਸਿੰਘ ਢਿੱਲਵਾਂ, ਅਜੈਬ ਸਿੰਘ ਕਿਸਾਨ ਆਗੂ, ਜਸਵੀਰ ਸਿੰਘ ਜੱਸੀ, ਪ੍ਰਤਾਪ ਸਿੰਘ ਅਤੇ ਜੁਗਰਾਜ ਸਿੰਘ ਆਦਿ ਹਾਜ਼ਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.